ਆਰੀਅਨ ਵੈਲੀ ਦਾ ਸਫ਼ਰਨਾਮਾ

(ਸਮਾਜ ਵੀਕਲੀ)

ਇਸ ਵਾਰ ਜੂਨ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਾਡਾ ਪੰਜੇ ਦੌਸਤਾ ਰਵਿੰਦਰ ਸਿੰਘ, ਜਤਿੰਦਰ ਮੋਹਨ, ਕਰਨੈਲ ਸਿੰਘ ਹੀਰ, ਬਲਵਿੰਦਰ ਸਿੰਘ ਅਤੇ ਮੇਰਾ ਸ੍ਰੀਨਗਰ ਜਾਣ ਦਾ ਪ੍ਰੋਗਰਾਮ ਬਣਿਆ। ਸਾਡੇ ਵਿੱਚੋਂ ਤਿੰਨ ਮੈਂ, ਰਵਿੰਦਰ ਅਤੇ ਜਤਿੰਦਰ ਮੋਹਨ ਅਧਿਆਪਕ ਦੇ ਤੌਰ ਤੇ ਸੇਵਾ ਨਿਭਾ ਰਹੇ ਹਾਂ ਜਦੋਂ ਕਿ ਕਰਨੈਲ ਜੀ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਬਲਵਿੰਦਰ ਵੀਰ ਦਾ ਹੁਸ਼ਿਆਰਪੁਰ ਵਿਖੇ ਫਰਨੀਚਰ ਦਾ ਕੰਮ ਹੈ । ਸੋ ਗੱਲ ਕਰਦੇ ਹਾਂ ਆਪਣੇ ਸਫਰਨਾਮੇ ਦੀ ਜਿਸ ਲਈ ਅਸੀ 10 ਜੂਨ ਨੂੰ ਹੁਸ਼ਿਆਰਪੁਰ ਤੋਂ ਮੂੰਹ-ਹਨੇਰੇ ਹੀ ਜਤਿੰਦਰ ਮੋਹਨ ਜੀ ਦੀ ਗੱਡੀ ਵਿੱਚ ਹੁਸ਼ਿਆਰਪੁਰ ਤੋਂ ਸ੍ਰੀਨਗਰ ਲਈ ਨਿਕਲੇ ਦਸੂਹਾ, ਮੁਕੇਰੀਆਂ, ਪਠਾਨਕੋਟ, ਕਠੂਆ, ਸਾਬਾਂ, ਊਧਮਪੁਰ, ਰਾਮਬਾਨ ਅਤੇ ਬਨਿਹਾਲ ਹੁੰਦੇ ਹੋਏ ਸ਼ਾਮ ਨੂੰ 5 ਕੁ ਵਜੇ ਸ੍ਰੀਨਗਰ ਜਾਂ ਪਹੁੰਚੇ ਉਥੇ ਗੁਰਦੁਆਰਾ ਪਾਤਸ਼ਾਹੀ ਛੇਵੀ ਕਾਠੀ ਦਰਵਾਜ਼ਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਕਮਰੇ ਵਿੱਚ ਜਾਕੇ ਅਗਲੀ ਸਵੇਰ ਦੀ ਵਿਉਤਬੰਦੀ ਕੀਤੀ ਤੇ ਸਵੇਰੇ ਸੰਸਾਰ ਪ੍ਰਸਿੱਧ ਡਲ ਝੀਲ ਗਏ, ਬੜਾ ਹੀ ਵਿਸਮਾਦੀ ਨਜਾਰਾ ਸੀ, ਝੀਲ ਵਿੱਚ ਸ਼ਕਾਰੇ ਹੀ ਸ਼ਕਾਰੇ ਸਨ, 26 ਵਰਗ ਕਿਲੋਮੀਟਰ ਵਿੱਚ ਫੈਲੀ, ਸੁੰਦਰ ਡਲ ਝੀਲ ਸੈਲਾਨੀਆਂ ਲਈ ਇੱਕ ਪ੍ਰਮੁੱਖ ਆਕਰਸ਼ਣ ਹੈ। ਝੀਲ ਵਿੱਚ ਕਮਲ ਦੇ ਸੁੰਦਰ ਫੁੱਲ, ਆਲੇ-ਦੁਆਲੇ ਸਬਜ਼ੀਆਂ ਦੇ ਬਾਗ ਅਤੇ ਦੁਕਾਨਾਂ ਹਨ।

