ਅੰਮ੍ਰਿਤਸਰ (ਸਮਾਜਵੀਕਲੀ) – ਪੰਜਾਬ ਵਿੱਚ ਸਿਹਤ ਸਹੂਲਤਾਂ ’ਤੇ ਲਗਾਤਾਰ ਉਂਗਲ ਉੱਠ ਰਹੀ ਹੈ। ਅੱਜ ਭਾਈ ਨਿਰਮਲ ਸਿੰਘ ਖਾਲਸਾ ਦੇ ਨਜ਼ਦੀਕੀ ਭਾਈ ਦਰਸ਼ਨ ਸਿੰਘ ਦੀ ਆਡੀਓ ਵਾਇਰਲ ਹੋਈ ਹੈ। ਭਾਈ ਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਚਾਰ ਜੀਅ ਵੀ ਕਰੋਨਾ ਤੋਂ ਪੀੜਤ ਹਨ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਥੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਬਣਾਈ ਗਈ ਆਈਸੋਲੇਸ਼ਨ ਵਾਰਡ ਵਿੱਚ ਜ਼ੇਰੇ ਇਲਾਜ ਹਨ।
ਭਾਈ ਨਿਰਮਲ ਸਿੰਘ ਖਾਲਸਾ ਵੀ ਇਸੇ ਵਾਰਡ ਵਿੱਚ ਹੀ ਜ਼ੇਰੇ ਇਲਾਜ ਸਨ। ਭਾਈ ਦਰਸ਼ਨ ਸਿੰਘ ਨੇ ਵੀ ਵਾਰਡ ਵਿੱਚ ਲੋੜੀਂਦੇ ਪ੍ਰਬੰਧ ਨਾ ਹੋਣ ਅਤੇ ਹੋਰ ਕਈ ਖਾਮੀਆਂ ਦੇ ਗੰਭੀਰ ਦੋਸ਼ ਲਾਏ ਹਨ। ਵਾਇਰਲ ਆਡੀਓ ਵਿੱਚ ਭਾਈ ਦਰਸ਼ਨ ਸਿੰਘ ਕਹਿ ਰਹੇ ਹਨ ਕਿ ਇਸ ਵਾਰਡ ਵਿੱਚ ਉਨ੍ਹਾਂ ਦਾ ਕੋਈ ਧਿਆਨ ਨਹੀਂ ਰੱਖ ਰਿਹਾ ਹੈ। ਡਾਕਟਰ ਨਹੀਂ ਆ ਰਹੇ। ਸਿਰਫ ਨਰਸਾਂ ਹੀ ਸਵੇਰੇ-ਸ਼ਾਮ ਆਉਂਦੀਆਂ ਹਨ ਅਤੇ 2-3 ਗੋਲੀਆਂ ਦੋ ਟਾਈਮ ਦੇ ਕੇ ਚਲੀਆਂ ਜਾਂਦੀਆਂ ਹਨ। ਕੋਈ ਵੀ ਮੁੱਖ ਡਾਕਟਰ ਜਾਂਚ ਲਈ ਨਹੀਂ ਆ ਰਿਹਾ। ਗੀਜ਼ਰ ਦੀ ਪਾਈਪ ਟੁੱਟੀ ਹੋਣ ਕਾਰਨ ਗਰਮ ਪਾਣੀ ਨਹੀਂ ਮਿਲਿਆ ਅਤੇ ਚਾਰ ਦਿਨ ਤੋਂ ਇਸ਼ਨਾਨ ਨਹੀਂ ਕਰ ਸਕੇ।
ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਵਾਰਡ ਵਿੱਚੋਂ ਤਬਦੀਲ ਕੀਤਾ ਜਾਵੇ ਅਤੇ ਘਰ ਵਿਚ ਰੱਖ ਕੇ ਹੀ ਇਲਾਜ ਕੀਤਾ ਜਾਵੇ। ਆਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਖ਼ਲ ਮਗਰੋਂ ਭਾਈ ਦਰਸ਼ਨ ਸਿੰਘ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਚਾਰ ਜੀਆਂ ਨੂੰ ਸਰਕਾਰੀ ਹਸਪਤਾਲ ਦੀ ਆਈਸੋਲੇਸ਼ਨ ਵਾਰਡ ’ਚੋਂ ਫੋਰਟਿਸ ਹਸਪਤਾਲ ਵਿੱਚ ਇਲਾਜ ਲਈ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਈ ਨਿਰਮਲ ਸਿੰਘ ਖਾਲਸਾ ਦੀ ਆਡੀਓ ਵਾਇਰਲ ਹੋਈ ਸੀ, ਜਿਸ ਵਿਚ ਉਨ੍ਹਾਂ ਗੰਭੀਰ ਦੋਸ਼ ਲਾਏ ਸਨ।
ਭਾਈ ਦਰਸ਼ਨ ਸਿੰਘ ਦੇ ਬੇਟੇ ਜਗਪ੍ਰੀਤ ਸਿੰਘ, ਜੋ ਪਹਿਲਾਂ ਇਸੇ ਵਾਰਡ ਵਿੱਚ ਸਨ ਅਤੇ ਉਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ, ਨੇ ਦੋਸ਼ ਲਾਇਆ ਸੀ ਕਿ ਵਾਰਡ ਵਿਚ ਬੁਖਾਰ ਦਾ ਪਤਾ ਲਾਉਣ ਲਈ ਥਰਮਾਮੀਟਰ ਤਕ ਨਹੀਂ ਹੈ। ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਵਲੋਂ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਤਸੱਲੀ ਲਈ ਪਰਿਵਾਰ ਦੇ ਚਾਰ ਜੀਆਂ ਨੂੰ ਸਰਕਾਰੀ ਹਸਪਤਾਲ ਦੀ ਇਸ ਵਾਰਡ ਵਿਚੋਂ ਫੋਰਟਿਸ ਐਸਕਾਰਟ ਹਸਪਤਾਲ ਵਿੱਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਹਨ।
ਦੱਸਣਯੋਗ ਹੈ ਕਿ ਭਾਈ ਨਿਰਮਲ ਸਿੰਘ ਨੂੰ ਕਰੋਨਾ ਪੀੜਤ ਹੋਣ ਦਾ ਪਤਾ ਲੱਗਣ ਮਗਰੋਂ ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਰਿਸ਼ਤੇਦਾਰ ਤੇ ਹੋਰਨਾਂ ਲਗਪਗ 11 ਵਿਅਕਤੀਆਂ ਨੂੰ ਜਾਂਚ ਵਾਸਤੇ ਆਈਸੋਲੇਸ਼ਨ ਵਾਰਡ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਨਾਲ ਸਬੰਧਤ ਪੰਜ ਵਿਅਕਤੀਆਂ ਨੂੰ ਕਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਜਦੋਂਕਿ ਬਾਕੀਆਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ, ਜਿਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਹੈ। ਭਾਈ ਨਿਰਮਲ ਸਿੰਘ ਦੇ ਚਾਚੀ ਜਲੰਧਰ ਵਿਚ ਜ਼ੇਰੇ ਇਲਾਜ ਹਨ।