(ਸਮਾਜ ਵੀਕਲੀ)
ਭਲਿਆਂ ਵੇਲ਼ਿਆਂ ਵਿੱਚ ਜਦ ਨਾ ਤਾਂ ਬਹੁਤੇ ਸੰਚਾਰ ਦੇ ਸਾਧਨ ਸਨ ਤੇ ਨਾ ਹੀ ਆਵਾਜਾਈ ਦੇ, ਉਨ੍ਹਾਂ ਵੇਲ਼ਿਆਂ ਵਿੱਚ ਮਨੋਰੰਜਨ ਦੇ ਸਾਧਨਾਂ ਦੀ ਵੀ ਥੁੜ੍ਹ ਸੀ। ਉਦੋਂ ਜ਼ਿੰਦਗੀ ਨੂੰ ਰਸਿਕ ਬਣਾਉਣ ਤੇ ਮਨੋਰੰਜਨ ਕਰਨ ਲਈ, ਬੇਰੰਗੀ ਜਿਹੀ ਜ਼ਿੰਦਗੀ ਵਿੱਚ ਨਵੇਂ ਰੰਗ ਭਰਨ ਲਈ, ਖ਼ੁਸ਼ੀਆਂ–ਖੇੜੇ ਮਾਨਣ ਲਈ, ਇੱਕੋ ਲੀਹੇ ਚੱਲ ਰਹੀ ਜ਼ਿੰਦਗੀ ਦੀ ਨੀਰਸਤਾ ਨੂੰ ਭੰਨਣ ਲਈ, ਆਪਣੇ ਵਿਸ਼ਵਾਸਾਂ, ਮਨੌਤਾਂ, ਵਾਧੇ–ਘਾਟਿਆਂ ਨੂੰ ਪੂਰਨ ਹਿੱਤ ਸਾਡੀ ਜ਼ਿੰਦਗੀ ਵਿੱਚ ਤਿਉਹਾਰਾਂ, ਮੇਲਿਆਂ ਦੀ ਆਮਦ ਹੋਈ।
ਕਿਉਂਕਿ ‘ਧਰਮ’ ਦਾ ਸਾਡੇ ਜੀਵਨ ਵਿੱਚ ਸਿੱਧਾ ਦਖ਼ਲ ਹੈ, ਇਸ ਲਈ ਅਸੀਂ ਇਨ੍ਹਾਂ ਮੇਲਿਆਂ, ਤਿਓਹਾਰਾਂ ਦਾ ਤਾਣਾ–ਪੇਟਾ ਵੀ ‘ਧਰਮ’ ਦੇ ‘ਅੱਡੇ’ ਵਿੱਚ ਹੀ ਤਣਿਆ ਗਿਆ। ਇਸੇ ਲਈ ਸਾਡੇ ਬਹੁਤੇ ਮੇਲਿਆਂ (ਜਰਗ, ਛਪਾਰ, ਜਗਰਾਵਾਂ ਦੀ ਰੋਸ਼ਨੀ, ਮਾਘੀ, ਵਿਸਾਖੀ ਆਦਿ) ਅਤੇ ਤਿਓਹਾਰਾਂ (ਦੀਵਾਲੀ, ਦੁਸ਼ਹਿਰਾ, ਹੋਲੀ, ਰੱਖੜੀ, ਲੋਹੜੀ ਆਦਿ) ਦਾ ਸਬੰਧ ਲੌਕਿਕਤਾ ਨਾਲ਼ੋਂ ਜ਼ਿਆਦਾਂ ਪਰਲੌਕਿਕਤਾ ਨਾਲ਼ ਹੈ। ਜਦ ਦੇ ਧਰਮ ਸੰਸਥਾਈ ਹੋਏ ਨੇ, ਅਸੀਂ ਆਪਣੇ ਮੇਲਿਆਂ, ਤਿਓਹਾਰਾਂ ਨੂੰ ਆਪਣੇ–ਆਪਣੇ ਧਰਮ ਦੀ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ; ਹੋਲੀ ਤੇ ਦੀਵਾਲੀ ਨੂੰ ਇਸੇ ਵਿਚਾਰ ਦੀ ਰੋਸ਼ਨੀ ਵਿੱਚ ਵਾਚਿਆ ਜਾ ਸਕਦਾ ਹੈ।