ਤੁਸੀਂ ਝੀਲ ਵਿੱਚ ਹਾਊਸ ਬੋਟਿੰਗ ਦਾ ਵੀ ਆਨੰਦ ਲੈ ਸਕਦੇ ਹੋ। ਜੇ ਕੁੱਝ ਖਾਣ-ਪੀਣ ਨੂੰ ਚਾਹੀਦਾ ਉਹ ਵੀ ਕਿਸ਼ਤੀਨੁਮਾ ਚਲਦੀ-ਫਿਰਦੀ ਦੁਕਾਨ ਉਪਰ ਉਪਲਬਧ ਹੈ, ਝੀਲ ਵਿੱਚ ਹੀ ਕਪੜੇ ਅਤੇ ਖਾਣ-ਪੀਣ ਦੀ ਖਰੀਦੋ-ਫਰੋਖਤ ਕਰਨ ਲਈ ਬਜਾਰ ਵੀ ਉਪਲਬਧ ਹੈ। ਅਸੀ ਕੁੱਝ ਰਿਵਾਇਤੀ ਕਸ਼ਮੀਰੀ ਵਸਤਾਂ ਵੀ ਖਰੀਦੀਆਂ। ਉਸ ਤੋਂ ਬਾਅਦ ਪ੍ਰਸਿੱਧ ਸ਼ਾਲੀਮਾਰ ਗਾਰਡਨ, ਮੁਗਲ ਗਾਰਡਨ, ਜਾਮਾ ਮਸਜਿਦ ਵਿੱਚ ਕੁੱਝ ਸਮਾਂ ਗੁਜਾਰਨ ਤੋਂ ਬਾਅਦ ਗੁਲਮਰਗ ਨੂੰ ਜਾ ਤੁਰੇ, ਉਥੇ ਦੀਆਂ ਹਰੀਆਂ-ਭਰੀਆਂ ਵਾਦੀਆਂ ਉਪਰ ਕੁਦਰਤ ਮਿਹਰਬਾਨ ਹੈ ਅਤੇ ਇਹ ਸਥਾਨ ਸੈਲਾਨੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਿਹਾ ਹੈ। ਗੁਲਮਰਗ ਦਾ ਸ਼ਾਬਦਿਕ ਅਰਥ ਹੈ ‘ਫੁੱਲਾਂ ਦਾ ਮੈਦਾਨ’। ਗੁਲਮਰਗ ਸ਼੍ਰੀਨਗਰ ਤੋਂ 60 ਕਿਲੋਮੀਟਰ ਦੂਰ ਸਥਿਤ ਹੈ ਜੋ ਕਾਰ ਦੁਆਰਾ ਡੇਢ ਘੰਟੇ ਦਾ ਸਫ਼ਰ ਹੈ। ਏਸ਼ੀਆ ਦਾ ਪ੍ਰਮੁੱਖ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਤੇ ਦੂਜਾ-ਸਭ ਤੋਂ ਉੱਚਾ ਕੇਬਲ ਕਾਰ ਪ੍ਰੋਜੈਕਟ, ਕਸ਼ਮੀਰ ਦੇ ਗੁਲਮਰਗ ਵਿੱਚ ਗੰਡੋਲਾ ਰਾਈਡ ਪ੍ਰਮੁੱਖ ਆਕਰਸ਼ਣ ਹੈ। ਮਸ਼ਹੂਰ ਕੇਬਲ ਕਾਰ ਦੀ ਸਵਾਰੀ ਤੋਂ ਬਿਨਾਂ ਗੁਲਮਰਗ ਦਾ ਦੌਰਾ ਅਧੂਰਾ ਹੈ ਜਿਸ ਦੇ ਅਸੀਂ ਵੀ ਗਵਾਹ ਬਣੇ।

ਅਗਲੇ ਦਿਨ ਸੋਨਾਮਾਰਗ ਜਾਣ ਦਾ ਪ੍ਰੋਗਰਾਮ ਉਲੀਕਿਆ ਜਿੱਥੇ ਹੀ ਸਾਡਾ ਕਾਰਗਿਲ ਅਤੇ ਲੇਹ ਜਾਣ ਦਾ ਵਿਚਾਰ ਵੀ ਬਣਿਆ। ਸੋਨਾਮਾਰਗ ਤੋਂ ਵਿਸ਼ਵ ਪ੍ਰਸਿੱਧ ਜ਼ੋਜਿਲਾ ਪਾਸ 23 ਕਿਲੋਮੀਟਰ ਦੀ ਦੂਰੀ ਤੇ ਹੈ। ਦੱਸ ਦੇਵਾ ਕਿ 11,650 ਫੁੱਟ ਦੀ ਉਚਾਈ ‘ਤੇ ਸਥਿਤ, ਜ਼ੋਜਿਲਾ ਪਾਸ ਭਾਰਤ ਲਈ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਇਹ ਕਸ਼ਮੀਰ ਘਾਟੀ ਅਤੇ ਲੱਦਾਖ ਵਿਚਕਾਰ ਇੱਕ ਮਹੱਤਵਪੂਰਣ ਲਿੰਕ ਪ੍ਰਦਾਨ ਕਰਦਾ ਹੈ। ਇੱਥੇ ਹੀ ਜ਼ੋਜਿਲਾ ਟਨਲ(ਸੁਰੰਗ) ਦਾ ਕੰਮ ਚਲ ਰਿਹਾ ਹੈ, ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼੍ਰੀਨਗਰ-ਲੇਹ ਹਾਈਵੇਅ ‘ਤੇ ਰਣਨੀਤਕ ਜ਼ੋਜਿਲਾ ਸੁਰੰਗ ਪਰਿਯੋਜਨਾ ਦਾ ਅੰਤਿਮ ਪੜਾਅ ਤੈਅ ਸਮਾਂ ਸੀਮਾ ਤੋਂ ਇੱਕ ਸਾਲ ਪਹਿਲਾਂ ਸਤੰਬਰ 2025 ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ। ਜਦੋਂ ਜ਼ੋਜਿਲਾ ਪ੍ਰੋਜੈਕਟ ਦੀ ਅੰਤਿਮ ਟਿਊਬ ਪੂਰੀ ਹੋ ਜਾਵੇਗੀ ਤਾਂ ਪਾਸ ਨੂੰ ਪਾਰ ਕਰਨ ਲਈ ਚਾਰ ਘੰਟਿਆਂ ਦੀ ਬਜਾਏ 40 ਮਿੰਟਾਂ ਤੋਂ ਵੀ ਘੱਟ ਸਮੇਂ ਲੱਗੇਗਾ ਅਜਿਹਾ ਕਿਹਾ ਜਾ ਰਿਹਾ ਹੈ। ਇਸ ਤੋਂ ਬਾਅਦ ਅਸੀ ਦਰਾਸ ਵਿਖੇ ‘ਆਪ੍ਰੇਸ਼ਨ ਵਿਜੇ'(ਕਾਰਗਿਲ ਯੁੱਧ) ਦੌਰਾਨ ਸਾਡੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਬਣਾਏ ਗਏ ਕਾਰਗਿਲ ਯੁੱਧ ਸਮਾਰਕ ਨੂੰ ਵੇਖਿਆ। ਦਰਾਸ ਵਿਖੇ ‘ਗਰਾਊਂਡ ਜ਼ੀਰੋ’ ਸਥਾਨ ਤੇ ਇਸ ਯਾਦਗਾਰ ਦਾ ਨਿਰਮਾਣ ਸਾਲ 2004 ਵਿੱਚ ਕੀਤਾ ਗਿਆ ਸੀ।

