ਆਈਸੀਸੀ ਪੁਰਸਕਾਰ: ਰੋਹਿਤ ਸਾਲ ਦਾ ਸਰਵੋਤਮ ਇਕ ਰੋਜ਼ਾ ਕ੍ਰਿਕਟਰ

ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਅੱਜ ਆਈਸੀਸੀ ਦਾ ਸਾਲ 2019 ਦਾ ਸਰਵੋਤਮ ਇਕ ਰੋਜ਼ਾ ਕ੍ਰਿਕਟਰ ਚੁਣਿਆ ਗਿਆ ਜਦੋਂਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ ਦੇ ਮੈਚ ਦੌਰਾਨ ਦਰਸ਼ਕਾਂ ਨੂੰ ਸਟੀਵ ਸਮਿੱਥ ਦੀ ਹੂਟਿੰਗ ਕਰਨ ਤੋਂ ਰੋਕਣ ਲਈ ‘ਸਪਿਰਿਟ ਆਫ਼ ਕ੍ਰਿਕਟ’ ਪੁਰਸਕਾਰ ਲਈ ਚੁਣਿਆ ਗਿਆ ਹੈ। ਸਮਿੱਥ ਗੇਂਦ ਨਾਲ ਛੇੜਛਾੜ ਦੇ ਮਾਮਲੇ ’ਚ ਇਕ ਸਾਲ ਦੀ ਪਾਬੰਦ ਝੱਲਣ ਮਗਰੋਂ ਵਾਪਸੀ ਕਰ ਰਿਹਾ ਸੀ। ਕੋਹਲੀ ਨੂੰ ਆਈਸੀਸੀ ਦੀਆਂ ਇਕ ਰੋਜ਼ਾ ਤੇ ਟੈਸਟ ਦੋਵੇਂ ਟੀਮਾਂ ਦਾ ਕਪਤਾਨ ਵੀ ਚੁਣਿਆ ਗਿਆ ਹੈ। ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਟੀ20 ’ਚ ਸਭ ਤੋਂ ਵਧੀਆ ਕੌਮਾਂਤਰੀ ਪ੍ਰਦਰਸ਼ਨ ਦਾ ਪੁਰਸਕਾਰ ਜਿੱਤਿਆ। ਇਸ ਤੋਂ ਇਲਾਵਾ ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਹਰਫ਼ਨਮੌਲਾ ਬੈਨ ਸਟੋਕਸ ਨੂੰ ਸਾਲ ਦੇ ਸਰਵੋਤਮ ਕ੍ਰਿਕਟਰ ਦੇ ‘ਸਰ ਗਾਰਫੀਲਡ ਸੋਬਰਸ ਟਰਾਫ਼ੀ’ ਪੁਰਸਕਾਰ ਲਈ ਚੁਣਿਆ ਗਿਆ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿਨਜ਼ ਨੂੰ ਸਾਲ ਦਾ ਸਰਬੋਤਮ ਟੈਸਟ ਕ੍ਰਿਕਟਰ ਚੁਣਿਆ ਗਿਆ। ਉੱਥੇ ਹੀ ਆਸਟਰੇਲੀਆ ਦੇ ਮਾਰਨਸ ਲਾਬੂਸ਼ੇਨ ਨੂੰ ਸਾਲ ਦਾ ਸਭ ਤੋਂ ਵਧੀਆ ਉੱਭਰਦਾ ਕ੍ਰਿਕਟਰ ਤੇ ਸਕਾਟਲੈਂਡ ਦੇ ਕਾਈਲ ਕੋਟਜ਼ਰ ਨੂੰ ਸਾਲ ਦਾ ਸਭ ਤੋਂ ਵਧੀਆ ਐਸੋਸੀਏਟ ਕ੍ਰਿਕਟਰ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਰੋਹਿਤ ਨੇ ਵਿਸ਼ਵ ਕੱਪ ਦੇ ਨੌਂ ਮੈਚਾਂ ’ਚ ਪੰਜ ਸੈਂਕੜੇ ਅਤੇ ਇਕ ਅਰਧ ਸੈਂਕੜੇ ਸਣੇ 81 ਦੀ ਔਸਤ ਨਾਲ 648 ਦੌੜਾਂ ਬਣਾਈਆਂ। ਉਹ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਕ ਹੀ ਸੈਸ਼ਨ ’ਚ ਪੰਜ ਸੈਂਕੜੇ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਰੋਹਿਤ ਨੇ ਇਸ ਸਾਲ ਇਕ ਰੋਜ਼ਾ ਕ੍ਰਿਕਟ ’ਚ 28 ਮੈਚਾਂ ਵਿੱਚ 1409 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ ਸੱਤ ਸੈਂਕੜੇ ਵੀ ਸ਼ਾਮਲ ਹਨ। ਰੋਹਿਤ ਨੇ ਕਿਹਾ, ‘‘ਇਸ ਤਰ੍ਹਾਂ ਤੋਂ ਸਨਮਾਨ ਮਿਲਣਾ ਚੰਗਾ ਲੱਗਦਾ ਹੈ। ਅਸੀਂ ਬਿਹਤਰ ਕਰ ਸਕਦੇ ਸੀ ਪਰ ਸਕਾਰਾਤਮਕ ਪਹਿਲੂਆਂ ਨੂੰ ਲੈ ਕੇ ਅਗਲੇ ਸਾਲ ਵਧੀਆ ਖੇਡਾਂਗੇ।’’ ਭਾਰਤੀ ਕਪਤਾਨ ਵਿਰਾਟ ਕੋਹਲੀ ‘ਸਪਿਰਿਟ ਆਫ਼ ਕ੍ਰਿਕਟ’ ਪੁਰਸਕਾਰ ਮਿਲਣ ਤੋਂ ਹੈਰਾਨ ਹੈ। ਉਸ ਨੇ ਦੱਸਿਆ ਕਿ ਸਮਿੱਥ ਦਾ ਇਸ ਤਰ੍ਹਾਂ ਬਚਾਅ ਕਿਉਂ ਕੀਤਾ ਸੀ। ਉਸ ਨੇ ਕਿਹਾ, ‘‘ਖਿਡਾਰੀਆਂ ਵਿੱਚ ਆਪਸ ’ਚ ਇਕ-ਦੂਜ ਲਈ ਇਸ ਤਰ੍ਹਾਂ ਦਾ ਤਾਲਮੇਲ ਹੁੰਦਾ ਹੈ। ਇਹ ਮੈਂ ਉਸ ਦੀ ਹਾਲਤ ਨੂੰ ਸਮਝਦੇ ਹੋਏ ਕੀਤਾ ਸੀ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹ਼ਾਂ ਦੇ ਹਾਲਾਤ ਤੋਂ ਨਿਕਲ ਕੇ ਆਏ ਕਿਸੇ ਵਿਅਕਤੀ ਦੇ ਹਾਲਾਤ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਤੁਸੀਂ ਵਿਰੋਧੀ ਟੀਮ ਨੂੰ ਹਰਾਉਣ ਲਈ ਕਈ ਤਰ੍ਹਾਂ ਦੀਆਂ ਗੱਲਾਂ ਕਰ ਸਕਦੇ ਹੋ ਪਰ ਕਿਸੇ ਨੂੰ ਹੂੰਟਿੰਗ ਕਰਨਾ ਸਹੀ ਨਹੀਂ ਹੈ। ਮੈਂ ਇਸ ਹੱਕ ’ਚ ਨਹੀਂ ਹਾਂ ਅਤੇ ਮੈਂ ਖੁਸ਼ ਹਾਂ ਕਿ ਆਈਸੀਸੀ ਨੇ ਇਸ ਨੂੰ ਸਰਾਹਿਆ।’’ ਇਸੇ ਦੌਰਾਨ ਉਸ ਨੇ ਇਕ ਸਮਾਰੋਹ ਦੌਰਾਨ ਕਿਹਾ ਕਿ ਕ੍ਰਿਕਟ ਵਿੱਚ ਭਾਵੇਂ ਕਿੰਨੀਆਂ ਵੀ ਉਪਲਬਧੀਆਂ ਹੋਣ ਪਰ 2008 ਵਿੱਚ ਕੌਮੀ ਟੀਮ ਲਈ ਚੁਣਿਆ ਜਾਣਾ ਹਮੇਸ਼ਾਂ ਉਸ ਦੇ ਪਸੰਸਦੀਦਾ ਪਲਾਂ ’ਚ ਸ਼ਾਮਲ ਰਹੇਗਾ। ਉੱਧਰ, ਚਾਹਰ ਨੇ ਕਿਹਾ ਕਿ ਬੰਗਲਾਦੇਸ਼ ਖ਼ਿਲਾਫ਼ ਨਾਗਪੁਰ ਵਿੱਚ ਸੱਤ ਦੌੜਾਂ ਦੇ ਕੇ ਛੇ ਵਿਕਟਾਂ ਲੈਣ ਦੇ ਆਪਣੇ ਪ੍ਰਦਰਸ਼ਨ ਨੂੰ ਉਹ ਸਾਰ ਉਮਰ ਯਾਦ ਰੱਖੇਗਾ। ਉਸ ਨੇ ਕਿਹਾ, ‘‘ਸਿਰਫ਼ ਸੱਤ ਦੌੜਾਂ ਦੇ ਕੇ ਛੇ ਵਿਕਟਾਂ ਲੈਣਾ ਸੁਫ਼ਨੇ ਵਰਗਾ ਪ੍ਰਦਰਸ਼ਨ ਹੈ। ਇਹ ਹਮੇਸ਼ਾਂ ਮੇਮਰੇ ਦਿਲ ਦੇ ਨੇੜੇ ਰਹੇਗਾ।’’ ਦੱਸਣਯੋਗ ਹੈ ਕਿ ਪੈਟ ਕਮਿਨਜ਼ ਨੇ ਇਸ ਦੌਰਾਨ 12 ਟੈਸਟ ਮੈਚਾਂ ’ਚ 59 ਵਿਕਟਾਂ ਲਈਆਂ ਅਤੇ ਟੈਸਟ ਰੈਂਕਿੰਗ ’ਚ ਸਿਖ਼ਰ ’ਤੇ ਰਿਹਾ। ਉਸ ਨੇ ਕਿਹਾ, ‘‘ਪਿਛਲੇ ਸਾਲ ਦਾ ਸਭ ਤੋਂ ਵਧੀਆ ਖਿਡਾਰੀ ਚੁਣਿਆ ਜਾਣਾ ਵੱਡਾ ਸਨਮਾਨ ਹੈ ਅਤੇ ਆਸ ਨਾਲੋਂ ਵਧ ਕੇ ਹੈ। ਮੈਂ ਇਸ ਲਈ ਆਪਣੀ ਟੀਮ, ਸਾਥੀ ਖਿਡਾਰੀਆਂ ਅਤੇ ਆਸਟਰੇਲਿਆਈ ਕ੍ਰਿਕਟ ਨਾਲ ਜੁੜੇ ਸਾਰੇ ਲੋਕਾਂ ਦਾ ਧੰਨਵਾਦੀ ਹਾਂ।’’
ਸਾਲ ਦੇ ਸਰਵੋਤਮ ਕ੍ਰਿਕਟਰ ਚੁਣੇ ਗਏ ਬੈਨ ਸਟੋਕਸ ਨੇ ਪਿਛਲੇ 12 ਮਹੀਨਿਆਂ ’ਚ ਬਿਹਤਰੀਨ ਪ੍ਰਦਰਸ਼ਨ ਕਰ ਕੇ ਵਿਸ਼ਵ ਕੱਪ ਫਾਈਨਲ ’ਚ ਇੰਗਲੈਂਡ ਦੀ ਨਾਟਕੀ ਜਿੱਤ ਵਿੱਚ ਸੂਤਰਧਾਰ ਦੀ ਭੂਮਿਕਾ ਨਿਭਾਈ। ਉਸ ਨੇ ਐਸ਼ੇਜ਼ ਵਿੱਚ ਸੈਂਕੜਾ ਵੀ ਮਾਰਿਆ। ਸਟੋਕਸ ਨੇ ਕਿਹਾ, ‘‘ਇਸ ਪੁਰਸਕਾਰ ਦਾ ਸਿਹਰ ਮੇਰੇ ਸਾਥੀ ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਨੂੰ ਵੀ ਜਾਂਦਾ ਹੈ ਜੋ ਹਰ ਕਦਮ ’ਤੇ ਮੇਰੇ ਨਾਲ ਸਨ। ਉਨ੍ਹਾਂ ਤੋਂ ਬਿਨਾਂ ਅਸੀਂ ਇਹ ਕਦੇ ਨਹੀਂ ਕਰ ਸਕਦੇ।’’ ਲਾਬੂਸ਼ੇਨ ਨੇ ਪਿਛਲੇ ਸਾਲ 11 ਟੈਸਟ ਮੈਚਾਂ ’ਚ 1104 ਦੌੜਾਂ ਬਣਾਈਆਂ ਤੇ ਸਾਲ ਦੀ ਅਖ਼ੀਰ ’ਚ ਰੈਂਕਿੰਗ ਵਿੱਚ ਛਾਲ ਮਾਰ ਕੇ 110ਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਗਿਆ। ਇੰਗਲੈਂਡ ਦੇ ਅੰਪਾਇਰ ਰਿਚਰਡ ਈਲਿੰਗਵਰਥ ਨੂੰ ਸਰਬੋਤਮ ਅੰਪਾਇਰ ਦਾ ਪੁਰਸਕਾਰ ਮਿਲਿਆ।

Previous articleਲੋਪੇਜ਼ ਕੁਆਰਟਰਜ਼ ਫਾਈਨਲ ’ਚ ਦਾਖ਼ਲ
Next articleTaliban leader agrees to 7-day reduction of violence