ਕਾਠਮੰਡੂ (ਸਮਾਜ ਵੀਕਲੀ) : ਨੇਪਾਲ ਦੇ ਵਿਦੇਸ਼ ਮੰਤਰੀ ਦੀ ਨਵੀਂ ਦਿੱਲੀ ਦੀ ਫੇਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਆਪਣੀ ਪ੍ਰਭੂਸੱਤਾ ਦੇ ਮਾਮਲੇ ’ਚ ਭਾਰਤ ਜਾਂ ਚੀਨ ਕਿਸੇ ਨਾਲ ਵੀ ਸਮਝੌਤਾ ਨਹੀਂ ਕਰੇਗਾ। ਓਲੀ ਨੇ ਕਿਹਾ, ‘ਲਿੰਪੀਆਧੁਰਾ, ਲਿਪੂਲੇਖ ਅਤੇ ਕਾਲਾਪਾਣੀ ਨੇਪਾਲ ਦਾ ਇਲਾਕਾ ਹੈ ਅਤੇ ਇਹ ਨੇਪਾਲ ਦਾ ਬਹੁਤ ਹੀ ਪਵਿੱਤਰ ਹਿੱਸਾ ਹੈ।’
ਉਨ੍ਹਾਂ ਕਿਹਾ, ‘ਅਸੀਂ ਚੀਨ ਜਾਂ ਭਾਰਤ ਦੇ ਇਲਾਕੇ ’ਤੇ ਆਪਣਾ ਦਾਅਵਾ ਕਰਨ ਦੀ ਸਥਿਤੀ ’ਚ ਨਹੀਂ ਹਾਂ ਪਰ ਸਾਨੂੰ ਆਪਣੇ ਦੋਸਤਾਂ ਕੋਲ ਆਪਣੇ ਇਲਾਕੇ ਦਾ ਦਾਅਵਾ ਕਰਨਾ ਚਾਹੀਦਾ ਹੈ।’ ਓਲੀ ਸਰਕਾਰ ਨੇ ਪਿਛਲੇ ਸਾਲ ਨੇਪਾਲ ਦਾ ਨਵਾਂ ਸਿਆਸੀ ਨਕਸ਼ਾ ਤਿਆਰ ਕੀਤਾ ਸੀ ਜਿਸ ’ਚ ਭਾਰਤੀ ਇਲਾਕੇ ਨੂੰ ਨੇਪਾਲ ਦਾ ਹਿੱਸਾ ਦਿਖਾਇਆ ਗਿਆ ਸੀ। ਇਸ ਮਗਰੋਂ ਭਾਰਤ ਤੇ ਨੇਪਾਲ ਵਿਚਾਲੇ ਤਣਾਅ ਬਣ ਗਿਆ ਸੀ। ਓਲੀ ਦੀ ਇਹ ਟਿੱਪਣੀ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ ਦੀ ਭਾਰਤ ਫੇਰੀ ਤੋਂ ਦੋ ਦਿਨ ਪਹਿਲਾਂ ਸਾਹਮਣੇ ਆਈ ਹੈ। ਓਲੀ ਨੇ ਕਿਹਾ ਕਿ ਗਿਆਵਲੀ ਵੱਲੋਂ ਨਵੀਂ ਦਿੱਲੀ ਨਾਲ ਕੀਤੀ ਜਾਣ ਵਾਲੀ ਵਾਰਤਾ ਸਰਹੱਦੀ ਮੁੱਦਿਆਂ ’ਤੇ ਕੇਂਦਰਿਤ ਹੋਵੇਗੀ।