ਆਲਮੀ ਪੰਜਾਬੀ ਕਾਨਫਰੰਸ 15 ਤੋਂ 17 ਫਰਵਰੀ ਤਕ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿੱਚ ਹੋਵੇਗੀ, ਜੋ ਦੁਨੀਆਂ ਭਰ ਵਿਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਆਪਣੀਆਂ ਪ੍ਰਾਪਤੀਆਂ, ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਣੌਤੀਆਂ ਪ੍ਰਤੀ ਗਹਿਰ ਗੰਭੀਰ ਸੰਵਾਦ ਦਾ ਨਿਵੇਕਲਾ ਮਾਹੌਲ ਪੈਦਾ ਕਰੇਗੀ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਕਲਾ ਪਰਿਸ਼ਦ, ਪੰਜਾਬੀ ਅਕਾਦਮੀ ਦਿੱਲੀ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਕਾਨਫਰੰਸ ਦਾ ਮੁੱਖ ਵਿਸ਼ਾ ‘ਕੌਮਾਂਤਰੀ ਦ੍ਰਿਸ਼: ਪੰਜਾਬੀ ਭਾਈਚਾਰਾ ਅਤੇ ਵੰਗਾਰਾਂ’ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਭਾਰਤ ਦੇ ਹਾਲਾਤ ਤੋਂ ਪੰਜਾਬ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਪਰ ਫਿਰ ਵੀ ਪੰਜਾਬੀ ਭਾਈਚਾਰੇ ਦੇ ਕੁਝ ਮਸਲੇ ਅਜਿਹੇ ਹਨ, ਜੋ ਸਿੱਧੇ ਤੌਰ ’ਤੇ ਇਸ ਨਾਲ ਹੀ ਸਬੰਧਤ ਹਨ। ਭਾਰਤ ਦੀ ਸਮੁੱਚੀ ਆਰਥਿਕਤਾ 1990 ਤੋਂ ਬਾਅਦ ਵਿਸ਼ਵੀਕਰਨ, ਨਿੱਜੀਕਰਨ, ਉਦਾਰੀਕਰਨ ਅਤੇ ਨਿਗਮੀਕਰਨ ’ਤੇ ਆਧਾਰਿਤ ਹੋਣ ਕਰਕੇ ਇਹ ਪੂੰਜੀਵਾਦੀ ਲੀਹਾਂ ’ਤੇ ਪਾ ਦਿੱਤੀ ਗਈ ਹੈ। ਇਸ ਦੇ ਨਤੀਜੇ ਵਜੋਂ ਕਿਸਾਨੀ ਡੂੰਘੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਗਈ ਹੈ। ਖੇਤ-ਮਜ਼ਦੂਰ ਪੂਰੀ ਪ੍ਰਕਿਰਿਆ ’ਚੋਂ ਬਾਹਰ ਹੋ ਗਿਆ ਹੈ। ਜਨਤਕ ਖੇਤਰ ਨਿੱਜੀਕਰਨ ਦੇ ਹੱਥਾਂ ਵਿੱਚ ਚਰਮਰਾ ਗਿਆ ਹੈ ਅਤੇ ਅੱਜ ਪੰਜਾਬ ਬਿਲਕੁੱਲ ਭਵਿੱਖਹੀਣ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨ ਲੱਖਾਂ ਦੀ ਗਿਣਤੀ ਵਿੱਚ ਵਿਦੇਸ਼ਾਂ ਨੂੰ ਹਿਜਰਤ ਕਰ ਰਿਹਾ ਹੈ। ਖੇਤੀ ਦੇ ਸਰਮਾਏਦਾਰੀ ਮਾਡਲ ਨੇ ਪੰਜਾਬ ਦੀ ਜ਼ਮੀਨ, ਪਾਣੀ, ਵਾਤਾਵਰਨ ਨੂੰ ਜਿਵੇਂ ਉਜਾੜਿਆ ਹੈ, ਉਸੇ ਤਰ੍ਹਾਂ ਪੰਜਾਬ ਬੌਧਿਕ ਤੌਰ ’ਤੇ ਵੀ ਬੰਜਰ ਬਣਨ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਸੰਕਟ ਵਿੱਚ ਹਿਜਰਤ ਅਤੇ ਰੁਜ਼ਗਾਰ, ਦਲਿਤ ਰੋਹ ਅਤੇ ਬਦਲਵੀਂ ਰਾਜਨੀਤੀ ਵਰਗੇ ਮੁੱਦਿਆਂ ਉਪਰ ਚਰਚਾ ਕਰਵਾਈ ਜਾਵੇਗੀ। ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਉਪਜਾਊ ਧਰਤੀ ਅਤੇ ਪੰਜਾਬੀਆਂ ਦੀ ਜੁਝਾਰੂ ਮਾਨਸਿਕਤਾ ਕਰਕੇ ਪੰਜਾਬੀ ਭਾਈਚਾਰੇ ਨੇ ਭਾਰਤੀ ਆਰਥਿਕਤਾ, ਸਿਆਸਤ ਅਤੇ ਸਭਿਆਚਾਰਕ ਸੰਦਰਭ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਅਜੋਕੇ ਕੌਮੀ ਸੰਦਰਭ ਵਿੱਚ ਪੰਜਾਬੀ ਭਾਈਚਾਰੇ ਨੂੰ ਦੂਹਰੇ ਸੰਵਾਦ ਦੀ ਲੋੜ ਹੈ। ਡਾ. ਕੰਵਲਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਕਾਨਫਰੰਸ ਵਿੱਚ ਇਕ ਪੂਰਾ ਸੈਸ਼ਨ ‘ਪਿੱਤਰੀ ਸੱਤਾ ਤੇ ਨਾਰੀ ਪਛਾਣ ਦਾ ਸੱਚ’ ਵਿਸ਼ੇ ’ਤੇ ਰੱਖਿਆ ਗਿਆ ਹੈ। ਕਾਨਫਰੰਸ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਅਪੂਰਵਾਨੰਦ ‘ਰਾਸ਼ਟਰ, ਸੰਪਰਦਾਇਕਤਾ ਅਤੇ ਮਨੁੱਖੀ ਅਧਿਕਾਰ’ ਵਿਸ਼ੇ ’ਤੇ ਕੁੰਜੀਵਤ ਭਾਸ਼ਣ ਦੇਣਗੇ। ਦੂਸਰੇ ਸੈਸ਼ਨ ਦਾ ਵਿਸ਼ਾ ‘ਪੰਜਾਬੀ ਦੀ ਆਰਥਿਕਤਾ ਅਤੇ ਸੇਵਾ ਖੇਤਰ’ ਰੱਖਿਆ ਗਿਆ। ਡਾ. ਸੁਖਪਾਲ ਸਿੰਘ ਅਤੇ ਤਰਸੇਮ ਬਾਹੀਆ ਪ੍ਰਮੁੱਖ ਬੁਲਾਰਿਆਂ ਵਜੋਂ ਹਾਜ਼ਰ ਰਹਿਣਗੇ ਜਦਕਿ ਡਾ. ਸੁੱਚਾ ਸਿੰਘ ਗਿੱਲ ਇਸ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸੇ ਦਿਨ ਸ਼ਾਮ 6 ਵਜੇ ਸੰਗੀਤਕ ਸ਼ਾਮ ਤਹਿਤ ਗੁਰਪ੍ਰੀਤ ਵਾਰਿਸ ਸੂਫ਼ੀ ਗਾਇਨ ਪੇਸ਼ ਕਰਨਗੇ। 16 ਫਰਵਰੀ ਦੇ ਪਹਿਲੇ ਸੈਸ਼ਨ ਵਿੱਚ ‘ਆਲਮੀ ਪੰਜਾਬੀ ਭਾਈਚਾਰਾ-ਹੁਣ ਤੇ ਭਵਿੱਖ’ ਵਿਸ਼ੇ ’ਤੇ ਦੁਨੀਆਂ ਭਰ ਤੋਂ ਆਏ ਪੰਜਾਬੀ ਲੇਖਕ ਅਤੇ ਵਿਦਵਾਨ ਸੰਵਾਦ ਰਚਾਉਣਗੇ। ਦੁਪਹਿਰ ਬਾਅਦ ਦੇ ਸੈਸ਼ਨ ਵਿੱਚ ਨਾਰੀ ਸਰੋਕਾਰਾਂ ਬਾਰੇ ਗੰਭੀਰ ਚਿੰਤਨ ਛਿੜੇਗਾ। ਸ਼ਾਮ 6 ਵਜੇ ਡਾ. ਸਵਰਾਜਬੀਰ ਦਾ ਲਿਖਿਆ ਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਨਾਟਕ ‘ਪੁਲ ਸਿਰਾਤ’ ਮੰਚ ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਪੇਸ਼ ਕੀਤਾ ਜਾਵੇਗਾ।