‘ਆਪ’ ਨੇ ਖਹਿਰਾ ਵਿਰੁੱਧ ਹਮਲਾਵਰ ਰੁਖ਼ ਅਪਣਾਇਆ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਾਗ਼ੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਿਰੁੱਧ ਹਮਲਾਵਰ ਰੁਖ਼ ਅਪਣਾਉਣ ਦੀ ਰਣਨੀਤੀ ਘੜੀ ਹੈ। ਪਿਛਲੇ ਦਿਨੀਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਖਹਿਰਾ ਅਤੇ ਕੰਵਰ ਸੰਧੂ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ ਤੇ ਸ੍ਰੀ ਖਹਿਰਾ ਪ੍ਰਤੀ ਅਕਸਰ ਨਰਮ ਵਤੀਰਾ ਰੱਖਣ ਵਾਲੇ ਵਿਧਾਇਕ ਅਮਨ ਅਰੋੜਾ ਨੇ ਵੀ ਅੱਜ ਬਾਗ਼ੀ ਆਗੂ ਉਪਰ ਤਿੱਖੇ ਵਾਰ ਕਰਦਿਆਂ ਸ੍ਰੀ ਖਹਿਰਾ ਨੂੰ ਚੁਣੌਤੀ ਦਿੱਤੀ ਕਿ ਉਹ ਇਸ ‘ਜ਼ੀਰੋ’ ਪਾਰਟੀ ਨੂੰ ਛੱਡ ਕੇ ‘ਹੀਰੋ’ ਬਣ ਕੇ ਦਿਖਾਉਣ। ਦੱਸਣਯੋਗ ਹੈ ਕਿ ਸ੍ਰੀ ਖਹਿਰਾ ਨੇ ਕੱਲ੍ਹ ਪਾਰਟੀ ਵਿਚ ਸ਼ਾਮਲ ਹੋਏ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਬਾਰੇ ਤਿੱਖੀਆਂ ਟਿੱਪਣੀਆਂ ਕਰਦਿਆਂ ਕਿਹਾ ਸੀ ਕਿ ਜੱਜ ਦੇ ਸ਼ਾਮਲ ਹੋਣ ਦੇ ਬਾਵਜੂਦ ‘ਆਪ’ ‘ਜ਼ੀਰੋ’ ਹੀ ਰਹੇਗੀ। ਪਾਰਟੀ ਦੇ ਸੀਨੀਅਰ ਆਗੂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅਤੇ ਕਾਨੂੰਨੀ ਵਿੰਗ ਦੇ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਨੇ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਵਰਗੇ ਸਾਫ਼ ਅਕਸ ਵਾਲੇ ਲੋਕਾਂ ਦਾ ਪਾਰਟੀ ਵਿਚ ਹਮੇਸ਼ਾ ਸਵਾਗਤ ਹੈ। ਉਨ੍ਹਾਂ ਜ਼ੋਰਾ ਸਿੰਘ ਬਾਰੇ ਸ੍ਰੀ ਖਹਿਰਾ ਵੱਲੋਂ ਕੀਤੀਆਂ ਟਿੱਪਣੀਆਂ ’ਤੇ ਕਿਹਾ ਕਿ ਸ੍ਰੀ ਖਹਿਰਾ ਹਮੇਸ਼ਾ ਨਾਕਾਰਾਤਮਕ ਰਾਜਨੀਤੀ ਕਰਦੇ ਹਨ। ਸਮੁੱਚਾ ਪੰਜਾਬ ਇਸ ਗੱਲ ਤੋਂ ਜਾਣੂ ਹੈ ਕਿ ਜਸਟਿਸ ਜ਼ੋਰਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਰੁੱਧ ਦਰੁਸਤ ਰਿਪੋਰਟ ਪੇਸ਼ ਕੀਤੀ ਸੀ, ਇਸੇ ਕਾਰਨ ਹੀ ਬਾਦਲ ਸਰਕਾਰ ਨੇ ਰਿਪੋਰਟ ਜਨਤਕ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਜਿਸ ਪਾਰਟੀ ਦੀ ਰੋਜ਼ ਨਿੰਦਾ ਕਰਦੇ ਹਨ, ਉਸੇ ਪਾਰਟੀ ਨੇ ਹੀ ਉਨ੍ਹਾਂ ਨੂੰ ਵਿਧਾਇਕ ਬਣਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ। ਉਨ੍ਹਾਂ ਕਿਹਾ ਕਿ ਅਹੁਦੇ ਤੋਂ ਲਾਂਭੇ ਹੁੰਦਿਆਂ ਹੀ ਸ੍ਰੀ ਖਹਿਰਾ ਅੰਦਰ ਪੰਜਾਬ ਪ੍ਰਤੀ ਪ੍ਰੇਮ ਜਾਗ ਗਿਆ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਕੁਰਸੀ ਖ਼ਾਤਰ ਹੀ ਕੀਤਾ ਜਾ ਰਿਹਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਦਰਅਸਲ ਸ੍ਰੀ ਖਹਿਰਾ ਬੁਖਲਾ ਚੁੱਕੇ ਹਨ, ਕਿਉਂਕਿ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਕੱਲ੍ਹ ਪਾਰਟੀ ਵਿਚ ਪਰਤ ਆਏ ਹਨ ਅਤੇ ਕਿਸੇ ਭਾਵਨਾ ਜਾਂ ਦਬਾਅ ਹੇਠ ਸ੍ਰੀ ਖਹਿਰਾ ਨਾਲ ਖੜ੍ਹੇ ਹੋਰ ਵਿਧਾਇਕ ਵੀ ਛੇਤੀ ਪਾਰਟੀ ਵਿਚ ਪਰਤ ਰਹੇ ਹਨ।

Previous articleਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਮਾਨਸਾ ’ਚ ਕਦੇ ਨਹੀਂ ਮਿਲੀ ਵਿਸ਼ੇਸ਼ ਗ੍ਰਾਂਟ
Next articleਨਵਾਜ ਸ਼ਰੀਫ ਨੂੰ ਕੋਟ ਲਖਪੱਤ ਜੇਲ੍ਹ ਭੇਜਿਆ