ਦੁਬਈ (ਸਮਾਜ ਵੀਕਲੀ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਵੱਲੋਂ ਜਾਰੀ ਇੱਕ ਦਿਨਾ ਮੈਚਾਂ ਦੇ ਬੱਲੇਬਾਜ਼ਾਂ ਦੀ ਦਰਜਾਬੰਦੀ ’ਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਕੋਹਲੀ, ਜਿਸ ਨੇ ਆਸਟਰੇਲੀਆ ਖ਼ਿਲਾਫ਼ ਤਿੰਨ ਇੱਕ ਦਿਨਾਂ ਮੈਚਾਂ ਦੀ ਲੜੀ ਦੌਰਾਨ ਸਿਡਨੀ ਅਤੇ ਕੈਨਬਰਾ ਵਿੱਚ ਦੋ ਅਰਧ ਸੈਂਕੜੇ (89 ਤੇ 62 ਦੌੜਾਂ) ਬਣਾਏ, ਦੇ 870 ਅੰਕ ਹਨ। ਆਸਟਰੇਲੀਆ ਖ਼ਿਲਾਫ ਨਾ ਖੇਡਣ ਦੇ ਬਾਵਜੂਦ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ 842 ਅੰਕਾਂ ਨਾਲ ਦੂਜੇ ਸਥਾਨ ’ਤੇ ਟਿਕਿਆ ਹੋਇਆ ਹੈ।
ਪਾਕਿਸਤਾਨੀ ਟੀਮ ਦਾ ਕਪਤਾਨ ਬਾਬਰ ਆਜ਼ਮ ਤੀਜੇ ਜਦਕਿ ਆਸਟਰੇਲੀਆ ਦਾ ਕਪਤਾਨ ਆਰੋਨ ਫਿੰਚ 5ਵੇਂ ਸਥਾਨ ਹੈ। ਆਸਟਰੇਲੀਆ ਖ਼ਿਲਾਫ਼ 90 ਅਤੇ 92 ਦੌੜਾਂ ਦੀਆਂ ਵਧੀਆ ਪਾਰੀਆਂ ਸਦਕਾ ਭਾਰਤ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪਾਂਡਿਆ ਨੇ ਵੀ ਪਹਿਲੇ 50 ਖਿਡਾਰੀਆਂ ’ਚ ਆਪਣੀ ਥਾਂ ਬਣਾ ਲਈ ਹੈ। ਉਹ 553 ਅੰਕਾਂ ਨਾਲ 49ਵੇਂ ਸਥਾਨ ’ਤੇ ਆ ਗਿਆ ਹੈ। ਆਸਟਰੇਲੀਆ ਦਾ ਸਟੀਵ ਸਮਿਥ ਵੀ ਭਾਰਤ ਖ਼ਿਲਾਫ ਦੋ ਸੈਂਕੜਿਆਂ ਸਦਕਾ ਪਹਿਲੇ 20 ਬੱਲੇਬਾਜ਼ਾਂ ’ਚ ਸ਼ਾਮਲ ਹੋ ਗਿਆ ਹੈ। ਉਹ 707 ਅੰਕਾਂ ਨਾਲ 15ਵੇਂ ਸਥਾਨ ’ਤੇ ਹੈ।
ਦੂਜੇ ਪਾਸੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਭਾਰਤ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 700 ਅੰਕਾਂ ਨਾਲ ਤੀਜੇ ