ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ’ਚ ਸੀਤ ਹਵਾਵਾਂ ਨੇ ਜ਼ੋਰ ਫੜ ਲਿਆ ਹੈ। ਆਦਮਪੁਰ ’ਚ ਬੀਤੀ ਰਾਤ ਸਭ ਤੋਂ ਠੰਢੀ ਮਹਿਸੂਸ ਕੀਤੀ ਗਈ ਅਤੇ ਪਾਰਾ ਮਨਫ਼ੀ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ’ਚ ਕਈ ਥਾਵਾਂ ’ਤੇ ਸੰਘਣੀ ਧੁੰਦ ਨੇ ਜਨਜੀਵਨ ’ਤੇ ਅਸਰ ਪਾਇਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤਕ ਅਜਿਹੇ ਹਾਲਾਤ ਬਣੇ ਰਹਿਣ ਦੀ ਪੂਰੀ ਸੰਭਾਵਨਾ ਹੈ। ਫ਼ਰੀਦਕੋਟ ’ਚ 0.4 ਡਿਗਰੀ ਸੈਲਸੀਅਸ, ਹਲਵਾਰਾ ਅਤੇ ਬਠਿੰਡਾ ’ਚ 0.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ ’ਚ ਪਾਰਾ 0.8, ਪਠਾਨਕੋਟ ’ਚ 1.7, ਗੁਰਦਾਸਪੁਰ ’ਚ 2.8, ਲੁਧਿਆਣਾ ’ਚ 2.7 ਜਦਕਿ ਪਟਿਆਲਾ ’ਚ 4.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਵੀ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਪਾਰਾ 4.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਉਧਰ ਲੇਹ ਅਤੇ ਕਾਰਗਿਲ ’ਚ ਸ਼ੁੱਕਰਵਾਰ ਨੂੰ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ। ਉਂਜ ਕਸ਼ਮੀਰ ਵਾਦੀ ’ਚ ਕਈ ਥਾਵਾਂ ’ਤੇ ਕੜਾਕੇ ਦੀ ਠੰਢ ਤੋਂ ਮਾਮੂਲੀ ਰਾਹਤ ਮਿਲੀ ਹੈ। ਸ੍ਰੀਨਗਰ ਦਾ ਤਾਪਮਾਨ ਮਨਫ਼ੀ 7.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਲੱਦਾਖ਼ ਖ਼ਿੱਤੇ ਦੇ ਲੇਹ ਕਸਬੇ ’ਚ ਰਾਤ ਦਾ ਤਾਪਮਾਨ ਦੋ ਡਿਗਰੀ ਤੋਂ ਵੱਧ ਹੇਠਾਂ ਡਿੱਗ ਗਿਆ ਅਤੇ ਇਹ ਮਨਫ਼ੀ 17.5 ਡਿਗਰੀ ਸੈਲਸੀਅਸ ਦਰਜ ਹੋਇਆ। ਨੇੜਲੇ ਕਾਰਗਿਲ ’ਚ ਤਾਪਮਾਨ ਮਨਫ਼ੀ 16.7 ਡਿਗਰੀ ਸੈਲਸੀਅਸ ਰਿਹਾ।ਕਸ਼ਮੀਰ ’ਚ ਇਸ ਵਾਰ ਦਸੰਬਰ ’ਚ ਅਜੇ ਤਕ ਬਰਫ਼ਬਾਰੀ ਨਹੀਂ ਹੋਈ ਹੈ। ਨਵੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ ’ਚ ਵਾਦੀ ’ਚ ਬਰਫ਼ ਪਈ ਸੀ ਪਰ ਉਸ ਤੋਂ ਬਾਅਦ ਤਾਂ ਸੁੱਕੀ ਠੰਢ ਨੇ ਹੀ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ।
HOME ਆਦਮਪੁਰ ’ਚ ਹੱਡ ਚੀਰਵੀਂ ਠੰਢ