ਆਉਂਦੇ ਦਿਨਾਂ ’ਚ ਭਾਰੀ ਮੀਂਹ ਦੀ ਪੇਸ਼ੀਨਗੋਈ

ਹਵਾਵਾਂ ਦਾ ਰੁੱਖ਼ ਅਤੇ ਹੋਰਨਾਂ ਹਾਲਾਤ ਆਮ ਜਿਹੇ ਰਹੇ ਤਾਂ ਇਸ ਮਹੀਨੇ ਦੇ ਅੰਤ ਤੋਂ ਭਾਰੀ ਬਰਸਾਤਾਂ ਸ਼ੁਰੁੂ ਹੋ ਜਾਣਗੀਆਂ। ਉੱਤਰ ਭਾਰਤ ਦੇ ਪਹਾੜੀ ਰਾਜਾਂ ਵਿੱਚ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦੀ ਸਾਈਟ ’ਤੇ ਕੀਤੀ ਗਈ ਪੇਸ਼ੀਨਗੋਈ ਮੁਤਾਬਕ 31 ਜੁਲਾਈ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੱਟੀ ਇਲਾਕਿਆਂ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਦਾ ਇਹੀ ਹਾਲ ਇਕ ਅਗਸਤ ਅਤੇ ਉਸ ਤੋਂ ਬਾਅਦ ਤਿੰਨ-ਚਾਰ ਦਿਨਾਂ ਤਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਮੌਨਸੂਨ ਹੌਲੀ ਰਿਹਾ। ਹੁਣ ਹੌਲੀ ਹੌਲੀ ਇਸ ਦੀ ਮੌਜੂਦਗੀ ਬਹੁਤ ਵੱਧ ਗਈ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਇਹ ਮੌਜੂਦਗੀ ਅਗਸਤ ਦੇ ਪਹਿਲੇ ਹਫ਼ਤੇ ਮੀਂਹ ਦੀ ਘਾਟ ਪੂਰੀ ਕਰ ਦੇਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਬੀਤੇ ਇਕ ਹਫ਼ਤੇ ਤੋਂ ਮਹਾਰਾਸ਼ਟਰ ਦੇ ਸਮੁੰਦਰੀ ਤੱਟ ਤੋਂ ਬਣੇ ਘੱਟ ਦਬਾਅ ਦੇ ਖੇਤਰ ਨੇ ਮੌਨਸੂਨ ਨੂੰ ਉੱਤਰ ਵਿੱਚ ਸਰਗਰਮ ਕਰ ਦਿੱਤਾ ਹੈ। ਇਸ ਕਾਰਨ ਬੀਤੇ ਚਾਰ ਦਿਨਾਂ ਵਿੱਚ ਉੱਤਰੀ ਸੂਬਿਆਂ ਵਿੱਚ ਮੀਂਹ ਦਾ ਪੱਧਰ ਵਧਿਆ ਹੈ। ਇਸ ਕਾਰਨ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਉੱਤਰ ਦੇ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪਵੇਗਾ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ।

Previous articleਕਮਲਨਾਥ ਦੀ ਫੇਸਬੁੱਕ ਪੋਸਟ ਦਾ ਸ਼੍ਰੋਮਣੀ ਕਮੇਟੀ ਵੱਲੋਂ ਤਿੱਖਾ ਵਿਰੋਧ
Next articleਸੀਨੀਅਰ ਕਾਂਗਰਸੀ ਆਗੂ ਜੈਪਾਲ ਰੈੱਡੀ ਦਾ ਦੇਹਾਂਤ