ਭਾਰਤ-ਪਾਕਿ ਵਿਚਾਲੇ ਬਣੇ ਤਣਾਅ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਦੇਸ਼ ਵਿਚ ਆਮ ਚੋਣਾਂ ਸਮੇਂ ਸਿਰ ਹੀ ਹੋਣਗੀਆਂ। ਚੋਣ ਕਮਿਸ਼ਨਰ ਪਿਛਲੇ ਦੋ ਦਿਨਾਂ ਤੋਂ ਉੱਤਰ ਪ੍ਰਦੇਸ਼ ਵਿਚ ਹਨ ਤੇ ਰਾਜ ਵਿਚ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਨਵੇਂ ਨੋਟੀਫ਼ਿਕੇਸ਼ਨ ਮੁਤਾਬਕ ਉਮੀਦਵਾਰਾਂ ਨੂੰ ਆਪਣੀਆਂ ਦੇਸ਼ ਵਿਚਲੀਆਂ ਜਾਇਦਾਦਾਂ ਦੇ ਨਾਲ ਹੀ ਵਿਦੇਸ਼ੀ ਸੰਪਤੀ ਬਾਰੇ ਵੀ ਵਿਸਤਾਰ ਵਿਚ ਦੱਸਣਾ ਪਏਗਾ। ਉਨ੍ਹਾਂ ਕਿਹਾ ਕਿ ਸੂਚਨਾ-ਤਕਨੀਕ ਵਿਭਾਗ ਮਿਲੀ ਜਾਣਕਾਰੀ ਦੀ ਜਾਂਚ ਕਰੇਗਾ ਤੇ ਜੇ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਸੂਚਨਾ ਨਾਲ ਇਹ ਮੇਲ ਨਾ ਖਾਂਦੀ ਹੋਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭੜਕਾਊ ਭਾਸ਼ਨਾਂ ਬਾਰੇ ਪੁੱਛੇ ਜਾਣ ’ਤੇ ਅਰੋੜਾ ਨੇ ਕਿਹਾ ਕਿ ਉਨ੍ਹਾਂ ਪਿਛਲੀਆਂ ਚੋਣਾਂ ਵਿਚ ਅਜਿਹੇ ਮਾਮਲਿਆਂ ਦੀ ਤਾਜ਼ਾ ਸਥਿਤੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਸਾਹਮਣੇ ਆਇਆ ਹੈ, ਉਸ ਬਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਪੁਲੀਸ ਮੁਖੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਸੂਬਾ ਅਧਿਕਾਰੀਆਂ ਨੇ ਅਜਿਹੇ ਮਾਮਲਿਆਂ ਸਬੰਧੀ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਆਜ਼ਾਦ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਮਿਲਣ ਵਾਲੀ ਕਿਸੇ ਵੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ‘ਸੀ-ਵਿਜਿਲ’ ਐਪ ਜਲਦੀ ਲਾਂਚ ਕਰੇਗਾ। ਇਸ ’ਤੇ ਚੋਣਾਂ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ ਤੇ ਸ਼ਿਕਾਇਤਕਰਤਾ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਨਜ਼ਰ ਰੱਖਣ ਲਈ ਵੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਈਵੀਐਮਜ਼ ਦੀ ਭਰੋਸੇਯੋਗਤਾ ਉੱਤੇ ਸਵਾਲੀਆਂ ਚਿੰਨ੍ਹ ਲਾਉਣ ਦੇ ਮਾਮਲੇ ’ਤੇ ਚੋਣ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਨੂੰ ‘ਫੁਟਬਾਲ’ ਵਾਂਗ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ ਦਹਾਕਿਆਂ ਤੋਂ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਹੋ ਰਹੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ 2014 ਲੋਕ ਸਭਾ ਚੋਣਾਂ ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਫ਼ਰਕ ਸੀ। ਕਮਿਸ਼ਨਰ ਨੇ ਕਿਹਾ ਕਿ ਈਵੀਐਮਜ਼ ਬਣਾਉਣ ਵੇਲੇ ਬੇਹੱਦ ਇਹਤਿਆਤ ਵਰਤੀ ਜਾਂਦੀ ਹੈ ਤੇ ਰੱਖਿਆ ਉਪਕਰਨ ਬਣਾਉਣ ਵਾਲੀਆਂ ਸਰਕਾਰੀ ਫਰਮਾਂ ਇਨ੍ਹਾਂ ਦਾ ਨਿਰਮਾਣ ਕਰਦੀਆਂ ਹਨ। ਕਮਿਸ਼ਨ ਕੁੱਲ 1,63,331 ਚੋਣ ਕੇਂਦਰਾਂ ’ਤੇ ਵੀਵੀਪੈਟ ਮਸ਼ੀਨਾਂ ਵਰਤੇਗਾ।