ਕਾਰਗਿਲ ਪਹੁੰਚ ਕੇ ਸਭ ਤੋਂ ਪਹਿਲਾ ਸਥਾਨਕ ਗੁਰਦੁਆਰਾ ਸਿਵਲ ਸੰਗਤ, ਬਾਲਟੀ ਬਜਾਰ ਤੇ ਫਿਰ ਇਤਿਹਾਸਕ ਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਪਾਤਸ਼ਾਹੀ ਪਹਿਲੀ ਜੀ ਦੇ ਦਰਸ਼ਨ ਦੀਦਾਰੇ ਕੀਤੇ। ਫਿਰ ਉਥੋ ਦੇ ਇਕ ਸਕੂਲ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲ ਕੇ ਉਨ੍ਹਾਂ ਨਾਲ ਪੰਜਾਬ ਦੀ ਸਿੱਖਿਆ ਪ੍ਰਣਾਲੀ ਅਤੇ ਰਹਿਣ-ਸਹਿਣ, ਮੌਸਮ ਅਤੇ ਪਹਿਰਾਵੇ ਬਾਰੇ ਚਰਚਾ ਹੋਈ। ਸਕੂਲ ਦੇ ਪ੍ਰਿੰਸੀਪਲ ਜੀ ਨੇ ਸਾਡੀ ਖੋਜ ਬਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਰੀਅਨ ਵੈਲੀ ਜਾਣ ਦੀ ਸਲਾਹ ਦਿੱਤੀ ਜਿਸ ਨੂੰ ਅਸੀ ਸਾਰੇ ਦੋਸਤਾਂ ਨੇ ਖਿੜੇ-ਮੱਥੇ ਸਵੀਕਾਰਦਿਆਂ ਗੱਡੀ ਨੂੰ ਕਾਰਗਿਲ ਤੋਂ ਬਟਾਲਿਕ ਸੈਕਟਰ ਰਾਹੀ ਆਰੀਅਨ ਵੈਲੀ ਵਲ ਪਾ ਲਿਆ। ਮਨ ਵਿੱਚ ਬੜੀ ਉਤਸੁਕਤਾ ਸੀ, ਆਪਣੇ ਆਪ ਨੂੰ ਆਰੀਅਨ ਦੇ ਵੰਸ਼ਜ ਦੱਸਣ ਵਾਲੇ ਉਨ੍ਹਾਂ ਲੋਕਾਂ ਦੇ ਸਭਿਆਚਾਰਕ ਨੂੰ ਜਾਣਨ ਦੀ ਤਾਂਘ, ਸਾਡੇ ਸਫਰ ਨੂੰ ਹੋਰ ਵੀ ਰੋਮਾਚਕ ਬਣਾ ਰਹੀ ਸੀ।

ਬਟਾਲਿਕ ਕਾਰਗਿਲ ਅਤੇ ਲੇਹ ਦੇ ਵਿਚਕਾਰ ਸਥਿਤ ਹੈ। ਕਾਰਗਿਲ ਤੋਂ ਲੇਹ ਪਹੁੰਚਣ ਦੇ ਦੋ ਹੀ ਰਸਤੇ ਹਨ। 1.