ਆਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ ਆਵਾਰਾ ਪਸ਼ੂਆਂ ਕਾਰਨ ਮੌਤ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੌਕੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ, ਧਾਰਮਿਕ, ਵਪਾਰਕ ਅਤੇ ਸਮਾਜਿਕ ਪਾਰਟੀਆਂ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋਈਆਂ।
ਇਸ ਮੌਕੇ ਆਵਾਰਾ ਪਸ਼ੂ ਸੰਘਰਸ਼ ਕਮੇਟੀ ਮੈਂਬਰ ਮਨੀਸ਼ ਬੱਬੀ ਦਾਨੇਵਾਲੀਆ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਮਨਜੀਤ ਸਦਿਓੜਾ, ਪ੍ਰੇਮ ਅਗਰਵਾਲ ਅਤੇ ਡਾ. ਜਨਕ ਰਾਜ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਉਨ੍ਹਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਹੁਣ ਤੱਕ ਸੰਘਰਸ਼ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ ਇਹ ਮੁੱਦਾ ਪਾਰਲੀਮੈਂਟ ਵਿੱਚ ਵੀ ਉਠਾਉਣਗੇ ਅਤੇ ਇਹ ਮੁੱਦਾ ਹੁਣ ਪੰਜਾਬ ਵਿਚਲੇ ਦੂਸਰੇ ਗੰਭੀਰ ਮੁੱਦਿਆਂ ਨਸ਼ਾ ਅਤੇ ਕਿਸਾਨੀ ਆਤਮਹੱਤਿਆ ਤੋਂ ਵੀ ਗੰਭੀਰ ਹੋ ਚੁੱਕਾ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਕੇਂਦਰ ਅਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਮਨੁੱਖਾਂ ਲਈ ਜਾਨੀ ਦੁਸ਼ਮਣ ਬਣੇ ਅਮਰੀਕੀ ਢੱਠਿਆਂ ਦੇ ਹੱਲ ਲਈ ਸੋਚਣ ਦਾ ਸਹੀ ਸਮਾਂ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਆਵਾਰਾ ਪਸ਼ੂਆਂ ਦੀ ਦੇਸ਼ ਵਿਆਪੀ ਸਮੱਸਿਆ ਦੇ ਹੱਲ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਇਸ ਸਮੱਸਿਆ ਦਾ ਹੱਲ ਯਕੀਨੀ ਬਣਾਇਆ ਜਾਵੇਗਾ। ਸੁਨਾਮ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਿਰਫ ਦੇਸੀ ਗਊ ਹੀ ਪੂਜਨੀਕ ਹੈ ਜਦੋਂ ਕਿ ਅਮਰੀਕਨ ਨਸਲ ਦੇ ਪਸ਼ੂਆਂ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ ਹੈ।
ਸੀਪੀਆਈ ਦੇ ਹਰਦੇਵ ਅਰਸ਼ੀ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ। ਕਾਂਗਰਸੀ ਆਗੂ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਇਸ ਵਿਸ਼ੇ ’ਤੇ ਪੰਜਾਬ ਸਰਕਾਰ ਵੱਲੋਂ 5 ਮੰਤਰੀਆਂ ਦੀ ਸਬ-ਕਮੇਟੀ ਬਣਾ ਦਿੱਤੀ ਗਈ ਹੈ। ਪਿਛਲੇ ਦਿਨੀਂ ਆਵਾਰਾ ਪਸ਼ੂਆਂ ਕਾਰਨ ਸੜਕੀ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਸਵਰਗੀ ਨਵਨੀਤ ਸਿੰਘ ਭੁੱਲਰ, ਪਵਨ ਕੁਮਾਰ ਬੌਬੀ ਅਤੇ ਜਗਦੀਸ਼ ਐਮ.ਸੀ. ਚੀਮਾ ਦੇ ਪਰਿਵਾਰਕ ਮੈਂਬਰ ਮਾਰਚ ਵਿੱਚ ਸ਼ਾਮਲ ਹੋਏ। ਇਸ ਮੌਕੇ ਦਿਲਰਾਜ ਸਿੰਘ ਭੂੰਦੜ, ਜਗਦੀਪ ਸਿੰਘ ਨਕਈ, ਨੀਲ ਗਰਗ, ਦਇਆ ਸਿੰਘ ਸੋਢੀ, ਪ੍ਰੇਮ ਅਰੋੜਾ, ਬਲਜੀਤ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਿੰਗ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਤੇ ਹੋਰ ਹਾਜ਼ਰ ਸਨ।
INDIA ਆਵਾਰਾ ਪਸ਼ੂਆਂ ਦੇ ਹੱਲ ਲਈ ਇਕਜੁੱਟ ਹੋਈਆਂ ਸਿਆਸੀ ਧਿਰਾਂ