ਪਹਿਲੋਂ ਜਦੋਂ ਸਾਲ–ਛਿਮਾਹੀ–ਤਿਮਾਹੀ ਪਿੱਛੋਂ ਹੀ ਮਨੋਰੰਜਨ ਹਿੱਤ ਮੇਲਿਆਂ, ਤਿਓਹਾਰਾਂ ਦਾ ਆਯੋਜਨ ਹੁੰਦਾ ਸੀ ਤਾਂ ਮਨਾਂ ਵਿੱਚ ਬਹੁਤਾ ਚਾਅ, ਮਲ੍ਹਾਰ, ਉਤਸ਼ਾਹ, ਖੇੜਾ ਹੁੰਦਾ ਸੀ ਕਿਉਂਕਿ ਇਹ ਮੇਲੇ, ਤਿਓਹਾਰ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਸਨ ਹੁੰਦੇ ਬਲਕਿ ਇਨ੍ਹਾਂ ਤਿੱਥਾਂ ਸਦਕਾ ਵੰਨ–ਸੁਵੰਨਾ ਖਾਣ ਨੂੰ ਮਿਲਦਾ ਸੀ, ਮਿਠਾਈਆਂ ਦੇ ਦਰਸ਼ਨ ਹੁੰਦੇ ਸਨ, ਨਵੇਂ ਪਹਿਰਾਵੇ ਪਹਿਨਣ ਨੂੰ ਮਿਲਦੇ ਸਨ।
ਹੁਣ ਜਦੋਂ ਕਿ ਆਵਾਜਾਈ ਤੇ ਸੰਚਾਰ ਬਹੁਤੇਰੇ ਹੋ ਗਏ ਹਨ ਅਤੇ ਮਨੋਰੰਜਨ ਦੇ ਸਾਧਨ/ਮਾਧਿਅਮ ਵੀ ਬੇਸ਼ੁਮਾਰ ਹੋ ਚੁੱਕੇ ਹਨ, ਨਿੱਤ–ਦਿਨ ਭਾਂਤ–ਭਾਂਤ ਦਾ ਵੰਨ–ਸੁਵੰਨਾ ਖਾਣ ਨੂੰ ਮਿਲ ਜਾਂਦਾ ਹੈ, ਜਦੋਂ ਮਨ ਚਾਹੇ ਮਿਠਾਈ ਖ਼ਰੀਦ ਕੇ ਖਾਧੀ ਜਾ ਸਕਦੀ ਹੈ, ਨਵੇਂ ਕੱਪੜੇ ਸੰਵਾ ਕੇ ਪਾਏ ਜਾ ਸਕਦੇ ਹਨ; ਉਦੋਂ ਇਨ੍ਹਾਂ ਮੇਲਿਆਂ/ਤਿਓਹਾਰਾਂ ਦੀ ਕੀ ਸਾਰਥਕਤਾ ਰਹਿ ਜਾਂਦੀ ਹੈ, ਇਸ ‘ਤੇ ਵਿਚਾਰ ਕਰਨਾ ਜ਼ਰੂਰੀ ਹੈ।
ਸਭ ਕਾਸੇ ਦੇ ਬਾਵਜੂਦ ਅੱਜ ਵੀ ਅਸੀਂ ਇਨ੍ਹਾਂ ਮੇਲਿਆਂ, ਤਿਓਹਾਰਾਂ ਵਿੱਚ ਵਧ–ਚੜ੍ਹ ਕੇ ਸ਼ਮੂਲੀਅਤ ਕਰਦੇ ਹਾਂ, ਦਿਖਾਵੇ ਵਜੋਂ ਹੀ ਸਹੀ ਇਨ੍ਹਾਂ ਨੂੰ ਵੱਜ–ਗੱਜ–ਸਜ ਕੇ ਮਨਾਉਂਦੇ ਹਾਂ। ਕਿਉਂ ? ਹਾਲਾਂਕਿ ਇਨ੍ਹਾਂ ਮੇਲਿਆਂ, ਤਿਓਹਾਰਾਂ ਨਾਲ਼ ਜੁੜੀ ਸਾਰਥਕਤਾ ਗ਼ਾਇਬ ਹੋ ਚੁੱਕੀ ਹੈ (ਜਿਸ ਦਾ ਵਰਨਣ ਪਹਿਲੋਂ ਉੱਪਰ ਕੀਤਾ ਹੈ) ਫੇਰ ਵੀ ਅਸੀਂ ਇਨ੍ਹਾਂ ਦੀ ਉਡੀਕ ਕਰਦੇ ਹਾਂ ਅਤੇ ਤਿੱਥ ਵਾਲ਼ੇ ਦਿਨ ਪੂਰੇ ਜ਼ੋਸ਼–ਓ–ਖਰੋਸ਼ ਨਾਲ਼ ਇਨ੍ਹਾਂ ਦੇ ਆਯੋਜਨ ਵਿੱਚ ਪੂਰਾ ਉਤਸ਼ਾਹ ਦਿਖਾਉਂਦੇ ਹਾਂ। ਕਿਉਂ ?
