ਆਮਦਨ ਕਰ ਤੇ ਜੀਐੱਸਟੀ ਰਿਟਰਨ ਭਰਨ ਦੀ ਤਰੀਕ ਜੂਨ ਤੱਕ ਵਧਾਈ
ਏਟੀਐੱਮ ’ਚੋਂ ਪੈਸੇ ਕਢਵਾਉਣ ਤੇ ਬੱਚਤ ਖਾਤੇ ’ਚ ਘੱਟੋ-ਘੱਟ ਪੈਸੇ ਰੱਖਣ ਤੋਂ ਛੋਟ
ਕਰਜ਼ਾ ਨਾ ਮੋੜਨ ’ਤੇ ਡਿਫਾਲਟਰ ਐਲਾਨੇ ਜਾਣ ਦੀ ਸੀਮਾ ਕਰੋੜ ਤੱਕ ਵਧਾਈ
ਨਵੀਂ ਦਿੱਲੀ– ਕਰੋਨਾਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਨਾਲ ਆਪਣੇ ਘਰਾਂ ਵਿੱਚ ਬੰਦ ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਆਮਦਨ ਕਰ ਤੇ ਜੀਐੱਸਟੀ ਰਿਟਰਨ ਭਰਨ ਲਈ 31 ਮਾਰਚ ਨੂੰ ਸਮਾਪਤ ਹੋ ਰਹੇ ਵਿੱਤੀ ਵਰ੍ਹੇ ਦੀ ਆਖ਼ਰੀ ਤਰੀਕ ਦੇ ਮਾਮਲੇ ਵਿੱਚ ਸਰਕਾਰ ਨੇ ਕੁਝ ਛੋਟਾਂ ਦਾ ਐਲਾਨ ਕੀਤਾ ਹੈ।
ਸਰਕਾਰ ਨੇ ਆਮਦਨ ਕਰ ਰਿਟਰਨ ਦਾਖ਼ਲ ਕਰਨ ਦੀ ਸਮਾਂ ਸੀਮਾ 30 ਜੂਨ ਤੱਕ ਵਧਾ ਦਿੱਤੀ ਹੈ। ਇਸੇ ਤਰ੍ਹਾਂ ਜੀਐੱਸਟੀ ਰਿਟਰਨ ਭਰਨ ਦੀ ਆਖ਼ਰੀ ਤਰੀਕ ਨੂੰ ਵੀ 31 ਮਾਰਚ ਤੋਂ ਵਧਾ ਕੇ ਜੂਨ ਦੇ ਆਖ਼ਰੀ ਹਫ਼ਤੇ ਤੱਕ ਕਰ ਦਿੱਤਾ ਗਿਆ ਹੈ। ਕੰਪਨੀਆਂ ਨੂੰ ਕਰਜ਼ਾ ਸਬੰਧੀ ਕਾਰਵਾਈ ਤੋਂ ਬਚਾਉਣ ਲਈ ਆਈਬੀਸੀ ਨਿਯਮਾਂ ’ਚ ਵੀ ਕੁਝ ਰਾਹਤ ਦਿੱਤੀ ਗਈ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਨੂੰ ਕੰਟਰੋਲ ਵਿੱਚ ਰੱਖਣ ਲਈ ਕੀਤੀ ਗਈ ਤਾਲਾਬੰਦੀ ਨਾਲ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਪਟਣ ਲਈ ਸਰਕਾਰ ਇਕ ਆਰਥਿਤ ਰਾਹਤ ਪੈਕੇਜ ਦੇਣ ’ਤੇ ਵਿਚਾਰ ਕਰ ਰਹੀ ਹੈ। ਇਸ ਬਾਰੇ ਜਲਦੀ ਐਲਾਨ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਬੈਂਕ ਦੇ ਬੱਚਤ ਖਾਤਿਆਂ ਵਿਚ ਘੱਟੋ-ਘੱਟ ਰਾਸ਼ੀ ਰੱਖਣ ਅਤੇ ਹੋਰਨਾਂ ਬੈਂਕਾਂ ਦੇ ਏਟੀਐੱਮਜ਼ ਤੋਂ ਪੈਸੇ ਕਢਵਾਉਣ ’ਤੇ ਲੱਗਣ ਵਾਲੇ ਚਾਰਜਿਜ਼ ਤੋਂ ਵੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਛੋਟਾਂ 30 ਜੂਨ ਤੱਕ ਜਾਰੀ ਰਹਿਣਗੀਆਂ। ਨਿੱਜੀ ਖੇਤਰ ਦੇ ਬੈਂਕਾਂ ਸਣੇ ਸਾਰੇ ਬੈਂਕ ਇਸ ਦਾ ਪਾਲਣ ਕਰਨਗੇ। ਉਨ੍ਹਾਂ ਡਿਜੀਟਲ ਕਾਰੋਬਾਰੀ ਲੈਣ-ਦੇਣ ’ਤੇ ਲੱਗਣ ਵਾਲੇ ਚਾਰਜਿਜ਼ ਤੋਂ ਵੀ ਛੋਟ ਦਿੱਤੀ ਹੈ।
ਕਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿਚ ਕੀਤੀ ਗਈ ਤਾਲਾਬੰਦੀ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਨੇ ਕਿਹਾ ਕਿ ਕੰਪਨੀਆਂ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਨਾ ਮੋੜੇ ਜਾਣ ਅਤੇ ਉਸ ਨੂੰ ਡਿਫਾਲਟਰ ਐਲਾਨੇ ਜਾਣ ਦੀ ਸੀਮਾ ਨੂੰ ਮੌਜੂਦਾ ਇਕ ਲੱਖ ਰੁਪਏ ਤੋਂ ਵਧਾ ਕੇ ਇਕ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਪਹਿਲੇ ਜਿੱਥੇ ਇਕ ਲੱਖ ਰੁਪਏ ਤੋਂ ਵੱਧ ਦੇ ਕਰਜ਼ਾ ਡਿਫਾਲਟ ’ਤੇ ਕੰਪਨੀ ਖ਼ਿਲਾਫ਼ ਕਾਰਵਾਈ ਸ਼ੁਰੂ ਹੋ ਸਕਦੀ ਸੀ ਹੁਣ ੳਹ ਇਕ ਕਰੋੜ ਰੁਪਏ ਤੱਕ ਦੇ ਕਰਜ਼ੇ ਮੋੜਨ ’ਚ ਨਾਕਾਮ ਰਹਿਣ ਤੋਂ ਬਾਅਦ ਸ਼ੁਰੂ ਹੋ ਸਕੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਮੌਜੂਦਾ ਸਥਿਤੀ 30 ਅਪਰੈਲ, 2020 ਤੱਕ ਵੀ ਜਾਰੀ ਰਹਿੰਦੀ ਹੈ ਤਾਂ ਸਰਕਾਰ ਦੀਵਾਲੀਆਪਣ ਤੇ ਨਾ ਮੁੜਨਯੋਗ ਕਰਜ਼ਿਆਂ ਸਬੰਧੀ ਕਾਨੂੰਨ 2016 ਦੀ ਧਾਰਾ 7, 9 ਤੇ 10 ਨੂੰ ਛੇ ਮਹੀਨੇ ਲਈ ਰੱਦ ਕਰ ਸਕਦੀ ਹੈ ਤਾਂ ਜੋ ਵੱਡੀ ਗਿਣਤੀ ਕੰਪਨੀਆਂ ਨੂੰ ਦੀਵਾਲੀਆ ਪ੍ਰਕਿਰਿਆ ਅਧੀਨ ਜਾਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸ਼ੇਅਰ ਬਾਜ਼ਾਰਾਂ ਦੇ ਉਤਾਰ-ਚੜ੍ਹਾਅ ’ਤੇ ਬਾਜ਼ਾਰ ਰੈਗੂਲੇਟਰੀ ਸੰਸਥਾਵਾਂ, ਵਿੱਤ ਮੰਤਰਾਲੇ ਤੇ ਰਿਜ਼ਰਵ ਬੈਂਕ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਸ਼ੇਅਰ ਬਾਜ਼ਾਰ ਤੇ ਦੂਜੇ ਵਿੱਤੀ ਬਾਜ਼ਾਰਾਂ ਦੀ ਸਥਿਤੀ ਦੀ ਦਿਨ ਵਿੱਚ ਤਿੰਨ ਵਾਰ ਸਮੀਖਿਆ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕਰੋਨਵਾਇਰਸ ਫੈਲਣ ਦੇ ਬਾਅਦ ਤੋਂ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ। ਪਿਛਲੇ ਇਕ ਮਹੀਨੇ ਵਿੱਚ ਸ਼ੇਅਰ ਬਾਜ਼ਾਰ 15000 ਅੰਕ ਤੋਂ ਵੱਧ ਡਿੱਗ ਚੁੱਕਾ ਹੈ।