ਸਿਡਨੀ : ਆਸਟਰੇਲੀਆ ਵਿੱਚ ਕਰੋਨਵਾਇਰਸ ਦੇ 200 ਮਰੀਜ਼ ਸਾਹਮਣੇ ਆਏ ਹਨ ਜਦਕਿ ਇਸ ਵਾਇਰਸ ਕਾਰਨ ਤਿੰਨ ਮੌਤਾਂ ਹੋ ਚੁੱਕੀਆਂ ਹਨ। ਦੇਸ਼ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪੀਟਰ ਡੱਟਨ ਨੂੰ ਸ਼ੁੱਕਰਵਾਰ ਦੁਪਹਿਰ ਕਰੋਨਾਵਾਇਰਸ ਪੀੜਤ ਪਾਏ ਜਾਣ ਮਗਰੋਂ ਕੁਈਨਜ਼ਲੈਂਡ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 500 ਤੋਂ ਵੱਧ ਸਮੂਹਾਂ ਵਿਚ ਇਕੱਠੇ ਨਾ ਹੋਣ। ਆਸਟਰੇਲੀਆ ਨੇ ਵੀ ਘੁੰਮਣ-ਫਿਰਨ ਲਈ ਆਉਣ ਵਾਲੇ ਕੌਮਾਂਤਰੀ ਸੈਲਾਨੀਆਂ ਦੇ ਦਾਖ਼ਲੇ ਪਾਬੰਦੀ ਲਗਾ ਦਿੱਤੀ ਹੈ ਅਤੇ ਨਾਲ ਹੀ ਇਰਾਨ, ਚੀਨ, ਦੱਖਣੀ ਕੋਰੀਆ ਅਤੇ ਇਟਲੀ ਤੇ ਮੌਜੂਦਾ ਯਾਤਰਾ ਪਾਬੰਦੀਆਂ ਨੂੰ ਇਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਕਰੋਨਾਵਾਇਰਸ ਕਾਰਨ ਆਰਥਿਕਤਾ ਨੂੰ ਨੁਕਸਾਨ ਰੋਕਣ ਲਈ ਆਸਟਰੇਲੀਆ ਫੈਡਰਲ ਸਰਕਾਰ ਨੇ 17.6 ਬਿਲੀਅਨ ਡਾਲਰ ਰਾਸ਼ੀ ਦਾ ਪੈਕੇਜ ਜਾਰੀ ਕੀਤਾ ਹੈ ਅਤੇ ਨਾਗਰਿਕਾਂ ਲਈ ਲਾਭ ਐਲਾਨੇ ਗਏ ਹਨ।
ਮੈਨੀਟੋਬਾ ਵਿਚ ਕਰੋਨਾਵਾਇਰਸ ਦੇ ਚਾਰ ਮਰੀਜ਼ਾਂ ਦੀ ਪੁਸ਼ਟੀ
ਵਿਨੀਪੈੱਗ : ਮੈਨੀਟੋਬਾ ਵਿਚ ਕਰੋਨਾਵਾਇਰਸ ਦੇ ਚਾਰ ਕੇਸ ਸਾਹਮਣੇ ਆਏ ਹਨ। ਪੀੜਤ ਹਾਲ ਹੀ ਵਿਚ ਵਿਦੇਸ਼ਾਂ ਦੀ ਯਾਤਰਾ ਦੌਰਾਨ ਵਾਇਰਸ ਦੀ ਲਪੇਟ ਵਿਚ ਆਏ ਹਨ। ਮੈਨੀਟੋਬਾ ਸਰਕਾਰ ਨੇ ਕਰੋਨਾਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਵਿਦਿਅਕ ਅਦਾਰੇ ਤਿੰਨ ਹਫ਼ਤਿਆਂ ਲਈ ਬੰਦ ਕਰ ਦਿੱਤੇ ਹਨ। ਸਕੂਲ 23 ਮਾਰਚ ਤੋਂ 10 ਅਪਰੈਲ ਤੱਕ ਬੰਦ ਰਹਿਣਗੇ। ਸਰਕਾਰ ਵੱਲੋਂ ਸ਼ਹਿਰਾਂ ਵਿਚ 250 ਤੋਂ ਵੱਧ ਲੋਕਾਂ ਦੇ ਇਕੱਠ ਵਾਲੇ ਸਾਰੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਲੋਕਾਂ ਨੇ ਰਾਸ਼ਨ ਤੇ ਹੋਰ ਸਮਾਨ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਸਟੋਰਾਂ ਵਿਚ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਹਿਮ ਐਲਾਨ ਕੀਤਾ ਹੈ ਕਿ ਜੇਕਰ ਲੋੜ ਪਈ ਤਾਂ ਕੈਨੇਡਾ ਵਾਸੀਆਂ ਦੇ ਘਰਾਂ ਦੇ ਕਿਰਾਏ, ਖਾਣ-ਪੀਣ, ਬੱਚਿਆਂ ਦੇ ਖਰਚੇ ਸਰਕਾਰ ਵੱਲੋਂ ਕੀਤੇ ਜਾਣਗੇ।