ਮੇਰੀ ਜਾਚੇ, ਇਨ੍ਹਾਂ ਮੇਲਿਆਂ ਤਿਓਹਾਰਾਂ ਦੀਆਂ ਜੜ੍ਹਾਂ ਨੂੰ ਸਾਂਭੀ ਬੈਠਾ ਇਨ੍ਹਾਂ ਦਾ ‘ਧਰਮੀ ਸੁਭਾਅ’ ਹੀ ਇਨ੍ਹਾਂ ਨੂੰ ਮਨਾਏ ਜਾਣ ਦੀ ਮੁੱਖ ਵਜ੍ਹਾ ਹੈ। ਭਾਵੇਂ ਇਨ੍ਹਾਂ ਮੇਲਿਆਂ, ਤਿਓਹਾਰਾਂ ਦੀ ਲੌਕਿਕ ਸਾਰਥਕਤਾ ਵੇਲ਼ਾ ਵਿਹਾ ਚੁੱਕੀ ਹੈ ਪਰ ਇਨ੍ਹਾਂ ਦੀ ਪਰਾਲੌਕਿਕ ਸਾਰਥਕਤਾ ਅਜੇ ਤੱਕ ਵੀ ਭਰ–ਜੋਬਨ ਵਿੱਚ ਹੈ। ਇਹ ਚੰਗੀ ਗੱਲ ਹੈ ਕਿ ਇਨ੍ਹਾਂ ਮੇਲਿਆਂ, ਤਿਓਹਾਰਾਂ ਲਈ ਅਜੋਕੇ ਆਧੁਨਿਕ ਮਨੁੱਖ ਦਾ ਉਤਸ਼ਾਹ ਅਜੇ ਵੀ ਮਘ ਰਿਹਾ ਹੈ ਪਰ ਹੁਣ ਵੱਡੀ ਸਮੱਸਿਆ ਇਹ ਹੈ ਕਿ ਇਨ੍ਹਾਂ ਮੇਲਿਆਂ, ਤਿਓਹਾਰਾਂ ਦੀ ਓਟ ਵਿੱਚ ਅਜੋਕੇ ਮਨੁੱਖ ਦੁਆਰਾ ਕੀਤੇ ਜਾਣ ਵਾਲ਼ੇ ਕਾਰਜ ਸਲਾਘਾਯੋਗ ਨਹੀਂ ਰਹੇ।
ਦੀਵਾਲ਼ੀ ਮਨਾਉਣ ਵੇਲ਼ੇ ਮਨੁੱਖ ਪਤਾ ਨਹੀਂ ਕਿੰਨੀ ਹੀ ਬਿਜਲੀ ਦਿਖਾਵੇ ਵਜੋਂ ਬਾਲ਼ (ਫੂਕ) ਧਰਦਾ ਹੈ, ਕਿੰਨਿਆਂ ਹੀ ਪੈਸਿਆਂ ਨੂੰ ਪਟਾਕਿਆਂ ਦੇ ਰੂਪ ਵਿੱਚ ਅੱਗ ਲਾ ਦਿੰਦਾ ਹੈ, ਜਿਸ ਨਾਲ਼ ਉਸਦਾ ਆਪਣਾ ਆਰਥਿਕ ਨੁਕਸਾਨ ਤਾਂ ਹੁੰਦਾ ਹੀ ਹੈ ਨਾਲ਼ ਹੀ ਕੁਦਰਤ ਦਾ, ਹੋਰ ਜੀਵ–ਜੰਤ ਦਾ ਵੀ ਨਾ–ਪੂਰਾ ਹੋਣਯੋਗ ਨੁਕਸਾਨ ਹੋ ਜਾਂਦਾ ਹੈ।
