ਸਮਾਜ ਵੀਕਲੀ
ਕੁੱਝ ਪੜ ਵੀ ਲਿਆ ਕਰ, ਪੁੱਤਰਾ! ਇਹੀ ਕੰਮ ਆਉਣਾ। ਬਾਪੂ ਜੀ ਨੇ ਪਿਆਰ ਨਾਲ਼ ਸੰਜੂ ਨੂੰ ਸਮਝਾਇਆ।
ਛੱਡੋ ਬਾਪੂ ਜੀ, ਕੀ ਤੁਸੀਂ ਹਰ ਵੇਲ਼ੇ ਪੜ੍ਹਾਈ ਪੜ੍ਹਾਈ ਕਰਦੇ ਰਹਿੰਦੇ ਹੋ। ਕੀ ਫ਼ਾਇਦਾ ਪੜ੍ਹਾਈ ਦਾ, ਦਸੋ ਭਲਾ ? ਸੰਜੂ ਨੇ ਕਿਹਾ।
ਕਿਉਂ ਪੁੱਤਰ ਕੀ ਹੋਇਆ?ਅੱਜ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ? ਬਾਪੂ ਜੀ ਨੇ ਸੰਜੂ ਦੀ ਗੱਲ ਸੁਣ ਕੇ ਹੈਰਾਨ ਹੁੰਦਿਆਂ ਕਿਹਾ।
ਦੇਖੋ ਬਾਪੂ ਜੀ,ਸਿੱਧੀ ਗੱਲ ਇਹ ਹੈ ਕਿ ਪੜ੍ਹਾਈ ਕਰਨ ਦਾ ਅੱਜਕਲ੍ਹ ਕੋਈ ਫਾਇਦਾ ਨਹੀਂ ਹੈ।ਪੜ੍ਹ- ਲਿਖ ਕੇ ਫਿਰ ਨੌਕਰੀ ਲਈ ਭੱਜੇ ਰਹੋ। ਕਦੇ ਪੇਪਰ ਤੇ ਕਦੇ ਮੰਤਰੀਆਂ ਦੇ ਡੰਡੇ। ਨੌਕਰੀ ਮਿਲ਼ ਵੀ ਜਾਵੇ ਤਾਂ ਵੀ ਇਹਨਾਂ ਮੰਤਰੀਆਂ ਦੀ ਗੁਲਾਮੀ ਹੀ ਕਰਨੀ ਪਵੇਗੀ। ਸੰਜੂ ਨੇ ਆਪਣਾ ਤਰਕ ਦਿੱਤਾ।
ਪਰ ਤੂੰ ਕਹਿਣਾ ਕੀ ਚਾਹੁੰਦਾ ਹੈ? ਬਾਪੂ ਜੀ ਨੇ ਸੋਚਦਿਆਂ ਹੋਇਆ ਪੁੱਛਿਆ।
ਹਜੇ ਵੀ ਨਹੀਂ ਸਮਝੇ ਬਾਪੂ ਜੀ ਤੁਸੀਂ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਪੜ੍ਹ ਲਿਖ ਕੇ, ਇੰਨੀ ਮਿਹਨਤ ਕਰਕੇ ਵੀ ਗੁਲਾਮੀ ਹੀ ਕਰਨੀ ਹੈ ਫ਼ਿਰ ਕਿਉਂ ਨਾ ਮੰਤਰੀ ਹੀ ਬਣ ਜਾਈਏ। ਨਾ ਬਹੁਤੀ ਪੜ੍ਹਾਈ ਦੀ ਲੋੜ ਤੇ ਨਾ ਹੀ ਡੰਡੇ ਖਾਣੇ ਪੈਂਦੇ। ਬਲਕਿ ਪੜਿਆਂ-ਲਿਖਿਆਂ ਨੂੰ ਵੀ ਹੁਕਮ ‘ਚ ਰੱਖ ਸਕਦੇ ਹਾਂ। ਨਾਲ਼ੇ ਇੰਨੀ ਕਮਾਈ ਕਿ ਭਾਵੇਂ ਅਗਲੀਆਂ ਸੱਤ ਪੀੜ੍ਹੀਆਂ ਬੈਠ ਕੇ ਖਾਣ। ਸੰਜੂ ਨੇ ਆਪਣੀ ਸੋਚ ਉੱਤੇ ਮਾਣ ਕਰਦਿਆਂ ਕਿਹਾ।
