ਤਰਨਤਾਰਨ : ਬੀਮੇ ਅਤੇ ਕਰਜ਼ੇ ਦੇ ਸਵਾ ਕਰੋੜ ਦੇ ਲਾਭ ਲੈਣ ਖ਼ਾਤਰ ਆਪਣੇ ਨੌਕਰ ਰਹੇ ਪਰਵਾਸੀ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੀ ਮੌਤ ਦਾ ਡਰਾਮਾ ਰਚਣ ਵਾਲਾ ਅੰਮਿ੍ਤਸਰ ਦਾ ਵਪਾਰੀ ਅਨੂਪ ਸਿੰਘ ਪੁਲਿਸ ਨੇ ਹਰਿਆਣਾ ਤੋਂ ਗਿ੍ਫਤਾਰ ਕਰ ਲਿਆ ਹੈ। ਇਸ ਸਾਜ਼ਿਸ਼ ਵਿਚ ਸ਼ਾਮਲ ਉਸਦਾ ਨੌਕਰ ਕਰਨ ਉਰਫ ਕਾਕਾ ਵੀ ਉਥੋਂ ਹੀ ਕਾਬੂ ਹੋ ਗਿਆ ਹੈ ਜਦੋਂਕਿ ਅਨੂਪ ਦੇ ਭਰਾ ਕਰਨਦੀਪ ਸਿੰਘ ਨੂੰ ਵੀ ਗਿ੍ਫਤਾਰ ਕੀਤਾ ਜਾ ਚੁੱਕਾ ਹੈ।
ਅੰਮਿ੍ਤਸਰ ਦੇ ਸਾਫਟ ਡਰਿੰਕ ਵਪਾਰੀ ਅਨੂਪ ਸਿੰਘ ਨੇ ਬੀਮੇ ਦੇ 30 ਲੱਖ ਤੋਂ ਇਲਾਵਾ ਕਰਜ਼ਾ ਮਿਲਾ ਕੇ ਕਰੀਬ ਸਵਾ ਕਰੋੜ ਦੇ ਲਾਭ ਲੈਣ ਖ਼ਾਤਰ ਦਸ ਸਾਲ ਪਹਿਲਾਂ ਨੌਕਰ ਰਹੇ ਪਰਵਾਸੀ ਵਿਅਕਤੀ ਬੱਬਾ ਦੀ ਹੱਤਿਆ ਕਰਨ ਦੀ ਸਾਜ਼ਿਸ਼ ਆਪਣੇ ਭਰਾ ਨਾਲ ਮਿਲ ਕੇ ਰਚੀ ਸੀ ਜਿਸ ਵਿਚ ਉਸਨੇ ਆਪਣੇ ਇਕ ਹੋਰ ਕਾਮੇ ਕਰਨ ਉਰਫ ਕਾਕਾ ਨੂੰ ਵੀ ਸ਼ਾਮਲ ਕਰ ਲਿਆ।
ਵੀਰਵਾਰ ਅਨੂਪ ਸਿੰਘ ਤੇ ਕਾਕਾ ਬੱਬਾ ਨੂੰ ਕਾਰ ਨੰਬਰ ਪੀਬੀ02 ਸੀਐਲ 9351 ‘ਚ ਲੈ ਕੇ ਹਰੀਕੇ ਪੱਤਣ ਵੱਲ ਚੱਲ ਪਏ ਜਦੋਂਕਿ ਕਰਨਦੀਪ ਸਿੰਘ ਬਲੈਰੋ ਗੱਡੀ ‘ਚ ਸਵਾਰ ਹੋ ਕੇ ਇਨ੍ਹਾਂ ਦੇ ਪਿੱਛੇ ਲੱਗ ਗਿਆ। ਹਰੀਕੇ-ਪੱਟੀ ਰੋਡ ‘ਤੇ ਅਨੂਪ ਸਿੰਘ ਅਤੇ ਕਰਨ ਉਰਫ ਕਾਕਾ ਨੇ ਬੱਬਾ ਨੂੰ ਚਾਕੂ ਮਾਰ ਕੇ ਕਤਲ ਕੀਤਾ ਅਤੇ ਫਿਰ ਲਾਸ਼ ਨੂੰ ਸੜਕ ‘ਤੇ ਰੱਖ ਕੇ ਤੇਲ ਪਾ ਕੇ ਸਾੜ ਦਿੱਤਾ, ਤਾਂ ਜੋ ਚਿਹਰਾ ਪਛਾਣਿਆ ਨਾ ਜਾ ਸਕੇ।
