ਚੰਡੀਗੜ੍ਹ ਪੁਲੀਸ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਸੁਰੱਖਿਆ ਦੇ ਵਿਆਪਕ ਪ੍ਰਬੰਧਾਂ ਲਈ ਅੱਜ ਸ਼ਹਿਰ ਵਿੱਚ 6 ਥਾਵਾਂ ’ਤੇ ਫਲੈਗ ਮਾਰਚ ਕੀਤੇ। ਵੇਰਵਿਆਂ ਅਨੁਸਾਰ ਪੁਲੀਸ ਸਟੇਸ਼ਨ ਮਨੀਮਾਜਰਾ, ਮੌਲੀਜੱਗਰਾਂ, ਆਈਟੀ ਪਾਰਕ, ਸੈਕਟਰ 31, 36 ਅਤੇ 49 ਦੇ ਥਾਣਾ ਮੁਖੀਆਂ ਤੇ ਹੋਰ ਵਿੰਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਫਲੈਗ ਮਾਰਚ ਕੀਤੇ। ਇਹ ਫਲੈਗ ਮਾਰਚ ਨਿਊ ਇੰਦਰਾ ਕਲੋਨੀ ਮਨੀਮਾਜਰਾ, ਪਿੰਡ ਬਹਿਲਾਣਾ, ਕਜਹੇੜੀ, ਅਟਾਵਾ, ਸੈਕਟਰ 36, 43, 48, 49, 50, 51 ਅਤੇ 63 ਵਿਚ ਕੀਤੇ ਗਏ। ਇਸ ਮੌਕੇ ਫਲੈਗ ਮਾਰਚ ਮਾਰਕੀਟਾਂ ਅਤੇ ਰਿਹਾਇਸ਼ੀ ਖੇਤਰਾਂ ਵਿਚੋਂ ਗੁਜ਼ਰੇ ਅਤੇ ਸਪੀਕਰਾਂ ਰਾਹੀਂ ਲੋਕਾਂ ਨੂੰ ਸੁਰੱਖਿਆ ਪ੍ਰਤੀ ਸੁਚੇਤ ਹੋਣ ਦਾ ਹੋਕਾ ਦਿੱਤਾ ਗਿਆ। ਕਈ ਥਾਈਂ ਪੁਲੀਸ ਵੱਲੋਂ ਪੈਦਲ ਗਸ਼ਤ ਵੀ ਕੀਤੀ ਗਈ। ਇਸ ਤੋਂ ਇਲਾਵਾ ਪੁਲੀਸ ਨੇ 220 ਹੋਟਲਾਂ, ਗੈਸਟ ਹਾਊਸਾਂ, ਸਰਾਵਾਂ, ਧਰਮਸ਼ਾਲਾਵਾਂ ਅਤੇ ਧਾਰਮਿਕ ਸੰਸਥਾਵਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਹੋਟਲਾਂ ਦੇ ਪ੍ਰਬੰਧਕਾਂ ਨੂੰ ਗੈਸਟਾਂ ਦਾ ਪੂਰਾ ਰਿਕਾਰਡ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਪੁਲੀਸ ਨੇ ਸਾਰੇ ਸ਼ਹਿਰ ਦੀ ਨਾਕਾਬੰਦੀ ਕਰਕੇ ਸਮਾਜ ਵਿਰੋਧੀ ਅਤੇ ਅਤਿਵਾਦੀ ਸਰਗਰਮੀਆਂ ਚਲਾਉਣ ਵਾਲੇ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਗਈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਬਾਹਰੀ ਹੱਦਾਂ ’ਤੇ ਮੁਹਾਲੀ ਅਤੇ ਪੰਚਕੂਲਾ ਵੱਲ ਵੀ ਨਾਕੇ ਲਗਾਏ ਗਏ। ਇਸ ਨਾਕੇਬੰਦੀ ਦੌਰਾਨ ਪੁਲੀਸ ਟੀਮਾਂ ਨੇ 1508 ਵਾਹਨਾਂ ਦੀ ਤਲਾਸ਼ੀ ਕੀਤੀ। ਇਹ ਨਾਕਾਬੰਦੀ ਐੱਸਐੱਸਪੀ ਨੀਲਾਂਬਰੀ ਜਗਦਲੇ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਮੌਕੇ ਐੱਸਐੱਸਪੀ ਨੇ ਸਮੂਹ ਐਡੀਪੀਓਜ਼ ਅਤੇ ਐੱਸਐੱਚਓਜ਼ ਨੂੰ ਸ਼ਹਿਰ ਦੀ ਸੁਰੱਖਿਆ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਗਲਤ ਅਨਸਰਾਂ ਉਪਰ ਨਿਰੰਤਰ ਨਜ਼ਰ ਰੱਖਣ ਲਈ ਕਿਹਾ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚੋਂ ਧਾਰਾ 307 ਖਤਮ ਕਰਕੇ ਇਸ ਨੂੰ ਯੂਟੀ ਬਣਾਉਣ ਦੇ ਫੈਸਲੇ ਨੂੰ ਮੁੱਖ ਰਖਦਿਆਂ ਸਥਾਨਕ ਪੁਲੀਸ ਨੇ ਇਸ ਵਾਰ ਆਜ਼ਾਦੀ ਦਿਵਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
INDIA ਆਜ਼ਾਦੀ ਦਿਵਸ: ਚੰਡੀਗੜ੍ਹ ਪੁਲੀਸ ਵੱਲੋਂ ਛੇ ਥਾਈਂ ਫਲੈਗ ਮਾਰਚ