ਲੰਡਨ, ਰਾਜਵੀਰ ਸਮਰਾ (ਸਮਾਜ ਵੀਕਲੀ) -ਬਰਤਾਨੀਆ ਦੇ ਪ੍ਧਾਨ ਮੰਤਰੀ ਬੋਰਿਸ ਜਾਨਸਨ ਨੇ ਬ੍ਰਿਟੇਨ ਦੀ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਕਾਰੋਬਾਰੀ ਲਾਰਡ ਰਾਮੀ ਰੇਂਜਰ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਖਾਲਿਸਤਾਨੀ ਗਤੀਵਿਧੀਆਂ ਜਾਂ ਭਾਰਤ ਦੇ ਖਿਲਾਫ ਕਿਸੇ ਵੀ ਹਰਕਤ ਦੀ ਹਮਾਇਤ ਨਹੀਂ ਕਰਦਾ। ਲਾਰਡ ਰਾਮੀ ਰੇਂਜਰ ਦੇ ਮੁਤਾਬਕ ਪੀ.ਐੱਮ ਜਾਨਸਨ ਨੇ ਇਕ ਮੀਟਿੰਗ ਵਿਚ ਇਹ ਭਰੋਸਾ ਦਿੱਤਾ ਜਿਸ ਵਿਚ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਮੈਂਬਰਾਂ ਤੋਂ ਇਲਾਵਾ ਚਾਂਸਲਰ ਰਿਸ਼ੀ ਸੁਨਕ ਵੀ ਮੌਜੂਦ ਸਨ।
ਲਾਰਡ ਰੇਂਜਰ ਨੇ ਇਕ ਟੀ.ਵੀ. ਚੈਨਲ ਨਾਲ ਖਾਸ ਗੱਲਬਾਤ ਵਿਚ ਦੱਸਿਆ, ‘ਮੈਂ ਪੀ.ਐੱਮ. ਜਾਨਸਨ ਨੂੰ ਕਿਹਾ ਕਿ ਕੁਝ ਵੱਖਵਾਦੀ ਸੰਗਠਨ ਖਾਲਿਸਤਾਨੀ ਗਤੀਵਿਧੀਆਂ ਵਿਚ ਸ਼ਾਮਲ ਹੈ। ਇਸ ‘ਤੇ ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਭਰੋਸਾ ਦਿੱਤਾ ਕਿ ਬ੍ਰਿਟਿਸ਼ ਸਰਕਾਰ ਅਜਿਹੇ ਕਿਸੇ ਵੀ ਸੰਗਠਨ ਜਾਂ ਭਾਰਤ ਵਿਰੋਧੀ ਕਿਸੇ ਵੀ ਗਤੀਵਿਧੀ ਦੀ ਹਮਾਇਤ ਕਰਦੀ।’ ਲਾਰਡ ਰੇਂਜਰ ਭਾਰਤ ਦੇ ਸੁਤੰਤਰਤਾ ਦਿਵਸ ਯਾਨੀ 15 ਅਗਸਤ ਨੂੰ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਬੈਨ ਲਗਾਉਣ ਲਈ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਵੀ ਚਿੱਠੀ ਲਿਖ ਰਹੇ ਹਨ।