ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਆਖਿਆ ਕਿ ਮੋਦੀ ਸਰਕਾਰ ਆਰਬੀਆਈ ਦੇ ਰਾਖਵੇਂ ਅਸਾਸਿਆਂ ਵਿੱਚੋਂ 3.6 ਲੱਖ ਕਰੋੜ ਰੁਪਏ ਮੰਗ ਰਹੀ ਹੈ। ਸ੍ਰੀ ਗਾਂਧੀ ਨੇ ਵਿਅੰਗ ਨਾਲ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਆਪਣੀਆਂ ‘‘ਬਾਕਮਾਲ ਆਰਥਿਕ ਥਿਊਰੀਆਂ ਦੀ ਫ਼ਸਲ’’ ਸੰਭਾਲਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਨੂੰ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ਼ ਖੜ੍ਹੇ ਹੋਣਾ ਚਾਹੀਦਾ ਤੇ ਕੌਮ ਦੀ ਰਾਖੀ ਕਰਨੀ ਚਾਹੀਦੀ ਹੈ। ਭਾਜਪਾ ਨੇ ਇਸ ਬਾਰੇ ਅਜੇ ਤੱਕ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ ਸੀ। ਸ੍ਰੀ ਗਾਂਧੀ ਦੋਸ਼ ਲਾਉਂਦੇ ਰਹੇ ਹਨ ਕਿ ਮੋਦੀ ਸਰਕਾਰ ਇਕ ਤੋਂ ਬਾਅਦ ਇਕ ਕੌਮੀ ਸੰਸਥਾਵਾਂ ਨੂੰ ਮਲੀਆਮੇਟ ਕਰਨ ਲੱਗੀ ਹੋਈ ਹੈ।ਇਸ ਦੌਰਾਨ, ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਜੇ ਸਰਕਾਰ ਆਰਬੀਆਈ ਦੇ ਰਾਖਵੇਂ ਫੰਡ ਹਥਿਆਉਣ ਵਿਚ ਕਾਮਯਾਬ ਹੋ ਗਈ ਤਾਂ ਮਹਾਂਡਾਕੇ ਦੇ ਤੁੱਲ ਹੋਵੇਗੀ ਕਿਉਂਕਿ ਉਹ ਇਹ ਪੈਸੇ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਫੋਕੀ ਵਾਹ ਵਾਹ ਖੱਟਣ ਲਈ ਉਡਾ ਦੇਵੇਗੀ।