ਮੇਜ਼ਬਾਨ ਇੰਗਲੈਂਡ ਪਿਛਲੇ ਮੈਚ ਵਿੱਚ ਸ੍ਰੀਲੰਕਾ ਤੋਂ ਹਾਰਨ ਮਗਰੋਂ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਰਵਾਇਤੀ ਵਿਰੋਧੀ ਆਸਟਰੇਲੀਆ ਖ਼ਿਲਾਫ਼ ਮੰਗਲਵਾਰ ਨੂੰ ਵਿਸ਼ਵ ਕੱਪ ਦੇ ਗਰੁੱਪ ਮੈਚ ਵਿੱਚ ਉਤਰੇਗਾ। ਇਹ ਮੈਚ ਰੌਮਾਂਚਕ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਦੋਵੇਂ ਟੀਮਾਂ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰਾਂ ਦੀ ਦੌੜ ਵਿੱਚ ਹਨ। ਕ੍ਰਿਕਟ ਦੇ ਮੱਕਾ ਮੰਨੇ ਜਾਂਦੇ ਲਾਰਡਜ਼ ਵਿੱਚ ਹੋਣ ਵਾਲਾ ਇਹ ਮੈਚ ਪਹਿਲਾਂ ਹੀ ਖ਼ਾਸ ਸੀ, ਪਰ ਪਿਛਲੇ ਮੈਚ ਵਿੱਚ ਇੰਗਲੈਂਡ ਦੀ 20 ਦੌੜਾਂ ਨਾਲ ਹਾਰ ਮਗਰੋਂ ਇਹ ਹੋਰ ਵੀ ਦਿਲਚਸਪ ਬਣ ਗਿਆ ਹੈ। ਹੈਡਿੰਗਲੇ ਵਿੱਚ ਜਿੱਤ ਲਈ 233 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 212 ਦੌੜਾਂ ’ਤੇ ਆਊਟ ਹੋ ਗਈ ਸੀ। ਲੀਗ ਗੇੜ ਵਿੱਚ ਉਸ ਨੂੰ ਪਾਕਿਸਤਾਨ ਨੇ ਵੀ ਹਰਾਇਆ ਸੀ, ਪਰ ਮੇਜ਼ਬਾਨ ਟੀਮ ਚੋਟੀ ਦੇ ਚਾਰ ਵਿੱਚ ਕਾਇਮ ਹੈ ਅਤੇ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਦੀ ਮਜ਼ਬੂਤ ਦਾਅਵੇਦਾਰ ਹੈ। ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦੀ ਕੋਸ਼ਿਸ਼ ਕਰ ਰਹੀ ਇੰਗਲੈਂਡ ਟੀਮ ਹਾਲਾਂਕਿ ਹੁਣ ਕੋਈ ਗ਼ਲਤੀ ਨਹੀਂ ਵਰਤ ਸਕਦੀ। ਉਸ ਨੂੰ ਅਗਲੇ ਮੈਚਾਂ ਵਿੱਚ ਆਸਟਰੇਲੀਆ, ਭਾਰਤ ਅਤੇ ਨਿਊਜ਼ੀਲੈਂਡ ਨਾਲ ਖੇਡਣਾ ਹੈ, ਜਿਨ੍ਹਾਂ ਨੂੰ ਉਹ 1992 ਮਗਰੋਂ ਵਿਸ਼ਵ ਕੱਪ ਵਿੱਚ ਹਰਾ ਨਹੀਂ ਸਕਿਆ। ਪਿਛਲੇ ਵਿਸ਼ਵ ਕੱਪ ਤੋਂ ਪਹਿਲੇ ਗੇੜ ਵਿੱਚ ਬਾਹਰ ਹੋਣ ਮਗਰੋਂ ਇੰਗਲੈਂਡ ਵਿਸ਼ਵ ਰੈਂਕਿੰਗਜ਼ ਵਿੱਚ ਆਪਣੀ ਹਮਲਾਵਰ ਬੱਲੇਬਾਜ਼ੀ ਦੇ ਦਮ ’ਤੇ ਨੰਬਰ ਵਨ ਤੱਕ ਪਹੁੰਚੀ ਹੈ। ਉਸ ਨੇ ਇਨ੍ਹਾਂ ਚਾਰ ਸਾਲਾਂ ਵਿੱਚ ਦੋ ਵਾਰ ਇੱਕ ਰੋਜ਼ਾ ਕ੍ਰਿਕਟ ਦਾ ਸਰਵੋਤਮ ਸਕੋਰ ਬਣਾਇਆ। ਸਿਰਫ਼ ਸਾਲ ਪਹਿਲਾਂ ਆਸਟਰੇਲੀਆ ਖ਼ਿਲਾਫ਼ ਛੇ ਵਿਕਟਾਂ ’ਤੇ 481 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਖ਼ਿਲਾਫ਼ ਹਾਲਾਂਕਿ ਬੱਲੇਬਾਜ਼ੀ ਦੀ ਮਦਦਗਾਰ ਪਿੱਚ ’ਤੇ ਇੰਗਲੈਂਡ ਦੇ ਬੱਲੇਬਾਜ਼ ਫਾਡੀ ਸਾਬਤ ਹੋਏ। ਕ੍ਰਿਕਟਵਿਜ਼ ਦੀ ਰਿਪੋਰਟ ਅਨੁਸਾਰ ਇੰਗਲੈਂਡ ਨੇ ਚੈਂਪੀਅਨਜ਼ ਟਰਾਫ਼ੀ 2017 ਸੈਮੀ ਫਾਈਨਲ ਵਿੱਚ ਪਾਕਸਿਤਾਨ ਤੋਂ ਹਾਰਨ ਮਗਰੋਂ ਜਿਨ੍ਹਾਂ ਸਭ ਤੋਂ ਔਖੀਆਂ ਇੱਕ ਰੋਜ਼ਾ ਪਿੱਚਾਂ ’ਤੇ ਖੇਡਿਆ ਹੈ, ਉਨ੍ਹਾਂ ’ਤੇ ਪੰਜ ਮੈਚ ਗੁਆਏ ਹਨ। ਦੂਜੇ ਪਾਸੇ ਬੱਲੇਬਾਜ਼ਾਂ ਦੀਆਂ ਮਦਦਗਾਰ ਪਿੱਚਾਂ ’ਤੇ 11 ਵਿੱਚੋਂ ਨੌਂ ਮੈਚ ਜਿੱਤੇ ਹਨ। ਪਿਛਲੇ ਦੋ ਮੈਚਾਂ ਵਿੱਚ ਫਿੱਟਨੈੱਸ ਸਮੱਸਿਆ ਕਾਰਨ ਬਾਹਰ ਹੋਏ ਜੇਸਨ ਰਾਏ ਦੀ ਘਾਟ ਇੰਗਲੈਂਡ ਨੂੰ ਕਾਫ਼ੀ ਰੜਕ ਰਹੀ ਹੈ। ਦੂਜੇ ਪਾਸੇ ਆਸਟਰੇਲਿਆਈ ਕਪਤਾਨ ਆਰੋਨ ਫਿੰਚ ਅਤੇ ਡੇਵਿਡ ਵਾਰਨਰ ਸ਼ਾਨਦਾਰ ਲੈਅ ਵਿੱਚ ਹਨ। ਅੰਕ ਸੂਚੀ ਵਿੱਚ ਆਸਟਰੇਲੀਆ ਦੂਜੇ ਸਥਾਨ ’ਤੇ ਹੈ। ਮਿਸ਼ੇਲ ਸਟਾਰਕ ਨੇ ਵਿਸ਼ਵ ਕੱਪ ਵਿੱਚ ਜੌਫਰਾ ਆਰਚਰ (ਇੰਗਲੈਂਡ) ਅਤੇ ਮੁਹੰਮਦ ਆਮਿਰ (ਪਾਕਿਸਤਾਨ) ਦੇ ਬਰਾਬਰ 15 ਵਿਕਟਾਂ ਲੈ ਲਈਆਂ ਹਨ। ਆਸਟਰੇਲੀਆ ਦੇ ਵਿਸ਼ਵ ਕੱਪ ਜੇਤੂ ਕਪਤਾਨ ਐਲਨ ਬਾਰਡਰ ਅਨੁਸਾਰ ਇਸ ਮੈਚ ਦਾ ਫ਼ੈਸਲਾ ਗੇਂਦਬਾਜ਼ ਕਰਨਗੇ।
Sports ਆਸਟਰੇਲੀਆ ਤੇ ਇੰਗਲੈਂਡ ’ਚ ਚੁਣੌਤੀਪੂਰਨ ਟੱਕਰ ਅੱਜ