ਚੰਡੀਗੜ੍ਹ (ਸਮਾਜ ਵੀਕਲੀ) : ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ’ਤੇ ਜਬਰੀ ਥੋਪੇ ਜਾ ਰਹੇ ਖੇਤੀ ਕਾਨੂੰਨਾਂ ਖ਼ਿਲਾਫ਼ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਲੇ ਚੋਲੇ ਪਾ ਕੇ ਪਹੁੰਚੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਧਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਊਨ੍ਹਾਂ ਬਾਹਰ ਕੇਂਦਰ ਦੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ। ਟਰੈਕਟਰ ਰੋਕਣ ਲਈ ਲਾਏ ਬੈਰੀਕੇਡਾਂ ’ਤੇ ‘ਆਪ’ ਵਿਧਾਇਕਾਂ ਨੂੰ ਵੀ ਪੁਲੀਸ ਨੇ ਕੁਝ ਸਮਾਂ ਰੋਕੀ ਰੱਖਿਆ। ਇਸ ਮੌਕੇ ਪੁਲੀਸ ਅਤੇ ‘ਆਪ’ ਵਿਧਾਇਕਾਂ ਦੀ ਬਹਿਸਬਾਜ਼ੀ ਵੀ ਹੋਈ।
ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੁਲੀਸ ਨੂੰ ਵਰਜਿਆ ਜਿਸ ਮਗਰੋਂ ਪੁਲੀਸ ਨੇ ਰਸਤਾ ਖੋਲ੍ਹ ਦਿੱਤਾ। ਵਿਧਾਇਕ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਏ ਕਿ ਵਿਧਾਇਕਾਂ ਨੂੰ ਉਠਾਉਣ ਲਈ ਕੰਪਲੈਕਸ ਅੰਦਰਲੇ ਸਭ ਪ੍ਰਬੰਧਾਂ ਦੀ ਤਾਲੇਬੰਦੀ ਕਰ ਦਿੱਤੀ ਗਈ। ਊਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਭਵਿੱਖ ਨਾਲ ਜੁੜੇ ਬਿੱਲ ਨੂੰ ਸਦਨ ’ਚ ਪੇਸ਼ ਕਰਨ ਤੱਕ ਗੁਪਤ ਰੱਖਣ ਪਿੱਛੇ ਵੱਡੀ ਸਾਜ਼ਿਸ਼ ਦੇ ਦੋਸ਼ ਲਗਾਏ।
ਸ੍ਰੀ ਚੀਮਾ ਨੇ ਕਿਹਾ,‘‘ਮੁੱਖ ਮੰਤਰੀ ਇਕ ਵਾਰ ਫੇਰ ਪਾਣੀਆਂ ਬਾਰੇ ਸਮਝੌਤੇ ਦੀ ਤਰਜ਼ ’ਤੇ ਪੰਜਾਬ ਦੀ ਕਿਸਾਨੀ ਨਾਲ ਫਰੇਬ ਕਰਨ ਦੀਆਂ ਤਿਆਰੀ ’ਚ ਹਨ। ਜਿਵੇਂ ਤਤਕਾਲੀ ਮਨਮੋਹਨ ਸਿੰਘ ਸਰਕਾਰ ਨਾਲ ਮਿਲ ਕੇ ਅਮਰਿੰਦਰ ਸਿੰਘ ਨੇ ਪਾਣੀ ਰੱਦ ਕਰਨ ਵਾਲੇ ਫ਼ਰਜ਼ੀ ਐਕਟ ਨਾਲ ਫੋਕੀ ਵਾਹ-ਵਾਹੀ ਖੱਟ ਲਈ ਸੀ ਪਰੰਤੂ ਉਸ ਐਕਟ ਦਾ ਸੂਬੇ ਨੂੰ ਕੋਈ ਲਾਭ ਨਹੀਂ ਹੋਇਆ ਅਤੇ ਨਾ ਹੀ ਉਹ ਐਕਟ ਸੁਪਰੀਮ ਕੋਰਟ ’ਚ ਟਿਕ ਸਕਿਆ ਹੈ।’’ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਅਮਰਿੰਦਰ ਸਿੰਘ ਉਸੇ ਤਰ੍ਹਾਂ ਮੋਦੀ ਸਰਕਾਰ ਨਾਲ ਮਿਲ ਕੇ ਇਹ ਪ੍ਰਸਤਾਵਿਤ ਖੇਤੀ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕਰਨ ਜਾ ਰਹੇ ਹਨ ਤਾਂ ਜੋ ਅਖੀਰ ’ਚ ਇਹ ਬਿੱਲ ਮੋਦੀ ਸਰਕਾਰ ਦੇ ਹੱਕ ’ਚ ਭੁਗਤੇ।
‘ਆਪ’ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿੱਲ ਦੇ ਖਰੜੇ ਦੀ ਸ਼ਬਦਾਵਲੀ ਨੂੰ ਸਦਨ ਦੇ ਮੇਜ਼ ’ਤੇ ਰੱਖੇ ਜਾਣ ਤੱਕ ਗੁਪਤ ਰੱਖਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸਤਾਵਿਤ ਬਿੱਲ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੁੱਖ ਵਿਰੋਧੀ ਧਿਰ ਦੇ ਆਗੂ ਅਤੇ ਹੋਰਨਾਂ ਵਿਧਾਇਕਾਂ ਤੱਕ ਪਹੁੰਚਾਇਆ ਜਾਵੇ। ਵਿਧਾਇਕ ਅਮਨ ਅਰੋੜਾ ਨੇ ਬਿੱਲ ਦਾ ਖਰੜਾ ਨਾ ਦੇਣ ਦਾ ਗਿਲਾ ਜ਼ਾਹਰ ਕੀਤਾ। ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਰੂਬੀ ਨੇ ਕਿਹਾ ਕਿ ਅੱਜ ਸਰਕਾਰ ਬਿੱਲ ’ਤੇ ਬਹਿਸ ਤੋਂ ਭੱਜੀ ਹੈ।