ਹਵਾਈ ਸੈਨਾ ਦੇ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ 27 ਫਰਵਰੀ ਨੂੰ ਕਸ਼ਮੀਰ ’ਚ ਭਾਰਤੀ ਹਵਾਈ ਸੈਨਾ ਵੱਲੋਂ ਆਪਣੇ ਹੀ ਹੈਲੀਕਾਪਟਰ ਨੂੰ ਹੇਠਾਂ ਸੁੱਟਣ ਦੀ ਘਟਨਾ ਨੂੰ ਅੱਜ ਵੱਡੀ ਗਲਤੀ ਕਰਾਰ ਦਿੱਤਾ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਲਈ ਜ਼ਿੰਮੇਵਾਰ ਦੋ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਸੈਨਾ ਦੀ ਜ਼ਮੀਨ ਤੋਂ ਮਾਰ ਕਰਨ ਵਾਲੀ ਮਿਜ਼ਾਈਲ ਨੇ ਕਸ਼ਮੀਰ ਦੇ ਬਡਗਾਮ ’ਚ ਐਮਆਈ-17 ਹੈਲੀਕਾਪਟਰ ਹੇਠਾਂ ਸੁੱਟ ਲਿਆ ਸੀ ਜਿਸ ਨਾਲ ਉਸ ’ਚ ਸਵਾਰ ਹਵਾਈ ਸੈਨਾ ਦੇ ਛੇ ਮੈਂਬਰ ਤੇ ਹੇਠਾਂ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਹਵਾਈ ਸੈਨਾ ਦੇ ਮੁਖੀ ਦਾ ਅਹੁਦਾ ਸੰਭਾਲਣ ਵਾਲੇ ਭਦੌਰੀਆ ਨੇ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਘਟਨਾ ’ਚ ‘ਕੋਰਟ ਆਫ ਇਨਕੁਆਇਰੀ’ ਦਾ ਹੁਕਮ ਦਿੱਤਾ ਗਿਆ ਸੀ ਜਿਸ ਨੇ ਆਪਣੀ ਜਾਂਚ ਪੂਰੀ ਕਰ ਲਈ ਹੈ ਅਤੇ ਇਹ ਸਾਹਮਣੇ ਆਇਆ ਹੈ ਕਿ ਹੈਲੀਕਾਪਟਰ ਹਵਾਈ ਸੈਨਾ ਦੀ ਆਪਣੀ ਹੀ ਮਿਜ਼ਾਈਲ ਦੀ ਲਪੇਟ ’ਚ ਆ ਗਿਆ ਸੀ। ਉਨ੍ਹਾਂ ਅੱਠ ਅਕਤੂਬਰ ਨੂੰ ਹਵਾਈ ਸੈਨਾ ਦਿਵਸ ਤੋਂ ਪਹਿਲਾਂ ਕਿਹਾ, ‘ਇਹ ਸਾਹਮਣੇ ਆਇਆ ਹੈ ਕਿ ਹੈਲੀਕਾਪਟਰ ਸਾਡੀ ਹੀ ਮਿਜ਼ਾਈਲ ਦਾ ਨਿਸ਼ਾਨਾ ਬਣ ਗਿਆ ਸੀ। ਅਸੀਂ ਪਹਿਲਾਂ ਹੀ ਪ੍ਰਸ਼ਾਸਨਿਕ ਕਾਰਵਾਈ ਕਰ ਚੁੱਕੇ ਹਾਂ। ਦੋ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਗਈ ਹੈ। ਅਸੀਂ ਮੰਨਦੇ ਹਾਂ ਕਿ ਇਹ ਵੱਡੀ ਗਲਤੀ ਸੀ ਅਤੇ ਅਜਿਹਾ ਮੁੜ ਨਾ ਵਾਪਰੇ ਇਸ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ।’
HOME ਆਪਣੇ ਹੀ ਹੈਲੀਕਾਪਟਰ ਨੂੰ ਹੇਠਾਂ ਸੁੱਟਣਾ ਵੱਡੀ ਗਲਤੀ: ਭਦੌਰੀਆ