ਆਕਸੀਜਨ ਮੁੱਕਣ ਕਾਰਨ ਦੋ ਹਸਪਤਾਲਾਂ ’ਚ 18 ਮੌਤਾਂ

ਚੇਨੱਈ/ਹਰਿਦੁਆਰ (ਸਮਾਜ ਵੀਕਲੀ) :ਆਕਸੀਜਨ ਦੀ ਕਿੱਲਤ ਕਰਕੇ ਤਾਮਿਲ ਨਾਡੂ ਦੇ ਚੇਂਗਲਪੱਟੂ ਸਰਕਾਰੀ ਹਸਪਤਾਲ ਵਿੱਚ 13 ਤੇ ਉੱਤਰਾਖੰਡ ਦੇ ਰੁੜਕੀ ਸਥਿਤ ਨਿੱਜੀ ਹਸਪਤਾਲ ਵਿੱਚ ਦਾਖ਼ਲ ਪੰਜ ਮਰੀਜ਼ਾਂ ਦੀ ਮੌਤ ਹੋ ਗਈ। ਚੇਂਗਲਪੱਟੂ ਹਸਪਤਾਲ ਦੇ ਅਧਿਕਾਰੀਆਂ ਨੇ ਹਾਲਾਂਕਿ ਆਕਸੀਜਨ ਦੀ ਕਿੱਲਤ ਤੋਂ ਇਨਕਾਰ ਕਰਦਿਆਂ ਲੋੜੀਂਦੇ ਭੰਡਾਰ ਹੋਣ ਦਾ ਦਾਅਵਾ ਕੀਤਾ ਹੈ। ਸੂਬਾ ਸਰਕਾਰਾਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਅਨੁਸਾਰ ਤਾਮਿਲ ਨਾਡੂ ਦੇ ਸਰਕਾਰੀ ਚੇਂਗਲਪੱਟੂ ਮੈਡੀਕਲ ਕਾਲਜ ਹਸਪਤਾਲ ਵਿੱਚ ਮੰਗਲਵਾਰ ਰਾਤ ਨੂੰ ਕਥਿਤ ਆਕਸੀਜਨ ਮੁੱਕਣ ਕਾਰਨ 13 ਮਰੀਜ਼ਾਂ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈ, ਕਿਉਂਕਿ ਹਸਪਤਾਲ ਕੋਲ ਆਕਸੀਜਨ ਦਾ ਕਾਫ਼ੀ ਭੰਡਾਰ ਹੈ। ਦਮ ਤੋੜਨ ਵਾਲੇ ਮਰੀਜ਼ 40 ਤੋਂ 85 ਸਾਲ ਦੀ ਉਮਰ ਦੇ ਦੱਸੇ ਜਾਂਦੇ ਹਨ। ਲੰਘੀ ਰਾਤ ਹੋਈ ਇਨ੍ਹਾਂ ਮੌਤਾਂ ਨਾਲ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਹੈ ਜਦੋਂਕਿ ਪੀੜਤ ਪਰਿਵਾਰ ਗੁੱਸੇ ’ਚ ਭਰੇ ਪੀਤੇ ਹਨ।

ਚੇਂਗਲਪੱਟੂ ਦੇ ਜ਼ਿਲ੍ਹਾ ਅਧਿਕਾਰੀ ਏ.ਜੌਹਨ ਲੁਇਸ ਨੇ ਕਿਹਾ ਕਿ ਉਨ੍ਹਾਂ ਲੰਘੀ ਰਾਤ ਖੁ਼ਦ ਹਾਲਾਤ ਦੀ ਸਮੀਖਿਆ ਕੀਤੀ, ਹਾਲਾਂਕਿ ਉਨ੍ਹਾਂ ਆਕਸੀਜਨ ਦੀ ਕਿੱਲਤ ਕਰਕੇ ਮੌਤਾਂ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਲਾਈ ਆਕਸੀਜਨ ਦੀ ਸਪਲਾਈ ਅਸਰਅੰਦਾਜ਼ ਨਹੀਂ ਹੋਈ। ਉਧਰ ਹਸਪਤਾਲ ਦੇ ਡੀਨ ਡਾ.ਜੇ.ਮੁਥੂਕੁਮਾਰਨ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਸਿਰਫ਼ ਇਕ ਕੋਵਿਡ ਮਰੀਜ਼ ਸੀ, ਜਦੋਂਕਿ ਬਾਕੀਆਂ ਦੀ ਕਰੋਨਾ ਰਿਪੋਰਟ ਨੈਗੇਟਿਵ ਸੀ ਤੇ ਉਹ ਨਿਮੋਨੀਆ ਤੇ ਹੋਰ ਗੰਭੀਰ ਰੋਗਾਂ ਤੋਂ ਪੀੜਤ ਸਨ। ਇਸ ਦੌਰਾਨ ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਵਿਚ ਰੁੜਕੀ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਇਕ ਔਰਤ ਸਮੇਤ ਪੰਜ ਕਰੋਨਾ ਮਰੀਜ਼ਾਂ ਦੀ ਕਥਿਤ ਮੈਡੀਕਲ ਆਕਸੀਜਨ ਖ਼ਤਮ ਹੋਣ ਕਾਰਨ ਮੌਤ ਹੋ ਗਈ।

ਸੋਮਵਾਰ ਅਤੇ ਮੰਗਲਵਾਰ ਅੱਧੀ ਰਾਤ ਨੂੰ ਰੁੜਕੀ ਦੇ ਵਿਨੈ ਵਿਸ਼ਾਲ ਹਸਪਤਾਲ ਵਿੱਚ ਕਥਿਤ ਆਕਸੀਜਨ ਸਪਲਾਈ ਠੱਪ ਹੋ ਗਈ ਤੇ ਕੁੱਝ ਦੇਰ ਬਾਅਦ ਠੀਕ ਹੋ ਗਈ, ਪਰ ਇਸ ਦੌਰਾਨ ਵੈਂਟੀਲੇਟਰ ’ਤੇ ਰੱਖੇ ਇੱਕ ਮਰੀਜ਼ ਅਤੇ ਮੈਡੀਕਲ ਆਕਸੀਜਨ ਨਾਲ ਸਾਹ ਲੈਣ ਵਾਲੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀ ਸੀ.ਰਵੀਸ਼ੰਕਰ ਨੇ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕਰੋਨਾ ਦੀ ਤੀਜੀ ਲਹਿਰ ਲਈ ਤਿਆਰ ਰਹੋ’
Next articleਫਰਾਂਸ ਤੋਂ ਤਿੰਨ ਹੋਰ ਰਾਫਾਲ ਜਹਾਜ਼ ਭਾਰਤ ਰਵਾਨਾ