ਆਲੋਕ ਵਰਮਾ ਡਿਊਟੀ ’ਤੇ ਹਾਜ਼ਰ, ਬਦਲੀਆਂ ਦੇ ਹੁਕਮ ਰੱਦ ਕੀਤੇ

ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੇ ਤਤਕਾਲੀ ਡਾਇਰੈਕਟਰ ਐੱਮ ਨਾਗੇਸ਼ਵਰ ਰਾਓ ਵੱਲੋਂ ਜਾਰੀ ਕੀਤੇ ਗਏ ਜ਼ਿਆਦਾਤਰ ਬਦਲੀਆਂ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਆਲੋਕ ਵਰਮਾ ਵੱਲੋਂ ਸੀਬੀਆਈ ਦਫ਼ਤਰ ਵਿਚ ਆਪਣਾ ਅਹੁਦਾ ਸੰਭਾਲਣ ਤੋਂ ਕੁਝ ਸਮਾਂ ਬਾਅਦ ਹੀ ਏਜੰਸੀ ਦੇ ਦੋ ਅਧਿਕਾਰੀ ਸੀਬੀਆਈ ਹੈੱਡਕੁਆਰਟਰ ਪੁੱਜ ਗਏ। ਦਰਅਸਲ, ਇਨ੍ਹਾਂ ਦੋਵੇਂ ਪਹਿਲਾਂ ਰਾਕੇਸ਼ ਅਸਥਾਨਾ ਖਿਲਾਫ ਕੇਸ ਦੀ ਜਾਂਚ ਕਰ ਰਹੇ ਸਨ ਪਰ ਵਰਮਾ ਨੂੰ ਜਬਰੀ ਛੁੱਟੀ ਭੇਜਣ ਤੋਂ ਬਾਅਦ ਦੋਵਾਂ ਦੀ ਬਦਲੀ ਕਰ ਦਿੱਤੀ ਗਈ ਸੀ। ਡੀਐੱਸਪੀ ਏ ਕੇ ਬੱਸੀ ਅਤੇ ਅਸ਼ਵਨੀ ਗੁਪਤਾ ਆਲੋਕ ਵਰਮਾ ਦੇ ਦਫਤਰ ਪੁੱਜਣ ਤੋਂ ਕੁਝ ਦੇਰ ਬਾਅਦ ਹੀ ਪੁੱਜ ਗਏ।ਇਸ ਦੌਰਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਉਨ੍ਹਾਂ ਤੋਂ ਬਾਅਦ ਸਰਵਉੱਚ ਅਦਾਲਤ ਵਿਚ ਸਭ ਤੋਂ ਸੀਨੀਅਰ ਜੱਜ ਜਸਟਿਸ ਏ.ਕੇ. ਸੀਕਰੀ ਨੂੰ ਉਸ ਉੱਚ ਤਾਕਤੀ ਚੋਣ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਹੈ, ਜੋ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਦੀ ਕਿਸਮਤ ਦਾ ਫ਼ੈਸਲਾ ਕਰੇਗੀ। ਅਦਾਲਤ ਦੇ ਸੂਤਰਾਂ ਮੁਤਾਬਕ ਇਸ ਕਮੇਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਵੀ ਸ਼ਾਮਲ ਹੋਣਗੇ।
ਚੀਫ ਜਸਟਿਸ ਬੀਤੇ ਦਿਨ ਫ਼ੈਸਲਾ ਦੇਣ ਵਾਲੇ ਬੈਂਚ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਹੀ ਇਹ ਫ਼ੈਸਲਾ ਲਿਖਿਆ ਸੀ, ਜਿਸ ਕਾਰਨ ਉਨ੍ਹਾਂ ਪੈਨਲ ਦੀ ਹੋਣ ਵਾਲੀ ਮੀਟਿੰਗ ਵਿਚੋਂ ਖੁਦ ਨੂੰ ਬਾਹਰ ਰੱਖਿਆ ਹੈ, ਜਿਸ ਵੱਲੋਂ ਇੱਕ ਹਫਤੇ ਵਿਚ ਮੀਟਿੰਗ ਕੀਤੀ ਜਾਣੀ ਹੈ। ਵਰਮਾ ਦੀ ਸੀਬੀਆਈ ਦੇ ਡਾਇਰੈਕਟਰ ਵਜੋਂ ਅਹੁਦੇ ਦੀ ਮਿਆਦ 31 ਜਨਵਰੀ ਨੂੰ ਖਤਮ ਹੋ ਰਹੀ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਜਬਰੀ ਛੁੱਟੀ ’ਤੇ ਭੇਜੇ ਗਏ ਸੀਬੀਆਈ ਦੇ ਡਾਇਰੈਕਟਰ ਨੇ ਅੱਜ 77 ਦਿਨਾਂ ਬਾਅਦ ਅਹੁਦਾ ਸੰਭਾਲ ਲਿਆ ਹੈ। ਬੀਤੇ ਵਰ੍ਹੇ 23 ਅਕਤੂਬਰ 2018 ਨੂੰ ਕੇਂਦਰ ਸਰਕਾਰ ਨੇ ਆਪਣੇ ਇੱਕ ਫੈਸਲੇ ਰਾਹੀਂ ਉਨ੍ਹਾਂ ਨੂੰ ਜਬਰੀ ਛੁੱਟੀ ਉੱਤੇ ਭੇਜ ਦਿੱਤਾ ਸੀ। ਸ੍ਰੀ ਵਰਮਾ ਨੇ ਕੇਂਦਰ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਬੀਤੇ ਦਿਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਕੇਂਦਰੀ ਵਿਜੀਲੈਂਸ ਕਮਿਸ਼ਨ ਨੂੰ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਸੀ ਪਰ ਨਾਲ ਹੀ ਉਨ੍ਹਾਂ ਦੀਆਂ ਸ਼ਕਤੀਆਂ ਵੀ ਸੀਮਤ ਕਰ ਦਿੱਤੀਆਂ ਸਨ।

Previous articleਰਾਜ ਸਭਾ ਵੱਲੋਂ ਵੀ ਨਵਾਂ ਕੋਟਾ ਬਿੱਲ ਪਾਸ
Next articleਬਾਦਲ ਸਰਕਾਰ ਨੇ ਬੇਅਦਬੀ ਮਾਮਲੇ ਦੀ ਢੁੱਕਵੀਂ ਜਾਂਚ ਨਹੀਂ ਕਰਵਾਈ: ਜ਼ੋਰਾ ਸਿੰਘ