ਆਰਬੀਆਈ ਦੀ ਨਿਗਰਾਨੀ ਹੇਠਾਂ ਆਉਣਗੀਆਂ ਸਹਿਕਾਰੀ ਬੈਂਕਾਂ

ਨਵੀਂ ਦਿੱਲੀ (ਸਮਾਜਵੀਕਲੀ):   ਕੇਂਦਰੀ ਮੰਤਰ ਮੰਡਲ ਦੀ ਮੀਟਿੰਗ ਦੌਰਾਨ ਅੱਜ ਸਰਕਾਰ ਨੇ ਸਾਰੀਆਂ ਸਹਿਕਾਰੀ ਬੈਂਕਾਂ ਤੇ ਬਹੁ-ਰਾਜੀ ਸਹਿਕਾਰੀ ਬੈਂਕਾਂ ਨੂੰ ਰਿਜ਼ਰਵ ਬੈਂਕ ਦੀ ਨਿਗਰਾਨੀ ਹੇਠ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 2 ਫੀਸਦ ਵਿਆਜ਼ ਸਹਾਇਤਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸ਼ਹਿਰੀ ਸਹਿਕਾਰੀ ਬੈਂਕਾਂ ਤੇ ਬਹੁ-ਰਾਜੀ ਸਹਿਕਾਰੀ ਬੈਂਕਾਂ ਨੂੰ ਬਿਹਤਰ ਕਾਰਗੁਜ਼ਾਰੀ ਲਈ ਰਿਜ਼ਰਵ ਬੈਂਕ ਦੀ ਨਿਗਰਾਨੀ ਹੇਠ ਲਿਆਂਦਾ ਜਾਵੇਗਾ। ਸ੍ਰੀ ਜਾਵੜੇਕਰ ਨੇ ਕਿਹਾ ਕਿ ਇਸ ਨਾਲ ਖਾਤਾਧਾਰਕਾਂ ਨੂੰ ਭਰੋਸਾ ਮਿਲੇਗਾ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ ਤੇ ਇਸ ਬਾਰੇ ਜਲਦੀ ਹੀ ਅਾਰਡੀਨੈਂਸ ਜਾਰੀ ਕੀਤਾ ਜਾਵੇਗਾ। ਦੇਸ਼ ’ਚ 1482 ਸ਼ਹਿਰੀ ਤੇ 58 ਦੇ ਕਰੀਬ ਬਹੁਰਾਜੀ ਸਹਿਕਾਰੀ ਬੈਂਕਾਂ ਹਨ।

ਇਸੇ ਦੌਰਾਨ ਸਰਕਾਰ ਨੇ ਆਪਣੀ ਪ੍ਰਮੁੱਖ ਯੋਜਨਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਤਹਿਤ ਸ਼ਿਸ਼ੂ ਕਰਜ਼ਾ ਸ਼੍ਰੇਣੀ ਦੇ ਕਰਜ਼ਦਾਤਾਵਾਂ ਨੂੰ 2 ਫੀਸਦ ਵਿਆਜ਼ ਸਹਾਇਤਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸ਼੍ਰੇਣੀ ਤਹਿਤ ਲਾਭਪਾਤਰੀ ਨੂੰ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਬਿਨਾਂ ਕਿਸੇ ਗਾਰੰਟੀ ਦੇ ਦਿੱਤਾ ਜਾਂਦਾ ਹੈ। ਸ੍ਰੀ ਜਾਵੜੇਕਰ ਨੇ ਕਿਹਾ ਕਿ ਕਰਜ਼ਦਾਤਾਵਾਂ ਨੂੰ 31 ਮਾਰਚ 2020 ਤੱਕ ਬਕਾਇਆ ਕਰਜ਼ੇ ’ਤੇ ਵਿਆਜ਼ ਸਹਾਇਤਾ 12 ਮਹੀਨੇ ਲਈ ਮਿਲੇਗੀ।