ਪੁੱਤਰ ਤੂੰ ਕਹਿ ਤਾਂ ਠੀਕ ਰਿਹਾ ਹੈਂ। ਪਰ ਇਮਾਨਦਾਰੀ ਤੇ ਬੇਈਮਾਨੀ ਦੀ ਕਮਾਈ ‘ਚ ਬਹੁਤ ਫ਼ਰਕ ਹੁੰਦਾ ਹੈ ਤੇ ਜੇ ਤੁਹਾਡੇ ਵਰਗੇ ਨੌਜੁਆਨ ਵੀ ਇਸੇ ਤਰ੍ਹਾਂ ਸੋਚਣ ਲੱਗ ਪਏ ਤਾਂ ਫਿਰ ਸਾਡੇ ਵਰਗਿਆਂ ਦੀ ਰਹਿੰਦੀ-ਖੂਹੰਦੀ ਉਮੀਦ ਜੋ ਅਸੀਂ ਨਵੀਂ ਪੀੜ੍ਹੀ ਤੋਂ ਲਗਾਈ ਬੈਠੇ ਹਾਂ ਕਿ ਆਣ ਵਾਲੇ ਸਮੇਂ ਵਿੱਚ ਪੜ੍ਹੇ ਲਿਖੇ ਤੇ ਅਗਾਂਹਵਧੂ ਨੌਜ਼ਵਾਨ ਰਾਜਨੀਤੀ ਵਿੱਚ ਆਉਂਣਗੇ ਤੇ ਸਾਡੀ ਤੇ ਸਾਡੇ ਦੇਸ਼ ਦੀ ਤਕਦੀਰ ਬਦਲੇਗੀ, ਉਹ ਤਾਂ ਖ਼ਤਮ ਹੋ ਜਾਵੇਗੀ। ਬਾਪੂ ਜੀ ਨੇ ਦੁੱਖੀ ਹੁੰਦਿਆਂ ਕਿਹਾ।
ਕੁੱਝ ਪਲ਼ ਲਈ ਸੰਨਾਟਾ ਛਾ ਗਿਆ। ਫਿਰ ਅਚਾਨਕ ਸੰਜੂ ਉੱਠਿਆਂ ਤੇ ਬਾਪੂ ਜੀ ਦੇ ਪੈਰਾਂ ਵਿਚ ਬੈਠਦਿਆਂ ਬੋਲਿਆ, ਮਾਫ਼ ਕਰਨਾ ਬਾਪੂ ਜੀ, ਮੈਂ ਰਾਜਨੀਤੀ ਦੀ ਚਕਾਚੌਂਧ ਵਿੱਚ ਭਟਕ ਗਿਆ ਸੀ ਪਰ ਹੁਣ ਮੈਨੂੰ ਆਪਣੀ ਜ਼ਿੰਮੇਵਾਰੀ ਦੀ ਸਮਝ ਆ ਗਈ ਹੈ। ਤੁਸੀਂ ਫ਼ਿਕਰ ਨਾ ਕਰੋ। ਮੈਂ ਤੁਹਾਡੀ ਇਹ ਸੋਚ ਲੈ ਕੇ ਅੱਗੇ ਵਧਾਂਗਾਂ ਤੇ ਤੁਹਾਡੀ ਉਮੀਦ ਤੇ ਖਰਾ ਉਤੱਰਾਗਾਂ। ਕਹਿ ਕੇ ਸੰਜੂ ਕਿਤਾਬਾਂ ਚੁੱਕ ਕੇ ਕਾਲਜ ਵੱਲ ਨੂੰ ਚੱਲ ਪਿਆ।
ਤੇ ਬਾਪੂ ਮਾਣ ਨਾਲ਼ ਉਹਨੂੰ ਜਾਂਦੇ ਹੋਏ ਨੂੰ ਇੰਝ ਦੇਖ ਰਿਹਾ ਸੀ ਜਿਵੇਂ ਹੁਣ ਉਹ ਹੀ ਆਖ਼ਰੀ ਉਮੀਦ ਹੋਵੇ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly