ਆਪਣਾ ਦੇਸ਼ ਛੱਡਣ ਦੀ ਖੁਸ਼ੀ

ਚਾਨਣ ਦੀਪ ਸਿੰਘ ਔਲਖ

(ਸਮਾਜ ਵੀਕਲੀ): ਗੁਰੂਦਵਾਰਾ ਸਾਹਿਬ ਤੋਂ ਗ੍ਰੰਥੀ ਸੰਗਰਾਂਦ ਦੀਆਂ ਦੇਗਾਂ ਬੋਲ ਰਿਹਾ ਸੀ। ਪਰਮਜੀਤ ਨੇ ਆਪਣੀ ਬੇਟੀ ਅਮਨ ਨੂੰ ਕਿਹਾ ਚੱਲ ਪੁੱਤ ਆਪਾਂ ਵੀ ਗੁਰੂ ਘਰ ਜਾ ਆਈਏ। ਪਰ ਅਮਨ ਨੇ ਕਿਹਾ ਨਹੀਂ ਮੰਮੀ ਪਲੀਜ਼ ਤੁਸੀਂ ਜਾ ਆਓ ਮੇਰਾ ਮਨ ਨਹੀਂ। ਭਾਂਵੇ ਉਸ ਨੇ ਕੁਝ ਸਮਾਂ ਪਹਿਲਾਂ ਆਈਲੈਟਸ ਕਰਨ ਪਿੱਛੋਂ ਰੋਜ਼ਾਨਾ ਪਾਠ ਕਰਨ ਅਤੇ ਗੁਰੂ ਘਰ ਮੱਥਾ ਟੇਕਣ ਦਾ ਰੁਟੀਨ ਬਣਾਇਆ ਸੀ। ਪਰ ਉਸ ਦੇ ਸਟੱਡੀ ਵੀਜ਼ਾ ਆਉਣ ਵਿੱਚ ਵਾਰ ਵਾਰ ਹੋ ਰਹੀ ਦੇਰੀ ਨੇ ਉਸ ਨੂੰ ਨਮੋਸ਼ ਕਰ ਦਿੱਤਾ ਅਤੇ ਉਸ ਨੇ ਇਹ ਸਭ ਛੱਡ ਦਿੱਤਾ। ਹੁਣ ਉਹ ਅਕਸਰ ਉਦਾਸ ਰਹਿੰਦੀ ਬਸ ਯੂਟਿਊਬ ਉਤੇ ਸਟੱਡੀ ਵੀਜ਼ਾ ਬਾਰੇ ਵੀਡੀਓਜ਼ ਖੰਗਾਲਦੀ ਰਹਿੰਦੀ।

ਅਮਨ ਦਾ ਪਿਤਾ ਗੁਰਸੇਵਕ ਬਾਹਰੋਂ ਘਰ ਆਇਆ ਪਰਮਜੀਤ ਨੇ ਉਸ ਨੂੰ ਪਾਣੀ ਦਾ ਗਿਲਾਸ ਫੜਾਇਆ ਅਤੇ ਦੋਵੇਂ ਬੈਠ ਕੇ ਕਬੀਲਦਾਰੀ ਦੀਆਂ ਗੱਲਾਂ ਕਰਨ ਲੱਗੇ। ਇੰਨੇ ਵਿੱਚ ਅਮਨ ਕਮਰੇ ਵਿੱਚੋਂ ਇੱਕਦਮ ਭੱਜੀ ਭੱਜੀ ਬਾਹਰ ਆਈ ਅਤੇ ਆਪਣੀ ਮਾਂ ਨੂੰ ਚਿੰਬੜ ਕੇ ਖੁਸ਼ੀ ਖੁਸ਼ੀ ਦੱਸਣ ਲੱਗੀ ਮੰਮੀ ਮੇਰੀ ਪੀ ਪੀ ਆਰ ਆ ਗਈ.. ਮੰਮੀ ਮੇਰੀ ਪੀ ਪੀ ਆਰ ਆ ਗਈ.. ਇਹ ਦੇਖ ਕੇ ਗੁਰਸੇਵਕ ਬੋਲਿਆ ਉਹ ਭਾਈ ਮੈਨੂੰ ਵੀ ਦੱਸ ਦਿਓ ਵੀਜ਼ਾ ਵੀ ਆਇਐ ਕਿ ਕੁਝ ਹੋਰ ਹੀ ਆਇਐ? ਅਮਨ ਛੇਤੀ ਛੇਤੀ ਦੱਸਣ ਲੱਗੀ ਨਹੀਂ ਡੈਡੀ ਪੀ ਪੀ ਆਰ ਦਾ ਮਤਲਬ ਪਾਸਪੋਰਟ ਰਿਕਵੈਸਟ ਹੁੰਦੈ ਬਸ ਇਹ ਵੀਜ਼ਾ ਹੀ ਹੁੰਦੈ। ਬਾਬਾ ਜੀ ਨੇ ਆਪਣੀ ਅਰਦਾਸ ਸੁਣ ਲਈ ਬਸ ਆਪਾਂ ਹੁਣ ਆਪਾਂ ਸਾਰੇ ਜਣੇ ਗੁਰਦਵਾਰਾ ਸਾਹਿਬ ਜਾਵਾਂਗੇ ਅਤੇ ਦੇਗਾਂ ਕਰਵਾ ਕੇ ਆਵਾਂਗੇ। ਗੁਰਸੇਵਕ ਆਪਣੀ ਬੇਟੀ ਅਮਨ ਦੀਆਂ ਅੱਖਾਂ ਵਿੱਚ ਆਪਣਾ ਦੇਸ਼ ਛੱਡਣ ਦੀ ਖੁਸ਼ੀ ਸਾਫ਼ ਦੇਖ ਰਿਹਾ ਸੀ।

ਚਾਨਣ ਦੀਪ ਸਿੰਘ ਔਲਖ,
ਪਿੰਡ ਗੁਰਨੇ ਖੁਰਦ (ਮਾਨਸਾ),
ਸੰਪਰਕ : 9876888177
Previous articleKarnataka rolls out bus parcel, cargo services
Next articleਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕਿਸਾਨੀ ਸੰਘਰਸ਼ ਨੂੰ ਬਿਆਨ ਕਰਦੀ ਚਿੱਤਰ ਪ੍ਰਦਰਸ਼ਨੀ ਲਗਾਈ ਗਈ