ਝਾਰਖੰਡ ਦੇ ਚਾਇਬਾਸਾ ਇਲਾਕੇ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਦਿਵਾਸੀਆਂ ਦੇ ਜੰਗਲਾਤ, ਜ਼ਮੀਨ ਤੇ ਪਾਣੀ ਨਾਲ ਜੁੜੇ ਹਿੱਤਾਂ ਦੀ ਰਾਖੀ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਛੱਤੀਸਗੜ੍ਹ ’ਚ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਜ਼ਮੀਨ ਵਾਪਸ ਲੈ ਲਈ ਹੈ ਕਿਉਂਕਿ ਫਰਮ ਨੇ ਪੰਜ ਸਾਲਾਂ ਦੇ ਮਿੱਥੇ ਸਮੇਂ ਵਿਚ ਫੈਕਟਰੀ ਦੀ ਉਸਾਰੀ ਨਹੀਂ ਕਰਵਾਈ।
ਰਾਹੁਲ ਨੇ ਕਿਹਾ ਕਿ ਕਾਂਗਰਸ ਪੰਚਾਇਤਾਂ ਨੂੰ ਵਧੇਰੇ ਤਾਕਤਾਂ ਤੇ ਮਨਰੇਗਾ ਐਕਟ ਨੂੰ ਵੀ ਮਜ਼ਬੂਤ ਕਰੇਗੀ। ਉਨ੍ਹਾਂ ਸਿੰਘਭੂਮ (ਰਾਖ਼ਵਾਂ) ਹਲਕੇ ਤੋਂ ਕਾਂਗਰਸ ਤੇ ਮਹਾਂਗੱਠਜੋੜ ਉਮੀਦਵਾਰ ਗੀਤਾ ਕੋੜਾ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕੀਤਾ। ਪੁਰੂਲੀਆ (ਪੱਛਮੀ ਬੰਗਾਲ) ਵਿਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੋਕੇ ਵਾਅਦਿਆਂ ਵਿਚ ਯਕੀਨ ਨਹੀਂ ਰੱਖਦੇ ਤੇ ਕਾਂਗਰਸ ਦੀ ਤਜਵੀਜ਼ਸ਼ੁਦਾ ਘੱਟੋ-ਘੱਟ ਆਮਦਨ ਗਾਰੰਟੀ ਵਾਲੀ ਸਕੀਮ ‘ਨਿਆਏ’ ਗਰੀਬੀ ਖ਼ਿਲਾਫ਼ ‘ਸਰਜੀਕਲ ਸਟ੍ਰਾਈਕ’ ਹੋਵੇਗੀ। ਰਾਹੁਲ ਨੇ ਦਾਅਵਾ ਕੀਤਾ ਕਿ ਸਿਰਫ਼ ਕਾਂਗਰਸ ਹੀ ਭਾਜਪਾ ਨੂੰ ਹਰਾਉਣ ਦਾ ਮਾਦਾ ਰੱਖਦੀ ਹੈ, ਨਾ ਹੀ ਤ੍ਰਿਣਮੂਲ ਕਾਂਗਰਸ ਤੇ ਨਾ ਹੀ ਕੋਈ ਹੋਰ ਪਾਰਟੀ। ਰਾਹੁਲ ਨੇ ਕਿਹਾ ਕਿ ਮੋਦੀ ਅਨਿਲ ਅੰਬਾਨੀ, ਨੀਰਵ ਮੋਦੀ, ਮੇਹੁਲ ਚੋਕਸੀ ਤੇ ਵਿਜੈ ਮਾਲਿਆ ਜਿਹੇ ਅਮੀਰ ਕਾਰੋਬਾਰੀਆਂ ਦੇ ਚੌਕੀਦਾਰ ਹਨ ਨਾ ਕਿ ਮੁਲਕ ਦੇ ਆਮ ਲੋਕਾਂ ਦੇ। ਉਨ੍ਹਾਂ ਨੋਟਬੰਦੀ ਨੂੰ ਵੱਡਾ ਘੁਟਾਲਾ ਦੱਸਿਆ ਤੇ ਕਿਹਾ ਕਿ ਇਸ ਨੇ ਅਰਥਚਾਰਾ ਡਾਂਵਾਡੋਲ ਕਰ ਦਿੱਤਾ। ਰਾਹੁਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਗੜੇ ਤਵਾਜ਼ਨ ਨੂੰ ਦਰੁਸਤ ਕਰਨ ਲਈ ਮੋਦੀ ਨੂੰ ਹਰਾਇਆ ਜਾਵੇ। ਰਾਹੁਲ ਨੇ ਮੋਦੀ ’ਤੇ ਧਰਮ ਦੇ ਅਧਾਰ ’ਤੇ ਦੇਸ਼ ਨੂੰ ਵੰਡਣ ਦਾ ਦੋਸ਼ ਲਾਇਆ।
INDIA ਆਦਿਵਾਸੀਆਂ ਦੇ ਹਿੱਤਾਂ ਦੀ ਰਾਖੀ ਕਰੇਗੀ ਕਾਂਗਰਸ: ਰਾਹੁਲ