(ਸਮਾਜ ਵੀਕਲੀ)
” ਹਿੰਦੂ ਮੁਸਲਿਮ ਸਿੱਖ ਇਸਾਈ,
ਰਲ਼ਕੇ ਸਾਰੇ ਭਾਈ ਭਾਈ,
ਆਜੋ ਇੱਕ ਗਲਵੱਕੜੀ ਪਾਈਏ;
ਖੁਸ਼ੀਆਂ ਦਾ ਤਿਉਹਾਰ ਹੈ ਆਇਆ,
ਆਉ ਰਲ਼ਕੇ ਈਦ ਮਨਾਈਏ….;
ਮੰਦਿਰ ਜਾਕੇ ਰੋਜਾ ਖੋਲੀਏ,
ਹਰਮੰਦਿਰ ਜਾ ਨਮਾਜ਼ਾਂ ਪੜ੍ਹੀਏ;
ਸੱਜਦੇ ਵਿੱਚ ਦੁਆਵਾਂ ਕਰੀਏ,
ਕਿ ਇੱਕ ਦੂਜੇ ਦੇ ਦੁੱਖ ‘ਚ ਖੜੀਏ;
ਵੈਰ ਵਿਰੋਧ ਤੇ ਨਫ਼ਰਤ ਸਾਰੀ
ਰਲ਼ਕੇ ਸਾਰੇ ਦਿਲ ‘ਚੋਂ ਮਿਟਾਈਏ,
ਖੁਸ਼ੀਆਂ ਦਾ ਤਿਉਹਾਰ ਹੈ ਆਇਆ,
ਆਓ ਰਲ਼ਕੇ ਈਦ ਮਨਾਈਏ….;
ਮੇਰੀ ਸਾਸਰੀਕਾਲ ਨੂੰ ,
ਤੂੰ ਵੀ ਸਲਾਮ ਆਖ ਦੇਵੀਂ,
ਮੈਂ ਅੱਲ੍ਹਾ ਹੂ ਅਖਾਂਗਾ,
ਤੂੰ ਵੀ ਸ਼੍ਰੀ ਰਾਮ ਆਖ ਦੇਵੀਂ;
ਸੱਜਦਾ ਕਰਕੇ ਹਰਮੰਦਿਰ ਨੂੰ
ਚੱਲ ਮੱਕੇ ਫੇਰਾ ਪਾ ਆਈਏ,
ਖੁਸ਼ੀਆਂ ਦਾ ਤਿਉਹਾਰ ਹੈ ਆਇਆ,
ਆਓ ਰਲ਼ਕੇ ਈਦ ਮਨਾਈਏ….;
ਚੱਲ ਫਿਰ ਤੋਂ ਇੱਕ ਹੋ ਜਾਈਏ,
ਸੀ ਵੰਡੇ ਜੋ ਸਿਆਸਤਾਂ ਨੇਂ;
ਪਿਆਰ ਮੁਹੱਬਤ ਵੰਡਣਾ ਸਭਨੂੰ,
ਰੱਬ ਦੀਆਂ ਹੀ ਇਬਾਦਤਾਂ ਨੇ;
ਐਵੇਂ ਨਫ਼ਰਤ ਬਦਲੇ ਨਫ਼ਰਤ ਵੰਡਕੇ
ਮੁਹੱਬਤੋਂ ਨਾਂ ਵਾਂਝੇ ਰਹਿ ਜਾਈਏ,
ਖੁਸ਼ੀਆਂ ਦਾ ਤਿਉਹਾਰ ਹੈ ਆਇਆ,
ਆਓ ਰਲ਼ਕੇ ਈਦ ਮਨਾਈਏ….;
ਮਜ਼੍ਹਬੀ ਨਫ਼ਰਤ ਦੀਆਂ ਸਭ,
ਤੋੜ ਦੇਈਏ ਜੰਜ਼ੀਰਾਂ ਨੂੰ;
ਦਿਲ ‘ਤੇ ਉੱਕਰੀਆਂ ਮੇਟ ਦੀਏ,
ਹੱਦਾਂ ਦੀਆਂ ਲਕੀਰਾਂ ਨੂੰ;
ਅੰਬਰਸਰੋਂ ਬਹਿਕੇ ਗੱਡੀ
ਫੇਰ ਦੁਬਾਰਾ ਲਾਹੌਰ ਜਾ ਆਈਏ,
ਖੁਸ਼ੀਆਂ ਦਾ ਤਿਉਹਾਰ ਹੈ ਆਇਆ,
ਆਓ ਰਲ਼ਕੇ ਈਦ ਮਨਾਈਏ….;
ਨਾਨਕ ਦਾ ਨਾਮ ਲੈਕੇ,
ਛਕੀਏ ਨਿਆਜ਼ ਨੂੰ;
ਖੁਸ਼ੀਆਂ ਦੇ ਮੁੱਲ ਪਾਈਏ,
ਹਾਸਿਆਂ ਦੇ ਵਿਆਜ਼ ਨੂੰ;
ਇੱਕ ਵਾਰ ਫੇਰ ਬਾਤ
ਮੁਹੱਬਤਾਂ ਦੀ ਪਾਈਏ,
ਖੁਸ਼ੀਆਂ ਦਾ ਤਿਉਹਾਰ ਹੈ ਆਇਆ,
ਆਓ ਰਲ਼ਕੇ ਈਦ ਮਨਾਈਏ….;
ਸਾਂਝੇ ਸਾਡੇ ਲੋਕ ਹੋਣ,
ਸਾਂਝੇ ਸਾਡੇ ਰੱਬ ਹੋਣ;
ਇੱਕ ਮਿੱਕ ਫੇਰ
‘ਧਾਲੀਵਾਲਾ’ ਸਭ ਹੋਣ;
ਇੱਕ ਵਾਰੀ ਵਾਹਕੇ ਮੁੜ
ਵਸਲਾਂ ਦੀ ਲੀਕ ਨਾਂ ਮਿਟਾਈਏ,
ਖੁਸ਼ੀਆਂ ਦਾ ਤਿਉਹਾਰ ਹੈ ਆਇਆ,
ਆਓ ਰਲ਼ਕੇ ਈਦ ਮਨਾਈਏ;
ਅਰਦਾਸ ਵਿੱਚ ਮੰਗੀਏ,
ਸਰਬੱਤ ਦਾ ਹੀ ਭਲਾ;
ਪਹਿਲੇ ਪਹਿਰ ਰੱਬ ਨੂੰ,
ਇਹ ਦੁਆ ਕਰ ਆਈਏ;
ਖੁਸ਼ੀਆਂ ਦਾ ਤਿਉਹਾਰ ਹੈ ਆਇਆ,
ਆਓ ਰਲ਼ਕੇ ਈਦ ਮਨਾਈਏ….!!”
– ਈਦ ਮੁਬਾਰਕ –
ਹਰਕਮਲ ਧਾਲੀਵਾਲ
ਸੰਪਰਕ:- 8437403720