‘ਆਪ’ ਦੀਆਂ ਦੋਵਾਂ ਧਿਰਾਂ ’ਚ ਟਕਰਾਅ ਵਧਣ ਦੇ ਆਸਾਰ

ਆਮ ਆਦਮੀ ਪਾਰਟੀ ਵਿੱਚ ਪਾੜਾ ਵੱਧਦਾ ਜਾ ਰਿਹਾ ਹੈ। ਅੱਜ ਇਕ ਪਾਸੇ ਬਾਗੀ ਧਿਰ ਨੇ ਸਾਫ ਕਰ ਦਿੱਤਾ ਹੈ ਕਿ ਬਠਿੰਡਾ ਕਨਵੈਨਸ਼ਨ ਦੇ ਮਤਿਆਂ ਨੂੰ ਸਿਰੇ ਚੜ੍ਹਾਏ ਬਿਨਾਂ ਉਹ ਹਾਈ ਕਮਾਂਡ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ।
ਦੂਜੇ ਪਾਸੇ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਕੱਲ੍ਹ ਮੀਟਿੰਗ ਵਿੱਚ ਮਤਾ ਪਾਸ ਕਰਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਅਨੁਸਾਰ ਹਾਈ ਕਮਾਂਡ ਇਸ ਮਤੇ ਉਪਰ ਗੰਭੀਰਤਾ ਨਾਲ ਗੌਰ ਕਰ ਰਹੀ ਹੈ। ਇਸੇ ਦੌਰਾਨ ਬਾਗੀ ਧੜੇ ਵੱਲੋਂ ਬਣਾਈ 16 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਅੱਜ ਇਥੇ ਹੋਈ ਪਲੇਠੀ ਮੀਟਿੰਗ ਦੌਰਾਨ ਪਾਰਟੀ ਦੇ ਬਰਾਬਰ ਆਪਣਾ ਢਾਂਚਾ ਬਣਾਉਣਾ ਦਾ ਫੈਸਲਾ ਲੈਣ ਕਾਰਨ ਕਿਸੇ ਤਰ੍ਹਾਂ ਦੀ ਸਹਿਮਤੀ ਲਈ ਗੱਲਬਾਤ ਦੀਆਂ ਸੰਭਾਵਨਾਵਾਂ ਘਟਦੀਆਂ ਜਾ ਰਹੀਆਂ ਹਨ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨਾਲ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਹਾਲੇ ਤਕ ਸਮਝੌਤੇ ਬਾਰੇ ਕੋਈ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਸਾਫ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਦਾ ਤੀਸਰੀ ਧਿਰ ਉਸਾਰਨ ਦਾ ਸੁਪਨਾ ਸਾਕਾਰ ਕਰਨ ਦੇ ਯਤਨਾਂ ਵਿੱਚ ਹਨ ਕਿਉਂਕਿ ਭੰਗ ਕੀਤੀ ਬਾਡੀ 1900 ਵੋਟਾਂ ਤੱਕ ਸਿਮਟ ਗਈ ਸੀ। ਸੂਤਰਾਂ ਅਨੁਸਾਰ ਪਾਰਟੀ ਦੀ ਲੀਡਰਸ਼ਿਪ ਨੇ ਬਾਗੀ ਧੜੇ ਨਾਲ ਗਏ ਕੁਝ ਆਗੂਆਂ ਦੀ ਥਾਂ ਨਵੀਆਂ ਨਿਯੁਕਤੀਆਂ ਕਰਨ ਦੀ ਪ੍ਰਕਿਰਿਆ ਵੀ ਆਰੰਭ ਦਿੱਤੀ ਹੈ, ਜਿਸ ਕਾਰਨ ‘ਆਪ’ ਵਿਚਲਾ ਕਲੇਸ਼ ਹੋਰ ਵਧਣ ਦੇ ਸੰਕੇਤ ਹਨ। ਸ੍ਰੀ ਖਹਿਰਾ ਨੇ ਐਲਾਨ ਕੀਤਾ ਕਿ 11 ਅਗਸਤ ਤੋਂ ਗੜ੍ਹਸ਼ੰਕਰ ਵਿੱਚ ਵਾਲੰਟੀਅਰਾਂ ਦੀ ਮੀਟਿੰਗ ਕਰਕੇ ਸੂਬੇ ਵਿੱਚ ਆਪਣੀ ਪਾਰਟੀ ਦਾ ਢਾਂਚਾ ਬਣਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਧੜੇ ਨੇ 22 ਅਗਸਤ ਨੂੰ ਫਰੀਦਕੋਟ, 25 ਅਗਸਤ ਨੂੰ ਗੁਰਦਾਸਪੁਰ ਅਤੇ 2 ਸਤੰਬਰ ਨੂੰ ਮੋਗਾ ਵਿੱਚ ਜ਼ਿਲ੍ਹਾ ਪੱਧਰੀ ਇਕੱਠ ਕਰਨ ਦਾ ਐਲਾਨ ਵੀ ਕੀਤਾ ਹੈ।ਇਸੇ ਤਰ੍ਹਾਂ ਬਾਗੀ ਧੜੇ ਨੇ 22 ਜ਼ਿਲ੍ਹਿਆਂ ਲਈ ਪੀਏਸੀ ਦੇ 16 ਮੈਂਬਰਾਂ ਨੂੰ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਸ ਧੜੇ ਦੇ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਮਿਲ ਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲਾਗੂ ਕਰਨ ਸਮੇਤ ਪੰਜਾਬ ਦੇ ਕਈ ਹੋਰ ਮੁੱਦੇ ਉਠਾਏ।

Previous articleRyanair pilots on strike, thousands affected across Europe
Next articleNFL players defy Trump with fresh protests