‘ਆਪ’ ਦੀਆਂ ਗਾਰੰਟੀਆਂ ਅਤੇ ਐਲਾਨ ਸਿਰਫ ਜੁਗਾੜ: ਨਵਜੋਤ ਸਿੱਧੂ

 

  • ਚੰਨੀ ਵੱਲੋਂ ਕੇਬਲ ਕੁਨੈਕਸ਼ਨ ਬਾਰੇ ਕੀਤੇ ਐਲਾਨ ਨਾਲ ਚੱਟਾਨ ਵਾਂਗ ਖੜ੍ਹਨ ਦਾ ਦਾਅਵਾ

ਅੰਮ੍ਰਿਤਸਰ, (ਸਮਾਜ ਵੀਕਲੀ): ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਚ ਆ ਕੇ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਅਤੇ ਕੀਤੇ ਜਾ ਰਹੇ ਐਲਾਨਾਂ ਕਾਰਨ ਹਾਕਮ ਧਿਰ ਕਾਂਗਰਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਾਪਦੀ ਹੈ। ਅੱਜ ਇਸ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅਜਿਹੇ ਐਲਾਨ ਸਿਰਫ ਜੁਗਾੜ ਅਤੇ ਸਕੀਮਾਂ ਹਨ, ਜੋ ਲੋਕਾਂ ਨੂੰ ਭਰਮਾਉਣ ਲਈ ਹਨ ਅਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਕੋਲ ਕੋਈ ਠੋਸ ਆਰਥਿਕ ਆਧਾਰ ਨਹੀਂ ਹੈ। ਉਨ੍ਹਾਂ ਅੱਜ ਇੱਥੇ ਆਪਣੇ ਹਲਕਾ ਪੂਰਬੀ ਅਤੇ ਉੱਤਰੀ ਵਾਸਤੇ 24 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਕੀਤੇ ਜਾ ਰਹੇ ਅਜਿਹੇ ਐਲਾਨ ਅਤੇ ਵਾਅਦੇ ਸਿਰਫ ਜੁਗਾੜ ਤੇ ਸਕੀਮਾਂ ਹਨ, ਜੋ ਲੋਕਾਂ ਨੂੰ ਭਰਮਾਉਣ ਲਈ ਲਾਲੀਪੌਪ ਦੇ ਬਰਾਬਰ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਵਾਅਦੇ ਪੂਰੇ ਕਰਨ ਲਈ ਠੋਸ ਆਰਥਿਕ ਯੋਜਨਾ ਹੋਣੀ ਚਾਹੀਦੀ ਹੈ। ਬਜਟ ਵਿਚ ਇਸ ਸਬੰਧੀ ਲੋੜੀਂਦੀ ਰਕਮ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 26 ਲੱਖ ਨੌਕਰੀਆਂ ਦੇਣ ਦਾ ਵਾਅਦਾ ਮਤਲਬ 93 ਹਜ਼ਾਰ ਕਰੋੜ ਰੁਪਏ ਦਾ ਖਰਚਾ। ਇਸੇ ਤਰ੍ਹਾਂ ਇਕ ਹਜ਼ਾਰ ਰੁਪਏ ਹਰੇਕ ਔਰਤ ਨੂੰ ਦੇਣਾ ਭਾਵ 12 ਹਜ਼ਾਰ ਕਰੋੜ ਰੁਪਏ ਦਾ ਖਰਚਾ ਅਤੇ ਦੋ ਕਿਲੋਵਾਟ ਬਿਜਲੀ ਮੁਫ਼ਤ ਦੇਣਾ ਮਤਲਬ 3600 ਕਰੋੜ ਰੁਪਏ ਦਾ ਖਰਚਾ ਹੈ। ਇਹ ਸਾਰਾ ਕੁੱਲ ਖਰਚਾ 1.10 ਲੱਖ ਕਰੋੜ ਰੁਪਏ ਬਣਦਾ ਹੈ, ਜੋ ਕੇਜਰੀਵਾਲ ਨੇ ਹਵਾ ਵਿੱਚ ਹੀ ਵੰਡ ਦਿੱਤਾ ਹੈ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦਾ ਕੁੱਲ ਬਜਟ 72 ਹਜ਼ਾਰ ਕਰੋੜ ਰੁਪਏ ਹੈ ਤਾਂ ਬਾਕੀ ਰਕਮ ਕਿੱਥੋਂ ਆਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਖੋਖਲੇ ਵਾਅਦੇ ਕਰਨੇ ਬੰਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਦਿੱਲੀ ਅਤੇ ਪੰਜਾਬ ਵਿਚ ਵੱਡਾ ਫਰਕ ਹੈ। ਦਿੱਲੀ ਸਵੈ-ਨਿਰਭਰ ਸੂਬਾ ਹੈ ਪਰ ਪੰਜਾਬ ਸੱਤ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 100 ਰੁਪਏ ਪ੍ਰਤੀ ਕੇਬਲ ਕੁਨੈਕਸ਼ਨ ਕਰਨ ਦੇ ਐਲਾਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਐਨਾ ਘੱਟ ਰੇਟ ਸੰਭਵ ਨਹੀਂ ਹੈ ਕਿਉਂਕਿ ਟਰਾਈ ਵੱਲੋਂ ਵੀ 130 ਰੁਪਏ ਰੇਟ ਨਿਰਧਾਰਤ ਕੀਤਾ ਗਿਆ ਹੈ ਪਰ ਇਸ ਮਾਮਲੇ ਵਿਚ ਕਾਂਗਰਸ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਯੋਜਨਾਬੰਦੀ ਕੀਤੀ ਜਾਵੇਗੀ।

