ਪਟਨਾ (ਸਮਾਜਵੀਕਲੀ): ਰਾਸ਼ਟਰੀ ਜਨਤਾ ਦਲ (ਆਰਜੇਡੀ) ਨਾਲ ਸਬੰਧਤ ਵਿਧਾਨ ਪ੍ਰੀਸ਼ਦ ਦੇ ਪੰਜ ਮੈਂਬਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਗਾਮੀ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਅਸਤੀਫ਼ਿਆਂ ਨਾਲ ਆਰਜੇਡੀ ਨੂੰ ਵੱਡਾ ਝਟਕਾ ਲੱਗਾ ਹੈ। ਬਿਹਾਰ ਦੀ ਵਿਧਾਨ ਪ੍ਰੀਸ਼ਦ ਵਿਚ ਪਾੜਾ ਪੈ ਗਿਆ ਹੈ ਤੇ ਅਸਤੀਫ਼ਾ ਦੇ ਕੇ ਮੈਂਬਰਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜੇਡੀ (ਯੂ) ਵਿਚ ਸ਼ਮੂਲੀਅਤ ਕਰ ਲਈ ਹੈ।
ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਤੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਕੱਟੜ ਹਮਾਇਤੀ ਰਘੂਵੰਸ਼ ਪ੍ਰਸਾਦ ਸਿੰਘ ਨੇ ਪਾਰਟੀ ਦੇ ਕੌਮੀ ਉਪ ਪ੍ਰਧਾਨ ਦੇ ਅਹੁਦੇ ’ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਰਜੇਡੀ ਦੇ ਸੰਸਥਾਪਕਾਂ ਵਿਚੋਂ ਇਕ ਰਘੂਵੰਸ਼ ਪ੍ਰਸਾਦ ਨੇ ਅਸਤੀਫ਼ਾ ਆਪਣੇ ਇਕ ਵਿਰੋਧੀ ਨੂੰ ਪਾਰਟੀ ’ਚ ਸ਼ਾਮਲ ਕਰਨ ਦੀ ਤਜਵੀਜ਼ ਮਗਰੋਂ ਰੋਸ ਵਜੋਂ ਦਿੱਤਾ ਹੈ। ਅਸਤੀਫ਼ਾ ਦੇਣ ਵਾਲੇ ਪ੍ਰੀਸ਼ਦ ਮੈਂਬਰਾਂ ਵਿਚ ਐੱਸਐਮ ਕਮਰ ਆਲਮ, ਸੰਜੈ ਪ੍ਰਸਾਦ, ਰਾਧਾ ਚਰਨ ਸੇਠ, ਰਣਵਿਜੈ ਕੁਮਾਰ ਸਿੰਘ ਤੇ ਦਿਲੀਪ ਰਾਏ ਸ਼ਾਮਲ ਹਨ।
ਮੈਂਬਰਾਂ ਨੇ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਨੂੰ ਕਿਹਾ ਕਿ ਉਨ੍ਹਾਂ ਨੂੰ ਵੱਖ ਗਰੁੱਪ ਵਜੋਂ ਮਾਨਤਾ ਦਿੱਤੀ ਜਾਵੇ ਤੇ ਜੇਡੀ(ਯੂ) ਵਿਚ ਸ਼ਾਮਲ ਹੋਣ ਦੀ ਵੀ ਇਜਾਜ਼ਤ ਦਿੱਤੀ ਜਾਵੇ। ਜੇਡੀ (ਯੂ) ਦੀ ਮੁੱਖ ਵ੍ਹਿਪ ਰੀਨਾ ਯਾਦਵ ਮੈਂਬਰਾਂ ਦੇ ਨਾਲ ਵਿਧਾਨ ਪ੍ਰੀਸ਼ਦ ਆਈ।