ਆਸਟਰੇਲੀਆ ਨੇ ਤੀਜੇ ਅਤੇ ਆਖ਼ਰੀ ਟੈਸਟ ਵਿੱਚ ਨਿਊਜ਼ੀਲੈਂਡ ਨੂੰ 279 ਦੌੜਾਂ ਨਾਲ ਹਰਾਇਆ ਅਤੇ ਤਿੰਨ ਮੈਚਾਂ ਦੀ ਲੜੀ ਵਿੱਚ ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਖ਼ਿਲਾਫ਼ 3-0 ਨਾਲ ਹੂੰਝਾ ਫੇਰ ਦਿੱਤਾ। ਆਫ਼ ਸਪਿੰਨਰ ਨਾਥਨ ਲਿਓਨ ਨੇ ਦੂਜੀ ਪਾਰੀ ਵਿੱਚ (50 ਦੌੜਾਂ ਦੇ ਕੇ) ਪੰਜ ਅਤੇ ਮੈਚ ਦੌਰਾਨ ਕੁੱਲ ਦਸ ਵਿਕਟਾਂ ਲਈਆਂ। ਆਸਟਰੇਲੀਆ ਇਸ ਸੈਸ਼ਨ ਵਿੱਚ ਜੇਤੂ ਰਿਹਾ ਹੈ। ਇੰਗਲੈਂਡ ਵਿੱਚ ਐਸ਼ੇਜ਼ ਲੜੀ 2-2 ਨਾਲ ਬਰਾਬਰ ਰਹਿਣ ਮਗਰੋਂ ਉਸ ਨੇ ਪੰਜ ਘਰੇਲੂ ਟੈਸਟ ਮੈਚ (ਪਾਕਿਸਤਾਨ ਖ਼ਿਲਾਫ਼ ਦੋ ਅਤੇ ਨਿਊਜ਼ੀਲੈਂਡ ਵਿਰੁੱਧ ਤਿੰਨ) ਜਿੱਤੇ ਹਨ।
ਆਸਟਰੇਲੀਆ ਨੇ ਸਿਡਨੀ ਕ੍ਰਿਕਟ ਗਰਾਊਂਡ ’ਤੇ ਅੱਜ ਪਹਿਲਾਂ ਬੱਲੇ ਅਤੇ ਫਿਰ ਗੇਂਦ ਨਾਲ ਦਬਦਬਾ ਬਣਾਉਂਦਿਆਂ ਆਸਾਨ ਜਿੱਤ ਦਰਜ ਕੀਤੀ। ਡੇਵਿਡ ਵਾਰਨਰ ਨੇ ਨਾਬਾਦ 111 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਜੋਏ ਬਰਨਸ (40 ਦੌੜਾਂ) ਅਤੇ ਮਾਰਨਸ ਲਾਬੂਸ਼ਾਨੇ (59 ਦੌੜਾਂ) ਨਾਲ ਸੈਂਕੜੇ ਵਾਲੀ ਭਾਈਵਾਲੀ ਕੀਤੀ, ਜਿਸ ਦੀ ਬਦੌਲਤ ਆਸਟਰੇਲੀਆ ਨੇ ਦੂਜੀ ਪਾਰੀ ਵਿੱਚ ਦੋ ਵਿਕਟਾਂ ਗੁਆ ਕੇ 217 ਦੌੜਾਂ ’ਤੇ ਪਾਰੀ ਐਲਾਨਦਿਆਂ ਨਿਊਜ਼ੀਲੈਂਡ ਨੂੰ 416 ਦੌੜਾਂ ਦਾ ਟੀਚਾ ਦਿੱਤਾ।
