ਨਵੀਂ ਦਿੱਲੀ (ਸਮਾਜ ਵੀਕਲੀ) : ਸੀਪੀਆਈ ਨੇ ਆਰਥਿਕ ਸੰਕਟ ਨੂੰ ਰੱਬ ਦਾ ਭਾਣਾ ਦੱਸਣ ਲਈ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਦੇਸ਼ ਦੇ ਮੌਜੂਦਾ ਆਰਥਿਕ ਹਾਲਾਤ ਲਈ ਪ੍ਰਮਾਤਮਾ ਨਹੀਂ ਬਲਕਿ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਰਾਸ਼ਟਰਪਤੀ ਦੇ ਭਾਸ਼ਨ ’ਤੇ ਪੇਸ਼ ਧੰਨਵਾਦੀ ਮਤੇ ’ਤੇ ਬਹਿਸ ਦੌਰਾਨ ਸੀਪੀਆਈ ਮੈਂਬਰ ਬਿਨੋਏ ਵਿਸਵਮ ਨੇ ਕਿਹਾ ਕਿ ਸਰਕਾਰ ਵੱਲੋਂ 20 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦੇ ਗਾੲੇ ਜਾ ਰਹੇ ਸੋਹਲੇ ਮਹਿਜ਼ ‘ਢਕਵੰਜ’ ਹੈ ਕਿਉਂਕਿ ਲੋਕਾਂ ਤੱਕ ਸਿਰਫ਼ 2 ਲੱਖ ਕਰੋੜ ਰੁਪਏ ਹੀ ਪਹੁੰਚੇ ਹਨ।
ਸੀਪੀਆਈ ਮੈਂਬਰ ਨੇ ਧੰਨਵਾਦ ਮਤੇ ਦਾ ਵਿਰੋਧ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਗਨਰੇਗਾ ਮਾਡਲ ਬਾਰੇ ਕੌਮੀ ਰੁਜ਼ਗਾਰ ਐਕਟ ਲੈ ਕੇ ਆਏ ਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਮੁਸ਼ਕਲਾਂ ਨੂੰ ਮੁਖਾਤਿਬ ਹੋਣ ਲਈ ਕੋਈ ਰੁਜ਼ਗਾਰ ਸਕੀਮ ਹੋਵੇ। ਵਿਸਵਮ ਨੇ ਕਿਹਾ ਕਿ ਵਿੱਤੀ ਮੰਤਰੀ ਵੱਲੋਂ ਕੋਵਿਡ-19 ਤੇ ਅਰਥਚਾਰੇ ’ਚ ਸੰਕਟ ਨੂੰ ਰੱਬ ਦਾ ਭਾਣਾ ਦੱਸਣਾ ਸਰਾਸਰ ਗ਼ਲਤ ਹੈ।