ਅੱਜ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ 14 ਕਰੋੜ ਰੁਪਏ ਪੂਰਬੀ ਵਿਧਾਨ ਸਭਾ ਹਲਕੇ ਅਤੇ 10 ਕਰੋੜ ਰੁਪਏ ਉੱਤਰੀ ਵਿਧਾਨ ਸਭਾ ਹਲਕੇ ਵਿਚ ਸੜਕਾਂ ’ਤੇ ਲੁੱਕ ਪਾਉਣ ਦੇ ਕੰਮ ਲਈ ਖਰਚ ਕੀਤੇ ਜਾਣਗੇ। ਇਹ ਸਾਰੇ ਕੰਮ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਕਰਵਾਏ ਜਾਣਗੇ। ਇਸ ਤੋਂ ਇਲਾਵਾ 70 ਤੋਂ 80 ਕਰੋੜ ਰੁਪਏ ਦੇ ਕੰਮ ਹੋਣ ਵਾਲੇ ਹਨ, ਜੋ ਜਲਦੀ ਹੀ ਮੁਕੰਮਲ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਮਨਦੀਪ ਸਿੰਘ ਤੇ ਹੋਰ ਆਗੂ ਹਾਜ਼ਰ ਸਨ।

‘ਚੰਨੀ ਨੇ ਕੁੱਝ ਮਹੀਨਿਆਂ ਅੰਦਰ ਕੀਤੇ ਕੈਪਟਨ ਨਾਲੋਂ ਵੱਧ ਕੰਮ’

ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਨਹੀਂ ਕੀਤਾ, ਉਹ ਸ੍ਰੀ ਚੰਨੀ ਨੇ ਕੁਝ ਮਹੀਨਿਆਂ ਵਿਚ ਹੀ ਕਰ ਦਿਖਾਇਆ ਹੈ ਅਤੇ ਹੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਅਗਾਂਹ ਤਰੱਕੀ ਵੱਲ ਲੈ ਕੇ ਜਾਣ ਲਈ ਯੋਜਨਾਬੰਦੀ ਕੀਤੀ ਜਾਵੇਗੀ ਅਤੇ ਆਰਥਿਕ ਨੀਤੀ ਬਣਾਈ ਜਾਵੇਗੀ। ਉਨ੍ਹਾਂ ਅੱਜ ਇਸੇ ਵਿਸ਼ੇ ਬਾਰੇ ਕੁਝ ਟਵੀਟ ਵੀ ਕੀਤੇ, ਜਿਨ੍ਹਾਂ ਵਿਚ ਉਨ੍ਹਾਂ ਨੇ ਪੰਜਾਬ ਨੂੰ ਆਪਣੀ ਆਰਥਿਕ ਨੀਤੀ ਤਿਆਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜਿਹੀ ਠੋਸ ਨੀਤੀ ’ਤੇ ਆਧਾਰਿਤ ਪੰਜਾਬ ਮਾਡਲ ਲਿਆਂਦਾ ਜਾਵੇਗਾ, ਜੋ ਸੂਬੇ ਦਾ ਖ਼ਜ਼ਾਨਾ ਵੀ ਭਰੇਗਾ। ਉਨ੍ਹਾਂ ਕਿਹਾ ਕਿ ਉਹ ਕੈਪਟਨ ਸਰਕਾਰ ਵੇਲੇ ਤੋਂ ਹੀ ਵਿਧਾਨ ਸਭਾ ਵਿਚ ਦੁਹਾਈ ਦੇ ਰਹੇ ਹਨ। ਉਨ੍ਹਾਂ ਉਸ ਵੇਲੇ ਵੀ ਕੇਬਲ ਨੀਤੀ ਦਾ ਮੁੱਦਾ ਲਿਆਂਦਾ ਸੀ ਪਰ ਉਸ ਵੇਲੇ ਇਸ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਮਤਾ ਬੈਨਰਜੀ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
Next articleਪ੍ਰਿਯੰਕਾ ਨੇ ਜੇਵਰ ਦੇ ਕਿਸਾਨਾਂ ਨੂੰ ਮੁਆਵਜ਼ਾ ‘ਨਾ ਮਿਲਣ’ ਦਾ ਮੁੱਦਾ ਉਠਾਇਆ