ਕੋਹਲੀ ਤੇ ਖ਼ਵਾਜਾ ਨੇ ਸੈਂਕੜੇ ਜੜੇ; ਪੰਜ ਮੈਚਾਂ ਦੀ ਲੜੀ ’ਚ ਰੋਮਾਂਚ ਬਰਕਰਾਰ
ਵਿਰਾਟ ਕੋਹਲੀ ਨੇ ਅੱਜ ਇੱਥੇ ਇਕ ਵਾਰ ਫੇਰ ਜ਼ਬਰਦਸਤ ਬੱਲੇਬਾਜ਼ੀ ਨਾਲ ਸਮਾਂ ਬੰਨ੍ਹਦਿਆਂ ਇਕ ਰੋਜ਼ਾ ਕ੍ਰਿਕਟ ਵਿਚ 41ਵਾਂ ਸੈਂਕੜਾ ਜੜਿਆ, ਪਰ ਪਹਿਲਾਂ ਸਪਿੰਨਰਾਂ ਦੇ ਨਾਕਾਮ ਰਹਿਣ ਕਾਰਨ ਤੇ ਬਾਅਦ ਵਿਚ ਬਾਕੀ ਬੱਲੇਬਾਜ਼ਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਭਾਰਤ ਇੱਥੇ ਆਸਟੇਲੀਆ ਖ਼ਿਲਾਫ਼ ਲੜੀ ਦਾ ਤੀਜਾ ਮੈਚ 32 ਦੌੜਾਂ ਨਾਲ ਹਾਰ ਗਿਆ। ਕੋਹਲੀ ਨੇ ਲਗਾਤਾਰ ਦੂਜੇ ਮੈਚ ਵਿਚ ਸੈਂਕੜਾ ਜੜਿਆ ਹੈ। ਉਨ੍ਹਾਂ 95 ਗੇਂਦਾਂ ਵਿਚ 123 ਦੌੜਾਂ ਦੀ ਦਿਲਚਸਪ ਪਾਰੀ ਖੇਡੀ। ਇਸ ਵਿਚ 16 ਚੌਕੇ ਤੇ ਇਕ ਛੱਕਾ ਸ਼ਾਮਲ ਹੈ। ਇਸ ਸੈਂਕੜੇ ਦੇ ਨਾਲ ਹੀ ਕੋਹਲੀ ਇਕ ਰੋਜ਼ਾ ਕ੍ਰਿਕਟ ਵਿਚ 4,000 ਦੌੜਾਂ ਪੂਰੀਆਂ ਕਰਨ ਵਾਲੇ ਚੌਥੇ ਭਾਰਤੀ ਕਪਤਾਨ ਬਣ ਗਏ ਹਨ। ਹਾਲਾਂਕਿ ਕੋਹਲੀ ਨੇ ਕਿਸੇ ਹੋਰ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ। 314 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 48.2 ਓਵਰਾਂ ਵਿਚ 281 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਪੰਜ ਵਿਕਟਾਂ ਉੱਤੇ 313 ਦੌੜਾਂ ਬਣਾਈਆਂ ਸਨ। ਭਾਰਤ ਪੰਜ ਮੈਚਾਂ ਦੀ ਇਸ ਲੜੀ ਵਿਚ ਪਹਿਲੇ ਦੋ ਮੈਚ ਜਿੱਤ ਚੁੱਕਾ ਹੈ ਤੇ ਇਸ ਮੈਚ ਵਿਚ ਜਿੱਤ ਦਰਜ ਕਰ ਕੇ ਲੜੀ ਵਿਚ ਅਜਿੱਤ ਲੀਡ ਕਾਇਮ ਕਰਨ ਦੇ ਇਰਾਦੇ ਨਾਲ ਉਤਰਿਆ ਸੀ। ਆਸਟਰੇਲੀਆ ਵੱਲੋਂ ਐਡਮ ਜੰਪਾ, ਪੈਟ ਕਮਿਨਸ ਤੇ ਰਿਚਰਡਸਨ ਨੇ 3-3 ਵਿਕਟਾਂ ਲਈਆਂ। ਕਪਤਾਨ ਆਰੋਨ ਫਿੰਚ ਤੇ ਉਸਮਾਨ ਖ਼ਵਾਜਾ ਵਿਚਾਲੇ ਪਹਿਲੇ ਵਿਕਟ ਲਈ 193 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਆਸਟਰੇਲੀਆ ਨੇ 313 ਦੌੜਾਂ ਬਣਾਈਆਂ। ਖ਼ਵਾਜਾ (104) ਨੇ ਇਕ ਰੋਜ਼ਾ ’ਚ ਆਪਣਾ ਪਹਿਲਾ ਸੈਂਕੜਾ ਜੜਿਆ ਜਦਕਿ ਫਿੰਚ ਨੇ 93 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਪ੍ਰਭਾਨਹੀਣ ਜਾਪੇ।