(ਸਮਾਜ ਵੀਕਲੀ)
ਬੜਾ ਜ਼ਿੱਦੀ ਹੈ
ਸਰ੍ਹਾਣੇ ਪਿਆ ਟਾਈਮ ਪੀਸ
ਟਰਨ —ਟਰਨ ਕਰਦਾ
ਹੱਟਦਾ ਹੀ ਨਹੀਂ—-
ਬਸ ਕਰ – ਭਲਿਆ ਬਸ ਕਰ
ਤੂੰ ਤਾਂ, ਬਸ ਇਹੀ ਜਾਣਦੈ
ਕਿ ਸੋਮਵਾਰ ਹੈ ਅੱਜ
ਤੇ ਤੇਰੇ ਜਬਰਦਸਤੀ
ਜਗਾਏ ਤੋਂ ਬਿਨਾਂ
ਮੈਂ ਉਠਣਾ ਨਹੀਂ
ਨਹੀਂ ਜਾਣਦੈਂ ਤੂੰ
ਕਿ ਅਜੇ ਪੂਰੇ ਹਫ਼ਤੇ ਦਾ ਥਕੇਵਾਂ
ਤੇ ਰੁਟੀਨ ਦਾ ਅਕੇਂਵਾਂ
ਮੇਰੇ ਤਨ ਤੇ ਮਨ ਚੋਂ
ਨਹੀਂ ਗਿਆ।
ਸੱਚ ਜਾਣੀ—
ਨਹੀਂ ਜੀਅ ਕਰ ਦੈ
ਪਿਛਲੇ ਸੋਮਵਾਰ ਦੀ ਤਰਾਂ
ਮੰਜਾ ਛੱਡਣ ਨੂੰ
ਤਿਆਰ ਹੋਣ ਨੂੰ
ਕੰਮ ਤੇ ਜਾਣ ਨੂੰ
ਤੂੰ ਏਹ ਵੀ ਨਹੀਂ ਜਾਣਦਾ
ਕਿ ਅੱਜ ਉਠਣ ਤੋਂ ਹੀ
ਉਡੀਕ ਹੋ ਜਾਣੀ ਹੈ ਮੈਨੂੰ
ਫਿਰ ਐਤਵਾਰ ਦੀ
ਪੂਰਾ ਹਫ਼ਤਾ ਸੋਚੀ ਦਾ
ਕਿ ਐਤਵਾਰ ਆਏਗਾ
ਸਵੇਰੇ ਮਨ ਮਰਜ਼ੀ ਨਾਲ ਉਠਾਂਗੇਂ
ਨਹੀਂ ਨਹਾਵਾਂਗੇ
ਟਾਈਮ ਸਿਰ
ਦੇਖਾਂਗੇ ਕੋਈ ਚੰਗਾ, ਜਿਹਾ ਸੀਰੀਅਲ
ਤੇ ਟਾਈਮ ਪੀਸ ਦਾ ਮੂੰਹ
ਦੀਵਾਰ ਵੱਲ ਕਰ ਦਿਆਂਗੇ
ਐਤਵਾਰ—-
ਜੋ ਬੜੇ ਹੀ ਚਿਰ ਬਾਅਦ ਆਊਂਦੈ
ਇਕੱਲਾ ਨਹੀਂ ਆਊਂਦੈ
ਲਿਆਉਂਦੈ ਹੈ
ਆਪਣੇ ਨਾਲ ਮਰਨੇ, ਪਰਨੇ
ਵਿਆਹ ਸ਼ਾਦੀਆਂ ਤੇ
ਹੋਰ ਸਮਾਗਮਾਂ ਦੇ ਰੁਝੇਂਵੇ ਅਨੇਕ
ਜੋ ਮੇਰੇ
ਚਿਰ ਉਡੀਕੇ ਐਤਵਾਰ ਦਾ
ਪਲ਼ ਪਲ਼ ਖਾ ਜਾਂਦੇ ਨੇ
ਹਫ਼ਤੇ ਭਰ ਦਾ ਥੱਕਿਆਂ,
ਟੁੱਟਿਆਂ ਮੈਂ
ਹੱਥ ਮਲਦਾ ਰਹਿ ਜਾਂਦਾ ਹਾਂ
ਲਗਦੈਂ ਕਿ ਜਿਵੇਂ
ਸਦੀਆਂ ਬੀਤ ਗਈਆਂ ਮੈਨੂੰ
ਰੱਜਕੇ ਸੁੱਤਿਆਂ ਆਰਾਮ ਕੀਤਿਆਂ
ਆਪਣੇ ਆਲੇ ਦੁਆਲੇ ਨੂੰ
ਦਿਨ ਦੇ ਚਾਨਣ ਚ ਵੇਖਿਆਂ।
ਤੇ ਆਖਿਰ— ਅੱਜ ਮੈਂ
ਇਨ੍ਹਾ ਸਾਰੇ, ਰੁਝਵਿਆਂ ਤੋਂ
ਖ਼ਿਮਾ ਸਹਿਤ ਮੰਗ ਕਰਦਾਂ ਹਾਂ
ਕਿ ਐਤਵਾਰ ਦਾ
ਕੁਝ ਨਾ ਕੁਝ ਹਿੱਸਾ
ਮੈਨੂੰ ਵੀ ਦੇ ਦਿਓ
ਦੇ ਦਿਓ ਰੱਜਕੇ ਸੌਣ ਤੇ
ਆਰਾਮ ਦੀ ਮੋਹਲਤ
ਕਿਉਂ ਕੇ-
ਹਫ਼ਤੇ ਭਰ ਦੇ ਥਕੇਂਵੇਂ
ਤੇ ਰੁਟੀਨ ਦੇ ਅਕੇਂਵੇਂ ਲਈ
ਆਰਾਮ ਜ਼ਰੂਰੀ ਹੈ
ਆਰਾਮ ਬਹੁਤ ਜ਼ਰੂਰੀ ਹੈ।
ਜਸਦੇਵ ਜੱਸ
ਖਰੜ
ਮੋਬਾਇਲ 98784-53979