ਅਨੂਪ ਸਿੰਘ ਆਪਣੇ ਸ਼ਨਾਖਤੀ ਕਾਡ ਆਦਿ ਵੀ ਜਾਣਬੁੱਝ ਕੇ ਗੱਡੀ ਵਿਚ ਛੱਡ ਗਿਆ ਤੇ ਇਹ ਸਾਰੇ ਲੋਕ ਦੂਸਰੀ ਗੱਡੀ ਵਿਚ ਫਰਾਰ ਹੋ ਗਏ। ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਪਹਿਲੇ ਸਮੇਂ ਤੋਂ ਹੀ ਮਾਮਲਾ ਸ਼ੱਕੀ ਦਿਖਾਈ ਦਿੱਤਾ ਅਤੇ ਜਦੋਂ ਜਾਂਚ ਕੀਤੀ ਤਾਂ ਕਹਾਣੀ ਸਾਹਮਣੇ ਆ ਗਈ।
ਉਨ੍ਹਾਂ ਦੱਸਿਆ ਕਿ 30 ਲੱਖ ਦੇ ਕਰੀਬ ਬੀਮੇ ਦੀ ਰਕਮ ਹਾਸਲ ਕਰਨ ਅਤੇ ਕਰਜ਼ੇ ਦੀਆਂ ਦੇਣਦਾਰੀਆਂ ਨੂੰ ਖਤਮ ਕਰਕੇ ਸਵਾ ਕਰੋੜ ਦੇ ਕਰੀਬ ਦਾ ਲਾਭ ਲੈਣ ਲਈ ਅਨੂਪ ਸਿੰਘ ਦੀ ਥਾਂ ਬੱਬਾ ਦਾ ਕਤਲ ਕਰਕੇ ਲਾਸ਼ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਨੂਪ ਸਿੰਘ ਤੇ ਕਰਨ ਉਰਫ ਕਾਕਾ ਨੂੰ ਹਰਿਆਣਾ ਜ਼ਿਲ੍ਹਾ ਫਤਿਆਬਾਦ ਵਿਚ ਪੈਂਦੇ ਕਸਬਾ ਸੁਹਾਨਾ ਤੋਂ ਗਿ੍ਫਤਾਰ ਕਰ ਲਿਆ ਗਿਆ ਹੈ ਜਦੋਂਕਿ ਇਕ ਹੋਰ ਟੀਮ ਨੇ ਕਰਨਦੀਪ ਸਿੰਘ ਨੂੰ ਵੀ ਗਿ੍ਫਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਅਨੂਪ ਦੇ ਪਿਤਾ ਤਿਰਲੋਕ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਸਣੇ ਹਰਿਆਣਾ ‘ਚ ਰਹਿੰਦੇ ਸ਼ੈਲੀ ਨਾਮਕ ਕਾਰੋਬਾਰੀ ਦੋਸਤ ਨੂੰ ਵੀ ਜਾਂਚ ਦੇ ਘੇਰੇ ਵਿਚ ਰੱਖਿਆ ਗਿਆ ਹੈ, ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਸ ਹੱਤਿਆਕਾਂਡ ‘ਚ ਇਨ੍ਹਾਂ ਤਿੰਨਾਂ ਤੋਂ ਇਲਾਵਾ ਹੋਰ ਤਾਂ ਕੋਈ ਸ਼ਾਮਲ ਨਹੀਂ ਹੈ।