ਵਾਸ਼ਿੰਗਟਨ (ਸਮਾਜਵੀਕਲੀ):
ਇਮੀਗਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਦੇ ਵਿਦੇਸ਼ੀ ਵਿਦਿਆਰਥੀਆਂ ਬਾਰੇ ਨਵੇਂ ਨੇਮਾਂ ਖਿਲਾਫ਼ ਹਾਰਵਰਡ ਯੂਨੀਵਰਸਿਟੀ ਅਤੇ ਮੈਸੇਚਿਊਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਨੇ ਕੇਸ ਦਾਖ਼ਲ ਕੀਤਾ ਹੈ। ਬੋਸਟਨ ਦੀ ਜ਼ਿਲ੍ਹਾ ਅਦਾਲਤ ’ਚ ਬੁੱਧਵਾਰ ਨੂੰ ਦਾਖ਼ਲ ਕੇਸ ’ਚ ਦੋਵੇਂ ਵਿਦਿਅਕ ਅਦਾਰਿਆਂ ਨੇ ਮੰਗ ਕੀਤੀ ਹੈ ਕਿ ਫ਼ੈਸਲੇ ’ਤੇ ਰੋਕ ਲਗਾਈ ਜਾਵੇ ਅਤੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਗ਼ੈਰਕਾਨੂੰਨੀ ਐਲਾਨਿਆ ਜਾਵੇ।
ਚੇਤੇ ਰਹੇ ਕਿ ਅਮਰੀਕਾ ਨੇ ਨਵੇਂ ਵੀਜ਼ਾ ਨੇਮਾਂ ’ਚ ਕਿਹਾ ਹੈ ਕਿ ਆਨਲਾਈਨ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਮੁਲਕ ਪਰਤਣਾ ਪਵੇਗਾ। ਨਵੇਂ ਵੀਜ਼ਾ ਨੇਮਾਂ ਦਾ ਅਸਰ ਭਾਰਤੀ ਵਿਦਿਆਰਥੀਆਂ ’ਤੇ ਪੈਣਾ ਸੁਭਾਵਿਕ ਹੈ। ਭਾਰਤੀ ਸਫ਼ਾਰਤਖਾਨੇ ਦੇ ਤਰਜਮਾਨ ਨੇ ਕਿਹਾ ਕਿ ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਅਜੇ ਨਵੇਂ ਅਕਾਦਮਿਕ ਵਰ੍ਹੇ ਦਾ ਐਲਾਨ ਕਰਨਾ ਹੈ ਅਤੇ ਇਸ ਨਾਲ ਦੁਚਿੱਤੀ ਦਾ ਮਾਹੌਲ ਬਣੇਗਾ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਇਹ ਮਾਮਲਾ ਅਮਰੀਕਾ ਦੇ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਹੈ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ 7 ਜੁਲਾਈ ਨੂੰ ਸਿਆਸੀ ਮਾਮਲਿਆਂ ਬਾਰੇ ਅਧੀਨ ਸਕੱਤਰ ਕੋਲ ਇਹ ਮਾਮਲਾ ਉਠਾਇਆ ਸੀ।