ਹੋਲੀ ਰੰਗਾਂ ਦਾ ਤਿਉਹਾਰ ਹੈ/ਸੀ ਪਰ ਹੁਣ ਅਸੀਂ ਇਸ ਨੂੰ ‘ਮਸਨੂਈ’ (ਨਕਲੀ) ਰੰਗਾਂ ਤੱਕ ਹੀ ਮਹਿਦੂਦ ਕਰ ਦਿੱਤਾ ਹੈ। ਸ਼ਾਇਦ ਸਾਡੀ ਜ਼ਿੰਦਗੀ ਵਿੱਚੋਂ ਸੱਚੇ, ਪੱਕੇ, ਅਸਲ ਰੰਗ ਗੁਆਚ ਗਏ ਹਨ ਜੋ ਸਾਨੂੰ ਇਨ੍ਹਾਂ ‘ਮਸਨੂਈ’ ਰੰਗਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਅਸੀਂ ਇਸ ਤਿਓਹਾਰ ਵੇਲ਼ੇ ਬਜ਼ਾਰੋਂ ਨਕਲੀ ਰੰਗ ਖ਼ਰੀਦ ਲਿਆਉਂਦੇ ਹਾਂ, ਇੱਕ–ਦੂਸਰੇ ਦੇ ਮਲ਼ ਦਿੰਦੇ ਹਾਂ, ਖ਼ੁਸ਼ੀ ਵਿੱਚ ਚੀਕਾਂ ਮਾਰ ਕੇ, ਰੰਗ–ਬਿਰੰਗੇ ਹੋ ਕੇ ਅਸੀਂ ਬਹੁਤ ਖ਼ੁਸ਼ ਮਹਿਸੂਸ ਕਰਦੇ ਹਾਂ; ਸ਼ਾਮੀਂ ਨਹਾ–ਧੋ ਲੈਣ ਤੋਂ ਬਾਅਦ ਸਾਡੀ ਤੇ ਹੋਰਨਾਂ ਦੀ ‘ਥੁੜ੍ਹ–ਚਿਰੀ’ ਰੰਗੀਨ ਜ਼ਿੰਦਗੀ, ਮੁੜ ਤੋਂ ‘ਬਦਰੰਗ’ ਹੋ ਜਾਂਦੀ ਹੈ।
ਬਜ਼ਾਰੋਂ ਖ਼ਰੀਦ ਕੇ ਲਿਆਂਦੇ ਮਸਨੂਈ ਰੰਗ ਇੱਕ ਦਿਨ ਵਿੱਚ ਹੀ ਆਪਣੀ ਰੰਗਤ ਗੁਆ ਬੈਠਦੇ ਹਨ। ਅਗਲੀ ਹੋਲੀ ਤੱਕ ਮਾਯੂਸ, ਨਿਰਾਸ਼, ਉਦਾਸ, ਰੰਗਹੀਣ ਜਿਹੇ ਹੋ ਜਾਨੇ ਆ। ਸਾਨੂੰ ਆਪਣੀ ਜ਼ਿੰਦਗੀ ਨੂੰ ਮੁੜ ਰੰਗੀਨ ਬਣਾਉਣ ਹਿੱਤ, ਅਗਲੀ ਹੋਲੀ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਬਿਲਾ–ਓ–ਸ਼ੱਕ ਸਾਡੀ ਜ਼ਿੰਦਗੀ ਰੰਗਦਾਰ ਹੋਣੀ ਚਾਹੀਦੀ ਹੈ ਤੇ ਰੰਗਦਾਰ ਰਹਿਣੀ ਵੀ ਚਾਹੀਦੀ ਹੈ ਪਰ ਕੇਵਲ ਇੱਕ ਦਿਨ ਲਈ ਨਹੀਂ, ਬਲਕਿ ਪੂਰੇ ਸਾਲ ਲਈ। ਸੋ ‘ਹੋਲੀ’ ਨੂੰ ਇੱਕ–ਦਿਨਾ ਤਿਓਹਾਰ ਵਾਂਗ ਨਾ ਮਨਾਓ, ਇਸ ਨੂੰ ਕੇਵਲ ਬਜ਼ਾਰੋਂ ਖ਼ਰੀਦ ਕੇ ਲਿਆਂਦੇ ਮਸਨੂਈ ਰੰਗਾਂ ਤੱਕ ਮਹਿਦੂਦ ਨਾ ਕਰੋ ਬਲਕਿ ਇਸਨੂੰ ਜੀਵਨ ਸਲੀਕੇ ਵਾਂਗ ਲਵੋ।
ਮੈਂ ਤਾਂ ਚਾਹੁੰਦਾ ਹਾਂ ਕਿ ਅਸੀਂ ਅਜਿਹੀ ਹੋਲੀ ਖੇਡੀਏ, ਉਮਰਾਂ ਦੀ ਹੋਲੀ, ਜਿਹਦੇ ਰੰਗ ਸਾਡੇ ਅੰਦਰੋਂ ਫੁੱਟਣ, ਅਸੀਂ ਹਰ ਪਲ, ਹਰ ਛਿਣ ਰੰਗੇ–ਰੰਗੇ ਜਿਹੇ ਮਹਿਸੂਸ ਕਰੀਏ। ਤੁਸੀਂ ਘੁੰਮੋ, ਫਿਰੋ, ਪੜ੍ਹੋ, ਲਿਖੋ, ਘਰ ਦੇ ਕੰਮ ਕਰੋ, ਆਪਣੇ ਕੰਮ ਕਰੋ। ਪੈਸਿਆਂ ਲਈ ਤਾ ਕੰਮ ਸਦਾ ਹੀ ਕਰਦੇ ਹੋ, ਬਿਨਾਂ ਪੈਸਿਆਂ ਲਈ ਵੀ ਕਦੇ–ਕਦਾਈਂ ਕੰਮ ਕਰ ਕੇ ਵੇਖੋ; ਆਪ ਤਾਂ ਖ਼ੁਸ਼ ਹੁੰਦੇ ਹੀ ਹੋ, ਹੋਰਨਾਂ ਨੂੰ ਵੀ ਖ਼ੁਸ਼ ਕਰ ਕੇ ਵੇਖੋ। ਖ਼ੁਦ ਹੱਸਦੇ ਹੋ, ਦੂਸਰਿਆਂ ਨੂੰ ਵੀ ਹਸਾ ਕੇ ਵੇਖੋ। ਕਦੇ ਆਪਣੇ ਆਪ ਤੋਂ ਬਾਹਰੇ ਹੋ ਕੇ ਵੀ ਦੇਖੋ। ਇਹ ਕਰਨਾ ਸ਼ਾਇਦ ਤੁਹਾਨੂੰ ਸਦੀਵੀਂ ਰੰਗ ਦੇਵੇਗਾ।
ਆਪਣੀ ਜ਼ਿੰਦਗੀ ਵਿੱਚ ਸਦੀਵੀਂ ਰੰਗ ਭਰਨ ਲਈ ਆਪਣੀ ਜ਼ਿੰਦਗੀ ਦੇ ਆਸ਼ਿਆਂ ਨੂੰ ਬਦਲੋ। ਅਸੀਂ ਰਾਜਨੀਤੀ ਤੋਂ ਉੱਕਾ ਹੀ ਨਿਰਾਸ਼ ਹਾਂ, ਅਸੀਂ ਰਾਜਨੀਤੀ ਦੇ ਲੋਕ–ਦੋਖੀ ਸੁਭਾਅ ਤੋਂ ਪਰੇਸ਼ਾਨ ਹਾਂ, ਅਸੀਂ ਰਾਜਨੀਤੀ ਦੀਆਂ ਲੋਕ–ਮਾਰੂ ਨੀਤੀਆਂ ਤੋਂ ਦੁਖੀ ਹਾਂ। ਅਸੀਂ ਉਸ ਰੰਗੀਨ ਤੇ ਅਪਹੁੰਚ ਰਾਜਨੀਤੀ ਨੂੰ ਨਫ਼ਰਤ ਕਰਦੇ ਹਾਂ, ਜਿਹੜੀ ਅੱਗੋਂ ਜਨਤਾ ਦਾ ਜੀਵਨ ਬਦਰੰਗ ਕਰਨੀ ‘ਤੇ ਤੁਲੀ ਹੋਈ ਹੈ।
