ਮਾਨਚੈਸਟਰ : ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਵਿਚ ਸੋਮਵਾਰ ਦੇਰ ਰਾਤ ਖੇਡੇ ਗਏ ਮੁਕਾਬਲੇ ਵਿਚ ਆਰਸੇਨਲ ਨੇ ਮਾਨਚੈਸਟਰ ਯੂਨਾਈਟਿਡ ਦੀਆਂ ਜਿੱਤ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਓਲਡ ਟਰੈਫਰਡ ਵਿਚ ਆਰਸੇਨਲ ਦੇ ਪੀਅਰੇ ਏਮਰਿਕ ਆਉਬਾਮੇਯਾਂਗ ਨੇ ਦੂਜੇ ਅੱਧ ਵਿਚ ਵੀਡੀਓ ਅਸਿਸਟੈਂਟ ਰੈਫਰੀ (ਵਾਰ) ਤਕਨੀਕ ਦੀ ਮਦਦ ਨਾਲ ਗੋਲ ਕਰ ਕੇ ਯੂਨਾਈਟਿਡ ਨੂੰ 1-1 ਦੀ ਬਰਾਬਰੀ ‘ਤੇ ਰੋਕ ਦਿੱਤਾ। ਪਹਿਲੇ ਅੱਧ ਵਿਚ ਖ਼ਰਾਬ ਖੇਡ ਦਿਖਾਉਣ ਵਾਲੀ ਯੂਨਾਈਟਿਡ ਦੀ ਟੀਮ ਨੇ ਸਕਾਟ ਮੈਕਟੋਮਿਨੀ (45ਵੇਂ ਮਿੰਟ) ਵੱਲੋਂ ਕੀਤੇ ਗਏ ਸ਼ਾਨਦਾਰ ਗੋਲ ਦੀ ਬਦੌਲਤ ਬੜ੍ਹਤ ਹਾਸਲ ਕੀਤੀ ਪਰ ਮੈਨੇਜਰ ਓਲੇ ਗਨਰ ਸੋਲਸਕਜੇਰ ਦੀ ਟੀਮ ਆਉਬਾਮੇਯਾਂਗ (48ਵੇਂ ਮਿੰਟ) ਨੂੰ ਗੋਲ ਕਰਨ ਤੋਂ ਨਾ ਰੋਕ ਸਕੀ। ਹਾਲਾਂਕਿ ਆਉਬਾਮੇਯਾਂਗ ਦੇ ਗੋਲ ਨੂੰ ਆਫ ਸਾਈਡ ਕਰਾਰ ਦਿੱਤਾ ਗਿਆ ਪਰ ਵਾਰ ਦੀ ਮਦਦ ਨਾਲ ਉਸ ਗੋਲ ਨੂੰ ਸਹੀ ਠਹਿਰਾਇਆ ਗਿਆ। ਯੂਨਾਈਟਿਡ ਦੀ ਟੀਮ ਪਿਛਲੇ 12 ਮੁਕਾਬਲਿਆਂ ਵਿਚ ਸਿਰਫ਼ ਦੋ ਮੁਕਾਬਲੇ ਜਿੱਤ ਸਕੀ ਹੈ ਤੇ ਇਸ ਸੈਸ਼ਨ ਵਿਚ ਸੱਤ ਮੁਕਾਬਲਿਆਂ ਤੋਂ ਬਾਅਦ ਉਹ ਸਿਰਫ਼ ਨੌਂ ਅੰਕਾਂ ਨਾਲ 10ਵੇਂ ਸਥਾਨ ‘ਤੇ ਹੈ। ਉਹ ਚੋਟੀ ‘ਤੇ ਕਾਬਜ ਲਿਵਰਪੂਲ ਤੋਂ 12 ਅੰਕ ਪਿੱਛੇ ਹੈ। ਉਥੇ ਇਸ ਡਰਾਅ ਨਾਲ ਮਿਲੇ ਇਕ ਅੰਕ ਦੀ ਮਦਦ ਨਾਲ ਆਰਸੇਨਲ 12 ਅੰਕਾਂ ਨਾਲ ਚੌਥੇ ਸਥਾਨ ‘ਤੇ ਪੁੱਜ ਗਿਆ। ਕਈ ਸਾਲਾਂ ਤੋਂ ਯੂਨਾਈਟਿਡ ਤੇ ਆਰਸੇਨਲ ਵਿਚਾਲੇ ਮੁਕਾਬਲੇ ਨੂੰ ਈਪੀਐੱਲ ਦੇ ਖ਼ਾਸ ਮੁਕਾਬਲਿਆਂ ਵਿਚ ਗਿਣਿਆ ਜਾਂਦਾ ਰਿਹਾ ਹੈ। ਇਨ੍ਹਾਂ ਦੋਵਾਂ ਕਲੱਬਾਂ ਨੇ 1996 ਤੋਂ ਲੈ ਕੇ 2004 ਤਕ ਲਗਾਤਾਰ ਨੌਂ ਖ਼ਿਤਾਬ ਜਿੱਤੇ ਸਨ।
Sports ਆਰਸੇਨਲ ਨੇ ਯੂਨਾਈਟਿਡ ਦੀਆਂ ਉਮੀਦਾਂ ‘ਤੇ ਫੇਰਿਆ ਪਾਣੀ