ਕਾਰਗਿਲ- ਮੁਲਬੇਖ-ਲਮਾਯੁਰੂ-ਸਾਸਪੋਲ-ਲੇਹ 2. ਕਾਰਗਿਲ-ਬਟਾਲਿਕ-ਧਾ-ਲੇਹ, ਸੋ ਅਸਾਂ ਆਰੀਅਨ ਵੈਲੀ ਜਾਣ ਲਈ ਬਟਾਲਿਕ ਸੈਕਟਰ ਰਾਹੀ ਆਪਣਾ ਪੈਂਡਾ ਅੱਗੇ ਤੋਰਿਆ। ਬਟਾਲਿਕ ਸੈਕਟਰ ਸਿੰਧੂ ਨਦੀ ਦੇ ਕੰਢੇ ਸਥਿਤ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਕਾਰਗਿਲ ਯੁੱਧ ਦੌਰਾਨ ਇਹ ਮੁੱਖ ਲੜਾਈ ਦਾ ਮੈਦਾਨ ਸੀ। ਇਹ ਰਸਤਾ ਬਹੁਤ ਸੁੰਦਰ ਹੈ ਕਿਉਂਕਿ ਸਾਰਾ ਰਸਤਾ ਸਿੰਧ ਨਦੀ ਦੇ ਕੰਢੇ ਨਾਲ ਚੱਲਦਾ ਹੈ। ਖੜ੍ਹੀ ਕਟੌਤੀ, ਲੰਬਕਾਰੀ ਚੜ੍ਹਾਈ, ਤਿੱਖੇ ਮੋੜ ਇਸ ਰਸਤੇ ਨੂੰ ਹੋਰ ਸਾਹਸ ਬਣਾਉਂਦੇ ਹਨ। ਇਹ ਉੱਚਾ ਪਾਸਾ ਬਟਾਲਿਕ ਸੈਕਟਰ ਪਹਿਲਾ ਆਰੀਅਨ ਵੈਲੀ ਅਤੇ ਫਿਰ ਲੇਹ ਵੱਲ ਜਾਂਦਾ ਹੈ। ਅਸਮਾਨ ਨਾਲ ਗੱਲਾਂ ਕਰਦੇ ਗਗਨ ਚੁੰਬੀ ਪਰਬਤਾਂ ਦੀ ਲੜੀ ਰਸਤੇ ਦਾ ਸ਼ਿੰਗਾਰ ਹਨ। ਇਹ ਰਸਤਾ ਕੁਦਰਤੀ ਨਜਾਰਿਆ ਨਾਲ ਸਾਰਸ਼ਾਰ ਹੈ। ਵੱਡੇ-ਵੱਡੇ ਪਹਾੜ ਕਿਸੇ ਫਿਲਮੀ ਦ੍ਰਿਸ਼ ਦਾ ਵੀ ਭੁਲੇਖਾ ਪਾਉਂਦੇ ਹਨ। ਕਈ ਪ੍ਰਸਿੱਧ ਫਿਲਮਾਂ ਦੀ ਸ਼ੂਟਿੰਗ ਵੀ ਇੱਥੇ ਹੋ ਚੁੱਕੀ ਹੈ। ਤਕਰੀਬਨ ਦੋ-ਤਿੰਨ ਘੰਟੇ ਦੇ ਸਫਰ ਤੋਂ ਬਾਅਦ ਅਸੀ ਆਰੀਅਨ ਵੈਲੀ ਦੇ ਪਿੰਡ ਦਾਰਚਿਕ ਜਾਂ ਪਹੁੰਚੇ। ਇਸ ਵੈਲੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਲੈਗਜ਼ੈਂਡਰ ਆਰਮੀ ਦੇ ਵੰਸ਼ਜ ਮੰਨਿਆ ਜਾਂਦਾ ਹੈ। ਇਹ ਲੋਕ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨਾਲੋਂ ਵੱਖਰੇ ਨਜ਼ਰ ਆਉਂਦੇ ਹਨ। ਇੱਥੋਂ ਦੀਆਂ ਔਰਤਾਂ ਨੂੰ ਸਭ ਤੋਂ ਖੂਬਸੂਰਤ ਮੰਨਿਆ ਜਾਂਦਾ ਹੈ। ਜ਼ਿਆਦਾਤਰ ਲੋਕਾਂ ਦੀਆਂ ਅੱਖਾਂ ਨੀਲੀਆਂ, ਗੋਰਾ ਰੰਗ, ਸੁੰਦਰ ਨੱਕ ਅਤੇ ਚਮਕਦਾਰ ਚਮੜੀ ਹੁੰਦੀ ਹੈ। ਇਸ ਲਈ ਇਸ ਖੇਤਰ ਨੂੰ ‘ਆਰੀਅਨਜ਼ ਵੈਲੀ’ ਕਿਹਾ ਜਾਂਦਾ ਹੈ।