ਅਸੀਂ ਸਭ ਸਮਝਦੇ ਹਾਂ, ਜਾਣਦੇ ਹਾਂ ਪਰ ਫਿਰ ਵੀ ਅਜਿਹੀ ਕੋਹਝੀ ਰਾਜਨੀਤੀ ਨੂੰ ਉਖਾੜ ਸੁੱਟਣ ਦੀ ਕੋਸ਼ਿਸ਼ ਨਹੀਂ ਕਰਦੇ, ਜਿਹੜੀ ਸਾਡੀ ਜ਼ਿੰਦਗੀ ਦੇ ਰੰਗ ਚੁਰਾਉਂਦੀ ਹੈ। ਅਸੀਂ ਇਹ ਮੰਨ ਕੇ ਬਹਿ ਗਏ ਹਾਂ ਕਿ ‘ਕੁਝ ਨਹੀਂ ਬਦਲਣਾ, ਸਭ ਕੁਝ ਇਸ ਤਰ੍ਹਾਂ ਹੀ ਚਲਦਾ ਰਹੇਗਾ।’ ਅਤੇ ਅਸੀਂ ਕੁਝ ਬਦਲਣ ਨਾਲ਼ੋਂ ਹਿਜਰਤ (ਕਿਸੇ ਸਥਾਨ ਨੂੰ ਛੱਡ ਕੇ ਚਲੇ ਜਾਣਾ) ਕਰਨ ਨੂੰ ਪਹਿਲ ਦੇ ਰਹੇ ਹਾਂ। ਇਸੇ ਲਈ ਪੰਜਾਬ ਹੁਣ ਚੰਗੇ ਲੋਕਾਂ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ ਕਿਉਂਕਿ ਚੰਗੇ ਲੋਕ ਤਾਂ ਆਪਣਾ ਚੌਗਿਰਦੇ ਸੰਵਾਰਨ ਦੀ ਥਾਂ ‘ਬਾਹਰ’ ਨੂੰ ਭੱਜ ਰਹੇ ਹਨ।
ਰੁਕੋ, ਠਹਿਰੋ, ਸੋਚੋ, ਵਿਚਾਰੋ, ਵਿਉਂਤ ਬਣਾਓ ਤੇ ਫਿਰ ਅਮਲ ਕਰੋ। ਹੋਲੀ ਵਾਲ਼ੇ ਦਿਨ ਇੱਕ ‘ਹਾਂਡੀ ਭੰਨਣ’ ਵਾਲ਼ੀ ਖੇਡ/ਰੀਤ ਹੁੰਦੀ ਹੈ ਜਿਸ ਵਿੱਚ ਹਾਂਡੀ ਜ਼ਮੀਨ ਤੋਂ ਬਹੁਤ ਉੱਚਿਆਂ ਬੰਨ੍ਹੀ ਹੁੰਦੀ ਹੈ। ਮਨੁੱਖ ਕੱਲੇ–ਦੁਕੱਲੇ ਉਸ ਦੁੱਧ/ਦਹੀਂ ਦੀ ਭਰੀ ਹਾਂਡੀ ਤੱਕ ਪਹੁੰਚ ਨਹੀਂ ਸਕਦੇ, ਨਾ ਉਹਨੂੰ ਭੰਨ ਸਕਦੇ ਹਨ। ਫੇਰ ਲੋਕ ਇਕੱਠੇ ਹੁੰਦੇ ਹਨ, ਵਿਉਂਤ ਬਣਾਉਂਦੇ ਹਨ। ਉਸ ਹਾਂਡੀ ਦੇ ਹੇਠ, ਜ਼ਮੀਨ ਉੱਤੇ 5–7 ਜਣੇ ਖੜ੍ਹ ਕੇ ਇੱਕ ਘੇਰਾ ਬਣਾਉਂਦੇ ਹਨ। ਉਨ੍ਹਾਂ ਪੰਜਾਂ–ਸੱਤਾਂ ਦੇ ਮੋਢਿਆਂ ਉੱਤੇ ਹੋਰ ਲੋਕ ਚੜ੍ਹਦੇ ਹਨ ਅਤੇ ਉਨ੍ਹਾਂ ਦੇ ਅੱਗੋਂ ਮੋਢਿਆਂ ਉੱਤੇ ਹੋਰ।