ਸਪਿੰਨਰ ਲਿਓਨ ਨੇ ਇਸ ਮਗਰੋਂ ਲਗਾਤਾਰ ਦੂਜੇ ਦਿਨ ਪਾਰੀ ਵਿੱਚ ਪੰਜ ਵਿਕਟਾਂ ਲਈਆਂ, ਜਿਸ ਨਾਲ ਨਿਊਜ਼ੀਲੈਂਡ ਦੀ ਟੀਮ 47.5 ਓਵਰਾਂ ਵਿੱਚ 136 ਦੌੜਾਂ ’ਤੇ ਢੇਰ ਹੋ ਗਈ, ਜੋ ਉਸ ਦਾ ਲੜੀ ਦਾ ਘੱਟ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਵਾਰਨਰ ਨੇ ਲੰਚ ਮਗਰੋਂ ਐੱਸਸੀਜੀ ’ਤੇ ਪੰਜਵਾਂ ਅਤੇ ਕਰੀਅਰ ਦਾ 24ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਲਾਬੂਸ਼ਾਨੇ ਨੇ ਘਰੇਲੂ ਸੈਸ਼ਨ ਵਿੱਚ ਪੰਜ ਟੈਸਟ ਵਿੱਚ 895 ਦੌੜਾਂ ਬਣਾਈਆਂ, ਜੋ ਆਸਟਰੇਲਿਆਈ ਰਿਕਾਰਡ ਹੈ। ਉੁਸ ਨੇ 64 ਗੇਂਦਾਂ ਵਿੱਚ ਨੀਮ ਸੈਂਕੜਾ ਬਣਾਇਆ। ਉਸ ਦੇ ਆਊਟ ਹੋਣ ਮਗਰੋਂ ਕਪਤਾਨ ਟਿਮ ਪੇਨ ਨੇ ਪਾਰੀ ਖ਼ਤਮ ਕਰਨ ਦਾ ਐਲਾਨ ਕੀਤਾ। ਅੰਪਾਇਰ ਅਲੀਮ ਡਾਰ ਨੇ ਵਾਰਨਰ ਅਤੇ ਲਾਬੂਸ਼ਾਨੇ ਦੇ ਪਿੱਚ ’ਤੇ ਦੌੜ ਕਾਰਨ ਆਸਟਰੇਲੀਆ ’ਤੇ ਪੰਜ ਦੌੜਾਂ ਦੀ ਪੈਨਲਟੀ ਲਾਈ, ਜਿਸ ਨਾਲ ਨਿਊਜ਼ੀਲੈਂਡ ਨੂੰ ਮਿਲੇ ਟੀਚੇ ’ਚੋਂ ਪੰਜ ਦੌੜਾਂ ਘਟ ਗਈਆਂ।ਟੀਚਾ ਦਾ ਪਿੱਛਾ ਕਰਨ ਉਤਰੇ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਮਿਸ਼ੇਲ ਸਟਾਰਕ (25 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਸਲਾਮੀ ਬੱਲੇਬਾਜ਼ ਟੌਮ ਬਲੰਡੇਲ (ਦੋ) ਅਤੇ ਕਪਤਾਨ ਟੌਮ ਲਾਥਮ (ਇੱਕ) ਨੂੰ ਐੱਲਬੀਲਬਲਯੂ ਕਰਕੇ ਮਹਿਮਾਨ ਟੀਮ ਦਾ ਸਕੋਰ ਚਾਰ ਦੌੜਾਂ ’ਤੇ ਦੋ ਵਿਕਟਾਂ ਕੀਤਾ। ਫਿਰ ਲਿਓਨ ਨੇ ਲਗਾਤਾਰ ਓਵਰਾਂ ਵਿੱਚ ਬਿਨਾਂ ਦੌੜ ਦਿੱਤੇ ਜੀਤ ਰਾਵਲ (12 ਦੌੜਾਂ) ਅਤੇ ਵੇਨ ਫਿਲਿਪਸ (ਸਿਫ਼ਰ) ਦੀਆਂ ਵਿਕਟਾਂ ਝਟਕਾਈਆਂ। ਪੈਟ ਕਮਿਨਸ ਨੇ ਰੋਸ ਟੇਲਰ (22 ਦੌੜਾਂ) ਦੀ ਸ਼ਾਨਦਾਰ ਵਿਕਟ ਲਈ। 99ਵਾਂ ਟੈਸਟ ਖੇਡ ਰਿਹਾ ਟੇਲਰ (7174 ਦੌੜਾਂ) ਆਊਟ ਹੋਣ ਤੋਂ ਪਹਿਲਾਂ ਨਿਊਜ਼ੀਲੈਂਡ ਦਾ ਸਭ ਤੋਂ ਸਫਲ ਟੈਸਟ ਬੱਲੇਬਾਜ਼ ਬਣਿਆ, ਜਦੋਂ ਉਸ ਨੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਦੇ 7172 ਦੌੜਾਂ ਦੇ ਅੰਕੜੇ ਨੂੰ ਪਛਾੜਿਆ। ਕੋਲਿਨ ਡੀ ਗਰੈਂਡਹੋਮ (52 ਦੌੜਾਂ) ਅਤੇ ਬੀਜੇ ਵਟਲਿੰਗ (19 ਦੌੜਾਂ) ਨੇ ਛੇਵੀਂ ਵਿਕਟ ਲਈ 69 ਦੌੜਾਂ ਬਣਾ ਕੇ ਆਸਟਰੇਲੀਆ ਨੂੰ ਜਿੱਤ ਦੀ ਉਡੀਕ ਕਰਵਾਈ। ਹਰਫ਼ਨਮੌਲਾ ਗਰੈਂਡਹੋਮ ਨੇ ਲਿਓਨ ਦੀ ਗੇਂਦ ’ਤੇ ਛੱਕਾ ਜੜ ਕੇ ਆਪਣਾ ਅੱਠਵਾਂ ਟੈਸਟ ਅਰਧ-ਸੈਂਕੜਾ ਪੂਰਾ ਕੀਤਾ, ਪਰ ਅਗਲੀ ਗੇਂਦ ’ਤੇ ਆਊਟ ਹੋ ਗਿਆ। ਲਿਓਨ ਨੇ ਇਸ ਮਗਰੋਂ ਟੋਡ ਐਸਲੇ (17 ਦੌੜਾਂ) ਦੀ ਵਿਕਟ ਲਈ, ਜਦੋਂਕਿ ਸਟਾਰਕ ਨੇ ਗ੍ਰੈੱਗ ਸਮਰਵਿਲੇ (ਸੱਤ ਦੌੜਾਂ) ਨੂੰ ਬੋਲਡ ਕੀਤਾ। ਲਿਓਨ ਨੇ ਵਟਲਿੰਗ ਨੂੰ ਆਊਟ ਕਰਕੇ ਪਾਰੀ ਦੀ ਪੰਜਵੀਂ ਅਤੇ ਮੈਚ ਦੀ 10ਵੀਂ ਵਿਕਟ ਲੈ ਕੇ ਆਸਟਰੇਲੀਆ ਨੂੰ ਜਿੱਤ ਦਿਵਾਈ। ਹੈਨਰੀ ਨੇ ਅੰਗੂਠੇ ਦੀ ਸੱਟ ਕਾਰਨ ਬੱਲੇਬਾਜ਼ੀ ਨਹੀਂ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਦਿਨ ਦੀ ਸ਼ੁਰੂਆਤ ਦੂਜੀ ਪਾਰੀ ਵਿੱਚ ਬਿਨਾਂ ਵਿਕਟ ਗੁਆਏ 40 ਦੌੜਾਂ ਨਾਲ ਕੀਤੀ। ਵਾਰਨਰ ਅਤੇ ਬਰਨਸ ਨੇ ਟੀਮ ਦਾ ਸਕੋਰ 107 ਦੌੜਾਂ ਤੱਕ ਪਹੁੰਚਾਇਆ। ਲੈੱਗ ਸਪਿੰਨਰ ਐਸਲੇ ਨੇ ਬਰਨਸ ਨੂੰ ਐੱਲਬੀਡਬਲਯੂ ਕਰਕੇ ਇਸ ਭਾਈਵਾਲੀ ਨੂੰ ਤੋੜਿਆ। ਵਾਰਨਰ ਨੇ ਫਿਰ 82 ਗੇਂਦਾਂ ਵਿਚ ਅਰਧ-ਸੈਂਕੜਾ ਪੂਰਾ ਕੀਤਾ।
Sports ਆਸਟਰੇਲੀਆ ਨੇ ਟੈਸਟ ਲੜੀ ਹੂੰਝੀ