ਜਦੋਂ ਅਸੀਂ ਦਾਰਚਿਕ ਪਿੰਡ ਪਹੁੰਚੇ, ਜਿਥੇ ਸਾਨੂੰ ਇਕ ਵਾਂਗਿਆਲ, ਪਰਿਵਾਰ ਦੇ ਘਰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਸਾਡੀ ਬੜੀ ਆਓ-ਭਗਤ ਕੀਤੀ ਘਰ ਦੀਆਂ ਸਵਾਣੀਆਂ ਨੇ ਸਾਨੂੰ ਉਨ੍ਹਾਂ ਦੇ ਪਰੰਪਰਾਗਤ ਭੋਜਨ ਸਤੂ, ਮਨਲੀ, ਗਨੀ ਅਤੇ ਖਾਲੋ ਸਬਜੀ (ਸਤੂ, ਰੋਟੀ, ਦਹੀ, ਪਾਲਕ ਕਹਿ ਸਕਦੇ ਹਾਂ, ਲੂਣ ਰਹਿਤ) ਬਹੁਤ ਚਾਅ ਨਾਲ ਖਵਾਇਆ। ਇਹ ਲੋਕ ਖੁਰਮਾਨੀ, ਗੈਹੂ ਦੀ ਖੇਤੀ ਕਰਦੇ ਹਨ ਅਤੇ ਭੇਡਾਂ, ਬੱਕਰੀਆਂ ਪਾਲਦੇ ਹਨ ਜਾਂ ਫਿਰ ਆਰਮੀ ਦੇ ਕੰਮਾਂ ਵਿੱਚ ਮਜਦੂਰੀ ਵੀ ਕਰਦੇ ਹਨ। ਬਿਜਲੀ ਪਾਣੀ ਦੀ ਦਿੱਕਤਾਂ ਕਾਫੀ ਹੱਦ ਤੱਕ ਦੂਰ ਹੋਈਆਂ ਹਨ ਫਿਰ ਵੀ ਸੁਵਿਧਾਵਾਂ ਦੀ ਬਹੁਤ ਘਾਟ ਹੈ। ਇਹ ਦੇਸ ਨਾਲੋਂ ਸਰਦੀਆਂ ਵਿੱਚ ਕਈ-ਕਈ ਮਹੀਨੇ ਟੁੱਟ ਜਾਂਦੇ ਹਨ।

ਧਾ, ਹਨੂ, ਬੀਮਾ, ਦਾਰਚਿਕ ਅਤੇ ਗਾਰਕੋਨ ਪਿੰਡ ਜੋ ਇਕੱਠੇ ਆਰੀਆ ਘਾਟੀ ਵਜੋਂ ਜਾਣੇ ਜਾਂਦੇ ਹਨ। ਇਸ ਖੇਤਰ ਦੇ ਲੋਕਾਂ ਦੀਆਂ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ, ਭਾਸ਼ਾ, ਸੱਭਿਆਚਾਰ ਅਤੇ ਪਰੰਪਰਾਵਾਂ ਹਨ। ਆਪਣੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ, ਇਹ ਲੋਕ ਆਪਸ ਵਿੱਚ ਹੀ ਵਿਆਹ ਕਰਵਾਉਂਦੇ ਹਨ । ਇਹ ਪਿੰਡ ਪਹਾੜਾਂ ਦੀ ਗੋਦ ਵਿੱਚ ਵਸੇ ਹਨ। ਲੱਦਾਖ ਖੇਤਰ ਦੇ ਇਸ ਕਬੀਲੇ ਨੂੰ ਸ਼ੁੱਧ ਆਰੀਅਨ ਨਸਲ ਦੇ ਮੂਲ ਵੰਸ਼ਜ ਮੰਨਿਆ ਜਾਂਦਾ ਹੈ, ਜਿਸਨੂੰ ‘ਬ੍ਰੋਕਪਾਸ’ ਜਾਂ ‘ਦਰਦ’ ਵੀ ਕਿਹਾ ਜਾਂਦਾ ਹੈ, ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੇ ਪੂਰਵਜ ਲਗਭਗ 2,000 ਸਾਲ ਪਹਿਲਾਂ ਆਈ ਸਿਕੰਦਰ ਸੈਨਾ ਦਾ ਹਿੱਸਾ ਸਨ। ‘ਦਰਦ’ ਸ਼ਬਦ ਸੰਸਕ੍ਰਿਤ ਦੇ ਸ਼ਬਦ ਤੋਂ ਆਇਆ ਹੈ ਜਿਸਦਾ ਅਰਥ ਹੈ ‘ਪਹਾੜੀ ‘ਤੇ ਰਹਿਣ ਵਾਲੇ ਲੋਕ’। ਇਹਨਾਂ ਦੀਆਂ ਵਿਲੱਖਣ ਭੌਤਿਕ ਵਿਸ਼ੇਸ਼ਤਾਵਾਂ, ਸਮਾਜਿਕ ਜੀਵਨ, ਨਸਲੀ ਸੱਭਿਆਚਾਰ ਅਤੇ ਭਾਸ਼ਾ ਹੈ। ਵਿਸ਼ਵੀਕਰਨ ਅਤੇ ਆਧੁਨਿਕੀਕਰਨ ਦੇ ਨਾਲ, ਇਸ ਭਾਈਚਾਰੇ ਦੇ ਲਈ ਆਪਣੀਆਂ ਪਰੰਪਰਾਵਾਂ ਅਤੇ ਸੱਭਿਆਚਾਰਾਂ ਨੂੰ ਜਾਰੀ ਰੱਖਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਨਵੀਂ ਪੀੜੀ ਸਿੱਖਿਆ, ਨੌਕਰੀਆਂ ਅਤੇ ਬਿਹਤਰ ਜੀਵਨ ਪੱਧਰ ਲਈ ਸ਼ਹਿਰਾਂ ਵੱਲ ਪਰਵਾਸ ਕਰ ਰਹੇ ਹਨ।

ਪਿਛਲੇ ਸਮੇਂ ਆਪਣੀ ਵਿਰਾਸਤ ਨੂੰ ਸੰਭਾਲਣ ਲਈ, ਲਗਭਗ 30 ਲੋਕਾਂ ਨੇ 2019 ਵਿੱਚ ਦਿੱਲੀ ਦਾ ਦੌਰਾ ਕੀਤਾ ਅਤੇ ਕਬਾਇਲੀ ਮਾਮਲਿਆਂ ਦੇ ਰਾਜ ਮੰਤਰੀ ਨੂੰ ਆਪਣਾ ਮੰਗ ਪੱਤਰ ਸੋਪਿਆ ਸੀ। ਯੁੱਗਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਿਆ ਹੈ। ਕਬੀਲਾ ਆਧੁਨਿਕਤਾ ਅਤੇ ਰਵਾਇਤੀ ਕਦਰਾਂ-ਕੀਮਤਾਂ ਵਿਚਕਾਰ ਸੰਤੁਲਨ ਲੱਭਣ ਲਈ ਸੰਘਰਸ਼ ਕਰ ਰਿਹਾ ਹੈ। ਇਨ੍ਹਾਂ ਦੇ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ‘ਬੋਨੋਨਾਹ’ ਤਿਉਹਾਰ ਹੈ ਜੋ ਕਿ ਅਕਤੂਬਰ ਦੇ ਮਹੀਨੇ ਵਿੱਚ ਬੜੇ ਹੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਆਪਣੀ ਨਿੱਘੀ ਪਰਾਹੁਣਚਾਰੀ ਅਤੇ ਵਿਵਹਾਰ ਲਈ ਜਾਣੇ ਜਾਂਦੇ ਹਨ ਜਿਸ ਦੀ ਪ੍ਰਤੱਖ ਮਿਸਾਲ ਸਾਨੂੰ ਇਨ੍ਹਾਂ ਦੇ ਵਿਵਹਾਰ ਤੋਂ ਮਿਲੀ।

ਇਥੇ ਇਹ ਵੀ ਦੱਸਣਯੋਗ ਹੈ ਕਿ ਆਰੀਅਨ ਵੈਲੀ ਬਾਰੇ ਇਹ ਵੀ ਪ੍ਰਚਲਿਤ ਹੈ ਕਿ ਇਥੇ ਯੂਰਪ ਤੋਂ ਔਰਤਾਂ ਅਖੌਤੀ ‘ਸ਼ੁੱਧ ਬੀਜ’ ਲਈ ਪੁਰਸ਼ਾਂ ਦੀ ਭਾਲ ਵਿੱਚ ਇੱਥੇ ਆਉਂਦੀਆਂ ਹਨ। ਪਰੰਤੂ ਇਸ ਦੇ ਕੋਈ ਪ੍ਰਤੱਖ ਪ੍ਰਮਾਣ ਨਹੀਂ ਮਿਲਦੇ। ਅਜਿਹੀਆਂ ਅਫਵਾਹਾਂ ਵੀ ਹਨ ਕਿ ਜਰਮਨ ਔਰਤਾਂ ਅਲੈਗਜ਼ੈਂਡਰ ਦੇ ਵੰਸ਼ਜ ਦੀ ਭਾਲ ਵਿੱਚ ਇਹਨਾਂ ਪਿੰਡਾਂ ਦਾ ਦੌਰਾ ਕਰਦੀਆਂ ਰਹੀਆਂ ਹਨ। ਅਸੀਂ ਇਸ ਗੱਲ ਦੀ ਪ੍ਰਮਾਣਿਕਤਾ ਨਹੀਂ ਕਰ ਸਕਦੇ ਸ਼ਾਇਦ ਇਸ ਵੈਲੀ ਵਿੱਚ ਸੈਲਾਨੀਆਂ ਦੇ ਆਉਣ ਕਾਰਨ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਤੋਂ ਹੋਵੇ। ਅਜਿਹੇ ਹੀ ਅਨੇਕਾਂ ਸਵਾਲਾਂ ਦੇ ਜਵਾਬ ਲੱਭਦੇ ਅਸੀਂ ਆਪਣੀ ਮੰਜਿਲ ਲੇਹ ਵਲ ਹੋ ਤੁਰੇ।

ਜਗਜੀਤ ਸਿੰਘ ਗਣੇਸ਼ਪੁਰ
ਕੰਪਿਊਟਰ ਅਧਿਆਪਕ,
ਸਹਸ ਲਕਸੀਹਾਂ,
ਜ਼ਿਲ੍ਹਾਂ-ਹੁਸ਼ਿਆਰਪੁਰ,
ਮੋਬਾਇਲ-94655-76022

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਪਰਾ ਵਿਖੇ ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ 22 ਨੂੰ
Next articleਮੋਂਰੋਂ ਮਾਂ ਭਗਵਤੀ ਦੀ ਵਿਸ਼ਾਲ ਚੌਂਕੀ ਆਯੋਜਿਤ