ਜਲੰਧਰ : ਗੌਰਮਿੰਟ ਆਰਟਸ ਤੇ ਸਪੋਰਟਸ ਕਾਲਜ ਜਲੰਧਰ ਵਿਖੇ ਸੰਵਿਧਾਨ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਵੱਲੋਂ ਉਘੇ ਅੰਬੇਡਕਰਵਾਦੀ ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਸਰਪ੍ਰਸਤ ਲਾਹੌਰੀ ਰਾਮ ਬਾਲੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਕਾਲਜ ਵਿਖੇ ਆਡੀਟੋਰੀਅਮ ਵਿਚ ਭਾਰੀ ਗਿਣਤੀ ‘ਚ ਇਕੱਠੇ ਹੋਏ ਪ੍ਰੋਫੈਸਰ ਸਹਿਬਾਨ ਅਤੇ ਵਿਦਿਆਰਥੀਆਂ ਨੂੰ ਬਾਲੀ ਨੇ ਹਵਾਲੇ ਦੇ ਕੇ ਭਾਰਤ ਦੇ ਸੰਵਿਧਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਅੰਬੇਡਕਰ ਨੇ ਦੋ ਸਾਲ, ਗਿਆਰਾਂ ਮਹੀਨੇ ਅਤੇ ਅਠਾਰਾਂ
ਦਿਨ ਬਹੁਤ ਸਖ਼ਤ ਮੇਹਨਤ ਨਾਲ ਸੁਤੰਤਰ ਭਾਰਤ ਲਈ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੇ ਆਪਣੇ ਇਤਿਹਾਸਕ ਕੰਮ ਨੂੰ ਪੂਰਾ ਕੀਤਾ ਜੋ 26 ਨਵੰਬਰ ਸੰਨ 1949 ਨੂੰ ਸੰਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਅਤੇ 26 ਜਨਵਰੀ ਸੰਨ 1950 ਨੂੰ ਲਾਗੂ ਹੋਇਆ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ, ‘ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ।’ ਸੰਵਿਧਾਨ ਦੇ ਅਨੁਛੇਦ 13 ‘ਚ ਉਪਬੰਧ ਹੈ: ਇਸ ਸੰਵਿਧਾਨ ਦੇ ਅਰੰਭ ਹੋਣ ਤੋਂ ਤੁਰੰਤ ਪਹਿਲਾਂ ਭਾਰਤ ਦੇ ਪ੍ਰਦੇਸ਼ ਵਿਚ ਲਾਗੂ ਸਾਰੇ ਕਾਨੂੰਨ, ਜਿੱਥੋਂ ਤੱਕ ਉਹ ਇਸ ਹਿੱਸੇ ਦੀਆਂ ਧਾਰਾਵਾਂ ਨਾਲ ਮੇਲ ਨਹੀਂ ਖਾਂਦੇ, ਇਸ ਤਰ੍ਹਾਂ ਦੇ ਅਸੰਗਤਤਾ ਦੀ ਹੱਦ ਤਕ, ਰੱਦ ਕੀਤੇ ਜਾਣਗੇ। “ਕਾਨੂੰਨ” ਵਿਚ ਕੋਈ ਆਰਡੀਨੈਂਸ , ਆਰਡਰ, ਬਾਈ-ਲਾਅ, ਨਿਯਮ, ਨੋਟੀਫਿਕੇਸ਼ਨ, ਰਿਵਾਜ ਜਾਂ ਇਸਤੇਮਾਲ ਸ਼ਾਮਲ ਹੈ ਜਿਸ ਨਾਲ ਭਾਰਤ ਦੇ ਪ੍ਰਦੇਸ਼ ਵਿਚ ਕਾਨੂੰਨ ਦੀ ਸ਼ਕਤੀ ਹੋਵੇ. ਸਮਾਨਤਾ ਦਾ ਅਧਿਕਾਰ ਭਾਰਤੀ ਸੰਵਿਧਾਨ ਦੁਆਰਾ ਦਿੱਤਾ ਗਿਆ ਮੁੱਖ ਅਧਿਕਾਰ ਹੈ। ਇਹ ਭਾਰਤੀ ਸੰਵਿਧਾਨ ਦੇ ਅਨੁਛੇਦ 14, 15, 16, 17 ਅਤੇ 18 ਅਧੀਨ ਦਿੱਤਾ ਜਾਂਦਾ ਹੈ। ਇਹ ਬਾਕੀ ਦੇ ਅਧਿਕਾਰਾਂ ਲਈ ਵੀ ਪ੍ਰਮੁੱਖ ਬੁਨਿਆਦ ਹੈ। ਅਨੁਛੇਦ 14 ਅਨੁਸਾਰ ਭਾਰਤ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਇੱਕ ਬਰਾਬਰੀ ਨਾਲ ਕਾਨੂੰਨ ਦੀ ਰੱਖਿਆ ਪ੍ਰਦਾਨ ਕਰਦਾ ਹੈ। ਭਾਵ ਕਿ ਰਾਜ ਇੱਕੋ ਜਿਹੇ ਹਲਾਤਾਂ ਵਿੱਚ ਸਬ ਨਾਗਰਿਕਾਂ ਨਾਲ ਇੱਕੋ ਜਿਹਾ ਸਲੂਕ ਕਰੇਗਾ। ਇਸ ਅਨੁਛੇਦ ਅਨੁਸਾਰ, ਭਾਵੇਂ ਉਹ ਭਾਰਤੀ ਨਾਗਰਿਕ ਹੈ ਜਾਂ ਨਹੀਂ, ਜੇਕਰ ਹਲਾਤ ਅਲੱਗ ਹਨ ਤਾਂ ਉਹਨਾਂ ਨਾਲ ਅਲੱਗ ਤਰੀਕੇ ਨਾਲ ਸਲੂਕ ਕੀਤਾ ਜਾਵੇਗਾ। ਅਨੁਛੇਦ-15 ਅਨੁਸਾਰ ਧਰਮ, ਨਸਲ, ਜਾਤ, ਰੰਗ, ਲਿੰਗ ਜਾਂ ਜਨਮ ਸਥਾਨ ਦੇ ਅਧਾਰ ਤੇ ਵਿਤਕਰੇ ਦੀ ਮਨਾਹੀ ਹੈ। ਕਿਸੇ ਵੀ ਵਿਅਕਤੀ ਨੂੰ ਇਹਨਾਂ ਅਧਾਰਾਂ ਕਿਸੇ ਦੁਕਾਨ, ਹੋਟਲ, ਜਨਤਕ ਰੈਸਟੋਰੈਂਟ, ਜਨਤਕ ਪਾਰਕ, ਖੂਹ, ਟੈਂਕ, ਇਸ਼ਨਾਨ ਘਰਾਂ, ਸੜ੍ਹਕਾਂ ਅਤੇ ਹੋਰ ਜਨਤਕ ਸਥਾਨਾਂ ਤੇ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਹੈ। ਅਨੁਛੇਦ-16 ਅਨੁਸਾਰ ਸੰਵਿਧਾਨ ਰਾਜ ਅਧੀਨ ਕਿਸੇ ਵੀ ਅਹੁਦੇ ਸਬੰਧੀ ਨਾਗਰਿਕਾਂ ਦੇ ਰੁਜ਼ਗਾਰ ਜਾਂ ਨਿਯੁਕਤੀ ਸਬੰਧੀ ਮੌਕਿਆਂ ਦੀ ਸਮਾਨਤਾ ਪ੍ਰਦਾਨ ਕਰਦਾ ਹੈ। ਕਿਸੇ ਵੀ ਨਾਗਰਿਕ ਨੂੰ ਕਿਸੇ ਅਹੁਦੇ ਜਾਂ ਰੋਜ਼ਗਾਰ ਦੇਣ ਸਮੇਂ ਧਰਮ, ਨਸਲ, ਜਾਤ, ਰੰਗ, ਲਿੰਗ ਜਾਂ ਜਨਮ ਸਥਾਨ ਦੇ ਅਧਾਰ ਤੇ ਆਯੋਗ ਨਹੀਂ ਠਹਿਰਾਇਆ ਜਾ ਸਕਦਾ ਹੈ ਅਤੇ ਇਸ ਸਬੰਧੀ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ। ਅਨੁਛੇਦ 17 ਅਨੁਸਾਰ ਭਾਰਤ ਵਿੱਚ ਛੂਤ-ਛਾਤ ਅਤੇ ਇਸਦੇ ਕਿਸੇ ਵੀ ਤਰ੍ਹਾਂ ਪ੍ਰਚਲਨ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਸ ਅਨੁਛੇਦ ਦੁਆਰਾ ਕਨੂੰਨ ਤੌਰ ‘ਤੇ ਛੂਤ-ਛਾਤ ਨੂੰ ਸਜ਼ਾ ਯੋਗ ਅਪਰਾਧ ਘੋਸ਼ਿਤ ਕੀਤਾ ਗਿਆ ਹੈ।
ਸੰਮੇਲਨ ਤੋਂ ਪਹਿਲਾਂ ਆਪਣੇ 1949 ਦੇ ਭਾਸ਼ਣ ਵਿਚ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦੇ ਚੇਅਰਮੈਨ ਭੀਮ ਰਾਓ ਅੰਬੇਡਕਰ ਨੇ ਕਿਹਾ ਸੀ, “ਜੇ ਨਵੇਂ ਸੰਵਿਧਾਨ ਅਧੀਨ ਚੀਜ਼ਾਂ ਗਲਤ ਹੋ ਜਾਂਦੀਆਂ ਹਨ ਤਾਂ ਇਸਦਾ ਕਾਰਨ ਇਹ ਨਹੀਂ ਹੋਵੇਗਾ ਕਿ ਸਾਡੇ ਕੋਲ ਮਾੜਾ ਸੰਵਿਧਾਨ ਸੀ। ਸਾਡੇ ਕੋਲ ਕਹਿਣ ਲਈ ਕੀ ਹੋਵੇਗਾ ਕਿ ਆਦਮੀ ਦੁਸ਼ਟ ਸੀ।” ਲਾਹੌਰੀ ਰਾਮ ਬਾਲੀ ਨੇ ਚਿੰਤਾ ਪ੍ਰਗਟ ਕੀਤੀ ਕਿ ਸੰਵਿਧਾਨ ਲਾਗੂ ਹੋਇਆਂ 70 ਸਾਲ ਹੋ ਗਏ ਹਨ ਪਰ ਕਿਸੇ ਵੀ ਸਰਕਾਰ ਨੇ ਸੰਵਿਧਾਨ ਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇ ਅਜੇ ਵੀ ਸਰਕਾਰਾਂ ਨੇ ਸੰਵਿਧਾਨ ਨੂੰ ਇਮਾਨਦਾਰੀ ਨਾਲ ਲਾਗੂ ਕਰਨ ‘ਚ ਕੁਤਾਹੀ ਕੀਤੀ ਤਾਂ ਦੇਸ਼ ਵਿਚ ਖਾਨਾਜੰਗੀ ਦੇ ਹਾਲਾਤ ਪੈਦਾ ਹੋ ਸਕਦੇ ਹਨ। ਭਾਸ਼ਣ ਤੋਂ ਬਾਦ ਵਿਦਿਆਰਥੀਆਂ ਨੇ ਸੰਵਿਧਾਨ ਨਾਲ ਸੰਬੰਧਿਤ ਸਵਾਲ ਪੁਛੇ ਅਤੇ ਬਾਲੀ ਜੀ ਨੇ ਉਨ੍ਹਾਂ ਦਾ ਤਸੱਲੀਬਖ਼ਸ਼ ਉੱਤਰ ਦਿੱਤਾ। ਪ੍ਰੋਫੈਸਰ ਅਸ਼ਵਨੀ ਜੱਸਲ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਸਟੇਜ ਸੰਚਾਲਨ ਬਾਖੂਬੀ ਕੀਤਾ। ਕਾਲਜ ਦੀ ਪ੍ਰਿੰਸੀਪਲ ਪਰਮਜੀਤ ਕੌਰ ਸੰਧੂ ਨੇ ਆਏ ਹੋਏ ਪ੍ਰੋਫੈਸਰਾਂ, ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਇਸ ਮੌਕੇ ਕਾਲਜ ਦੀ ਵਾਈਸ ਪ੍ਰਿੰਸੀਪਲ ਬਲਵਿੰਦਰ ਕੌਰ, ਪ੍ਰੋਫੈਸਰ ਰਜਨੀਸ਼ ਕੁਮਾਰ, ਸੋਹਨ ਲਾਲ ਸਾਬਕਾ ਡੀ ਪੀ ਆਈ ਕਾਲਜਾਂ, ਚਰਨ ਦੱਸ ਸੰਧੂ ਅਤੇ ਬਲਦੇਵ ਰਾਜ ਭਾਰਦਵਾਜ ਵਿਸ਼ੇਸ ਤੌਰ ਤੇ ਸ਼ਾਮਲ ਹੋਏ. ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਵਿਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਨੋਟ ਰਾਹੀਂ ਦਿਤੀ।
- ਬਲਦੇਵ ਰਾਜ ਭਾਰਦਵਾਜ , ਮੋਬਾਈਲ ਨੰ: 9815701023