ਪਹਿਲੇ ਇਕ ਰੋਜ਼ਾ ਮੈਚ ਵਿਚ ਮਿਲੀ ਜਿੱਤ ਤੋਂ ਬਾਅਦ ਆਤਮ ਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਭਲਕੇ ਇੱਥੇ ਆਸਟਰੇਲੀਆ ਖ਼ਿਲਾਫ਼ ਦੂਜੇ ਇਕ ਰੋਜ਼ਾ ਮੈਚ ਵਿਚ ਵੀ ਜਿੱਤ ਦਰਜ ਕਰ ਕੇ ਚੜ੍ਹਤ ਨੂੰ ਮਜ਼ਬੂਤ ਕਰਨਾ ਚਾਹੇਗੀ। ਇਸ ਮੁਕਾਬਲੇ ਵਿਚ ਵਿਸ਼ਵ ਕੱਪ ਦੇ ਦਾਅਵੇਦਾਰ ਖਿਡਾਰੀਆਂ ਕੋਲ ਇਕ ਵਾਰ ਫਿਰ ਆਪਣੀ ਛਾਪ ਛੱਡਣ ਦਾ ਮੌਕਾ ਹੋਵੇਗਾ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਸ਼ਨਿਚਰਵਾਰ ਨੂੰ ਪ੍ਰਭਾਵੀ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ ਨੂੰ ਛੇ ਵਿਕਟ ਨਾਲ ਹਰਾਇਆ ਸੀ। ਇਹ ਜਿੱਤ ਭਾਰਤ ਲਈ ਹੌਸਲਾ ਵਧਾਉਣ ਵਾਲੀ ਸੀ ਕਿਉਂਕਿ ਇਸ ਤੋਂ ਪਹਿਲਾਂ ਦੋ ਮੈਚਾਂ ਦੀ ਟੀ20 ਲੜੀ ਵਿਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ ਹੁਣ ਸਿਰਫ਼ ਚਾਰ ਇਕ ਰੋਜ਼ਾ ਮੈਚ ਖੇਡਣੇ ਹਨ ਤੇ ਅਜਿਹੇ ਵਿਚ ਮੇਜ਼ਬਾਨ ਟੀਮ ਇਸ ਵੱਕਾਰੀ ਟੂਰਨਾਮੈਂਟ ਲਈ ਉਪਲਬਧ ‘ਦੋ ਮੌਜੂਦ ਥਾਵਾਂ’ ’ਤੇ ਖਿਡਾਰੀਆਂ ਨੂੰ ਚੁਣਨ ਦੀ ਕੋਸ਼ਿਸ਼ ਕਰੇਗੀ। ਜਦਕਿ ਬਾਕੀ ਖਿਡਾਰੀਆਂ ਦਾ ਚੁਣਿਆ ਜਾਣਾ ਲਗਭਗ ਤੈਅ ਹੈ। ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਹੈਦਰਾਬਾਦ ਵਿਚ ਅਸਫ਼ਲ ਰਹੇ ਸਨ, ਪਰ ਉਨ੍ਹਾਂ ਨੂੰ ਇਕ ਹੋਰ ਮੌਕਾ ਦਿੱਤੇ ਜਾਣ ਦੀ ਉਮੀਦ ਹੈ। ਅਜਿਹੇ ਵਿਚ ਲੋਕੇਸ਼ ਰਾਹੁਲ ਦੇ ਖੇਡਣ ਦੀ ਸੰਭਾਵਨਾ ਘੱਟ ਹੈ, ਪਰ ਜੇ ਲੋਕੇਸ਼ ਨੂੰ ਮੌਕਾ ਮਿਲਦਾ ਹੈ ਤਾਂ ਉਹ ਇਸ ਦਾ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ। ਉਪ ਕਪਤਾਨ ਰੋਹਿਤ ਸ਼ਰਮਾ ਵੀ ਚੰਗੀ ਲੈਅ ਵਿਚ ਹਨ ਤੇ ਕਪਤਾਨ ਕੋਹਲੀ ਨਾਲ ਉਨ੍ਹਾਂ ਦਾ ਤਾਲਮੇਲ ਬਿਹਤਰੀਨ ਹੈ। ਕੋਹਲੀ ਨੇ ਪਹਿਲੇ ਇਕ ਰੋਜ਼ਾ ਵਿਚ 44 ਦੌੜਾਂ ਬਣਾਈਆਂ ਸਨ। ਰੋਹਿਤ ਤੇ ਕੋਹਲੀ ਜੇ ਵੀਸੀਏ ਸਟੇਡੀਅਮ ਵਿਚ ਚੱਲ ਜਾਂਦੇ ਹਨ ਤਾਂ ਫਿਰ ਮਹਿਮਾਨ ਟੀਮ ਲਈ ਪ੍ਰੇਸ਼ਾਨੀ ਵਧ ਸਕਦੀ ਹੈ। ਅੰਬਾਤੀ ਰਾਇਡੂ ਪਹਿਲੇ ਮੈਚ ਵਿਚ ਨਾਕਾਮ ਰਹੇ, ਪਰ ਟੀਮ ਪ੍ਰਬੰਧਨ ਦੇ ਸਮਰਥਨ ਦੇ ਮੱਦੇਨਜ਼ਰ ਆਖ਼ਰੀ ਗਿਆਰਾਂ ਵਿਚ ਉਨ੍ਹਾਂ ਦੀ ਥਾਂ ਨੂੰ ਕੋਈ ਖ਼ਤਰਾ ਨਜ਼ਰ ਨਹੀਂ ਆਉਂਦਾ। ਮਹਾਰਾਸ਼ਟਰ ਦੇ ਬੱਲੇਬਾਜ਼ ਕੇਦਾਰ ਜਾਧਵ ਨੇ ਪਹਿਲੇ ਇਕ ਰੋਜ਼ਾ ਮੈਚ ਵਿਚ ਨਾਬਾਦ 81 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ ਛੇਵੇਂ ਨੰਬਰ ’ਤੇ ਉਨ੍ਹਾਂ ਆਪਣੀ ਥਾਂ ਲਗਭਗ ਪੱਕੀ ਕਰ ਲਈ ਹੈ। ਉਹ ਆਫ਼ ਸਪਿੰਨ ਗੇਂਦਬਾਜ਼ ਵੱਜੋਂ ਟੀਮ ਲਈ ਫਾਇਦੇਮੰਦ ਹਨ। ਮਹਿੰਦਰ ਸਿੰਘ ਧੋਨੀ ਨੇ ਵੀ ਪਹਿਲੇ ਇਕ ਰੋਜ਼ਾ ਵਿਚ ਨਾਬਾਦ ਅਰਧ ਸੈਂਕੜਾ ਜੜਿਆ ਸੀ। ਧੋਨੀ ਨੇ ਨਾਬਾਦ 59 ਦੌੜਾਂ ਦੀ ਪਾਰੀ ਖੇਡੀ ਤੇ ਦਿਖਾ ਦਿੱਤਾ ਕਿ ਉਨ੍ਹਾਂ ਵਿਚ ਹਾਲੇ ਵੀ ਦਮ ਬਾਕੀ ਹੈ। ਧੋਨੀ ਤੇ ਜਾਧਵ ਨੇ ਸਿਖ਼ਰਲੇ ਕ੍ਰਮ ਦੇ ਅਸਫ਼ਲ ਰਹਿਣ ਤੋਂ ਬਾਅਦ ਮੱਧਕ੍ਰਮ ਵਿਚ ਅਹਿਮ ਭਾਈਵਾਲੀ ਕੀਤੀ। ਧੋਨੀ ਪਿਛਲੇ ਕੁਝ ਸਮੇਂ ਤੋਂ ਚੰਗੀ ਫਾਰਮ ਵਿਚ ਹਨ ਤੇ ਹਰੇਕ ਚੰਗੇ ਪ੍ਰਦਰਸ਼ਨ ਦੇ ਨਾਲ ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਦੇ ਹੌਸਲੇ ਵਿਚ ਇਜ਼ਾਫ਼ਾ ਹੀ ਹੋਵੇਗਾ।
Sports ਆਸਟਰੇਲੀਆ ਉੱਤੇ ਜਿੱਤ ਨਾਲ ਚੜ੍ਹਤ ਬਰਕਰਾਰ ਰੱਖਣ ਲਈ ਉਤਰੇਗਾ ਭਾਰਤ