ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ’ਤੇ ਫਸੇ ਦੋ ਹਜ਼ਾਰ ਦੇ ਕਰੀਬ ਸਿਵਲੀਅਨ ਵਾਹਨਾਂ ਨੂੰ ਉਥੋਂ ਹਟਾਉਣ ਮਗਰੋਂ ਹਫ਼ਤੇ ਵਿੱਚ ਦੋ ਦਿਨ ਕੌਮੀ ਸ਼ਾਹਰਾਹ ’ਤੇ ਆਮ ਵਾਹਨਾਂ ਦੀ ਆਮਦੋ-ਰਫ਼ਤ ’ਤੇ ਲੱਗੀ ਪਾਬੰਦੀ ਅੱਜ ਤੋਂ ਅਮਲ ਵਿੱਚ ਆ ਗਈ।
ਰਾਜਪਾਲ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਸੁਰੱਖਿਆ ਬਲਾਂ ਦੇ ਕਾਫ਼ਲਿਆਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਪਿਛਲੇ ਹਫ਼ਤੇ 270 ਕਿਲੋਮੀਟਰ ਲੰਮੇ ਸ਼ਾਹਰਾਹ ’ਤੇ ਹਫ਼ਤੇ ’ਚ ਦੋ ਦਿਨ (ਐਤਵਾਰ ਤੇ ਬੁੱਧਵਾਰ) ਸਿਵਲੀਅਨ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਾ ਦਿੱੱਤੀ ਸੀ। ਪਾਬੰਦੀ ਦੇ ਹੁਕਮ 31 ਮਈ ਤਕ ਆਇਦ ਰਹਿਣਗੇ। ਉਂਜ ਲੋਕ ਰੋਹ ਦੇ ਚਲਦਿਆਂ ਪ੍ਰਸ਼ਾਸਨ ਮਰੀਜ਼ਾਂ, ਵਿਦਿਆਰਥੀਆਂ,
ਲਾਨੀਆਂ ਤੇ ਹੋਰਨਾਂ ਨੂੰ ਐਮਰਜੈਂਸੀ ਦੀ ਹਾਲਤ ਵਿੱਚ ਜਾਂਚ ਮਗਰੋਂ ਪਾਬੰਦੀ ਦੇ ਅਰਸੇ ਦੌਰਾਨ ਹਾਈਵੇਅ ’ਤੇ ਵਾਹਨ ਲਿਜਾਣ ਦੀ ਇਜਾਜ਼ਤ ਪਹਿਲਾਂ ਹੀ ਦੇ ਚੁੱਕਾ ਹੈ। ਇਸ ਦੌਰਾਨ ਅੱਜ ਆਮ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇਹ ਫੈਸਲਾ ਪੁਲਵਾਮਾ ਦਹਿਸ਼ਤੀ ਹਮਲੇ, ਜਿਸ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ, ਅਤੇ 30 ਮਾਰਚ ਨੂੰ ਰਾਮਬਨ ਜ਼ਿਲ੍ਹੇ ਵਿੱਚ ਬਨੀਹਾਲ ਨੇੜੇ ਹਾਈਵੇਅ ’ਤੇ ਸੀਆਰਪੀਐਫ਼ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਣ ਦੀ ਸੱਜਰੀ ਕੋਸ਼ਿਸ਼ ਦੇ ਮੱਦੇਨਜ਼ਰ ਲਿਆ ਹੈ। ਡੀਐਸਪੀ ਟਰੈਫ਼ਿਕ (ਕੌਮੀ ਸ਼ਾਹਰਾਹ ਰਾਮਬਨ) ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਵੱਡੇ ਪੱਧਰ ’ਤੇ ਢਿੱਗਾਂ ਡਿੱਗਣ ਕਰਕੇ ਰਾਮਬਨ ਜ਼ਿਲ੍ਹੇ ਵਿੱਚ ਅਨੋਖੀ ਫਾਲ ਨੇੜੇ ਸ਼ਾਹਰਾਹ ਬੰਦ ਸੀ, ਜਿਸ ਕਰਕੇ ਜੰਮੂ-ਸ੍ਰੀਨਗਰ ਸ਼ਾਹਰਾਹ ’ਤੇ ਦੋ ਹਜ਼ਾਰ ਦੇ ਕਰੀਬ ਵਾਹਨ ਫਸੇ ਹੋਏ ਸਨ। ਉਨ੍ਹਾਂ ਕਿਹਾ, ‘ਅੱਜ ਵੱਡੇ ਤੜਕੇ ਤਿੰਨ ਵਜੇ ਦੇ ਕਰੀਬ 14 ਘੰਟੇ ਦੇ ਅਪਰੇਸ਼ਨ ਮਗਰੋਂ ਮਲਬੇ ਨੂੰ ਸ਼ਾਹਰਾਹ ਤੋਂ ਹਟਾਉਣ ਮਗਰੋਂ ਵਾਹਨਾਂ ਨੂੰ ਜੰਮੂ ਵੱਲ ਤੋਰ ਦਿੱਤਾ ਗਿਆ ਹੈ।’ ਉਨ੍ਹਾਂ ਕਿਹਾ ਕਿ ਹਾਈਵੇਅ ਨੂੰ ਸਿਵਲੀਅਨ ਵਾਹਨਾਂ ਲਈ ਬੰਦ ਕਰਨ ਤੋਂ ਪਹਿਲਾਂ ਟਰੱਕਾਂ ਤੇ ਮੁਸਾਫ਼ਰ ਵਾਹਨਾਂ ਨੂੰ ਉਥੋਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਪਾਬੰਦੀ ਦੇ ਹੁਕਮ ਸਵੇਰੇ ਚਾਰ ਵਜੇ ਤੋਂ ਸ਼ਾਮ ਪੰਜ ਵਜੇ ਤਕ ਅਮਲ ਵਿੱਚ ਹੋਣ ਕਰਕੇ ਕਿਸੇ ਵੀ ਸਿਵਲੀਅਨ ਵਾਹਨ ਨੂੰ ਹਾਈਵੇਅ ’ਤੇ ਚੱਲਣ ਤੋਂ ਰੋਕ ਦਿੱਤਾ ਗਿਆ ਹੈ। ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਹਾਈਵੇਅ ਨਾਲ ਜੁੜਦੀਆਂ ਲਿੰਕ ਸੜਕਾਂ ’ਤੇ ਫੌਜ, ਪੁਲੀਸ ਤੇ ਸੀਆਰਪੀਐਫ ਦਾ ਅਮਲਾ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਅੱਜ ਇਕ ਵਿਆਹ ਵਾਲੀ ਪਾਰਟੀ ਨੂੰ ਅਨੰਤਨਾਗ ਜ਼ਿਲ੍ਹੇ ਤੋਂ ਡੋਡਾ ਜ਼ਿਲ੍ਹੇ ਤਕ ਸਫ਼ਰ ਦੀ ਇਜਾਜ਼ਤ ਦਿੱਤੀ ਗਈ। ਵਿਆਹ ਪਾਰਟੀ ਦੇ ਵਾਹਨਾਂ ਨੂੰ ਇਸ ਲਈ ਵਿਸ਼ੇਸ਼ ਪਰਮਿਟ ਜਾਰੀ ਕੀਤਾ ਗਿਆ।
HOME ਆਮ ਟਰੈਫਿਕ ’ਤੇ ਪਾਬੰਦੀ ਕਾਰਨ ਰੁਕੀ ਜ਼ਿੰਦਗੀ