ਇੰਝ ਇੱਕ ਮਨੁੱਖੀ ਪਿੱਲਰ (ਥੰਮ) ਬਣ ਜਾਂਦਾ ਹੈ ਜਿਸ ਉੱਤੇ ਚੜ੍ਹਦਾ–ਚੜ੍ਹਦਾ ਇੱਕ ਨੌਜਵਾਨ, ਜ਼ਮੀਨ ਤੋਂ ਕਾਫ਼ੀ ਉੱਚੀ ਬੰਨ੍ਹੀ ਹਾਂਡੀ ਤੱਕ ਪਹੁੰਚ ਜਾਂਦਾ ਹੈ ਤੇ ਹਾਂਡੀ ਨੂੰ ਭੰਨ ਦਿੰਦਾ ਹੈ। ਅਸੀਂ ਵੀ ਬੱਸ ਇੰਝ ਹੀ ਵਿਓਂਤ ਬਣਾ ਕੇ, ਮਨੁੱਖੀ ਏਕਤਾ ਦਾ ਪਿਲਰ ਬਣਾਉਣਾ ਹੈ ਅਤੇ ਅਪਹੁੰਚ ਜਿਹੀ ਜਾਪਦੀ ਕੋਹਝੀ ਰਾਜਨੀਤੀ ਦੀ ਹਾਂਡੀ ਨੂੰ ਜਾ ਹੱਥ ਪਾਉਣਾ ਹੈ ਤੇ ਹਾਂਡੀ ਭੰਨ ਕੇ ਹੀ ਪਰਤਣਾ ਹੈ। ਜਦੋਂ ਅਸੀਂ ਕੋਹਝੀ ਰਾਜਨੀਤੀ ਦੀ ਹਾਂਡੀ ਭੰਨ ਦਿੱਤੀ ਤਾਂ ਅਡੰਬਰਮਈ ਸੰਸਥਾਈ ਧਰਮ ਦਾ ਭਾਂਡਾ ਵੀ ਆਪੇ ਚੌਰਾਹੇ ਭੱਜ ਜਾਵੇਗਾ, ਜਿਸ ਰਾਹੀਂ ਇਹ ਕੋਹਝੀ ਰਾਜਨੀਤੀ ਸਾਡੇ ‘ਤੇ ਹੁਣ ਤੱਕ ਰਾਜ ਕਰਦੀ ਰਹੀ ਹੈ, ਹੁਕਮ ਚਲਾਉਂਦੀ ਰਹੀ ਹੈ।
ਆਓ ਦੋਸਤਾਂ ਰਲ਼–ਮਿਲ ਕੇ ਅਜਿਹੀ ਹੋਲੀ ਮਨਾਈਏ। ਮਸਨੂਈ ਰੰਗਾਂ ਨੂੰ ਤਿਆਗ ਕੇ ਜਿੰਦਗੀ ਨੂੰ ਅਜਿਹਾ ਰੰਗ ਚਾੜ੍ਹੀਏ ਜਿਸ ਦੀ ਰੰਗਤ ਕਦੇ ਨਾ ਉੱਤਰੇ। ਆਓ ਅਮਲਾਂ ਦੇ ਰਾਹ ਤੁਰੀਏ। ਆਓ ਬਦਰੰਗ ਹੋਈ ਜ਼ਿੰਦਗੀ ਨੂੰ ਮੁੜ ਰੰਗੀਨ ਰਾਹਾਂ ‘ਤੇ ਤੋਰ ਕੇ, ਅਸਮਾਨੀ ਉੱਡੀਏ ਤੇ ਸਤਰੰਗੀ ਪੀਂਘ ਦਾ ਝੂਟਾ ਲਈਏ।
ਡਾ. ਸਵਾਮੀ ਸਰਬਜੀਤ
9888401328