ਇਸੇ ਤਰ੍ਹਾਂ ਸਰਕਾਰ ਨੇ ਨਿੱਜੀ ਖੇਤਰ ਦੀਆਂ ਇਕਾਈਆਂ ਨੂੰ ਡੇਅਰੀ, ਪੋਲਟਰੀ ਤੇ ਮੀਟ ਪ੍ਰੋਸੈਸਿੰਗ ਇਕਾਈਆਂ ਦੀ ਸਥਾਪਨਾ ਲਈ ਕਰਜ਼ ’ਤੇ ਤਿੰਨ ਫੀਸਦ ਵਿਆਜ ਸਹਾਇਤਾ ਮੁਹੱਈਆ ਕਰਨ ਲਈ 15 ਹਜ਼ਾਰ ਕਰੋੜ ਰੁਪਏ ਦਾ ਨਵਾਂ ਬੁਨਿਆਦੀ ਢਾਂਚਾ ਕੋਸ਼ (ਇਨਫਰਾਸਟ੍ਰੱਕਚਰ ਫੰਡ) ਬਣਾਉਣ ਦਾ ਐਲਾਨ ਕੀਤਾ ਹੈ। ਸ੍ਰੀ ਜਾਵੜੇਕਰ ਨੇ ਕਿਹਾ ਕਿ ਇਸ ਫੰਡ ਨਾਲ ਦੁੱਧ ਉਤਪਾਦਨ ਵਧਾਉਣ, ਬਰਾਮਦ ਵਧਾਉਣ ਤੇ ਦੇਸ਼ ’ਚ ਰੁਜ਼ਗਾਰ ਦੇ 35 ਲੱਖ ਮੌਕੇ ਪੈਦਾ ਕਰਨ ’ਚ ਮਦਦ ਮਿਲੇਗੀ।’

ਕੇਂਦਰੀ ਕੈਬਨਿਟ ਨੇ ਪੁਲਾੜ ਸਬੰਧੀ ਗਤੀਵਿਧੀਆਂ ’ਚ ਪ੍ਰਾਈਵੇਟ ਖੇਤਰ ਦੀ ਸ਼ਮੂਲੀਅਤ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ’ਚ ਰਾਜ ਮੰਤਰੀ ਜੀਤੇਂਦਰ ਸਿੰਘ ਨੇ ਦੱਸਿਆ ਕਿ ਨਵਾਂ ਬਣਾਇਆ ਭਾਰਤੀ ਕੌਮੀ ਪੁਲਾੜ ਪ੍ਰਚਾਰ ਤੇ ਅਥਾਰਿਟੀ ਸੈਂਟਰ (ਇਨ-ਸਪੇਸ) ਪ੍ਰਾਈਵੇਟ ਕੰਪਨੀਆਂ ਨੂੰ ਭਾਰਤੀ ਪੁਲਾੜ ਢਾਂਚੇ ਦੀ ਵਰਤੋਂ ਕਰਨ ਦੀ ਸਹੂਲਤ ਮੁਹੱਈਆ ਕਰੇਗਾ। ਸ੍ਰੀ ਜਾਵੜੇਕਰ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਹੋਰ ਪੱਛੜੇ ਵਰਗ (ਓਬੀਸੀ) ਕਮਿਸ਼ਨ ਦਾ ਕਾਰਜਕਾਲ ਛੇ ਮਹੀਨੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਕਮਿਸ਼ਨ ਦਾ ਕਾਰਜਕਾਲ 31 ਜਨਵਰੀ 2021 ਤੱਕ ਵਧਾਇਆ ਗਿਆ ਹੈ।

ਇਸੇ ਦੌਰਾਨ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਐਲਾਨਣ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਬੋਧ ਤੀਰਥ ਯਾਤਰੀਆਂ ਨੂੰ ਸੌਖ ਹੋਵੇਗੀ।

Previous articleTrump says ‘probably’ sending US troops from Germany to Poland
Next articleUK Covid-19 deaths top 43,000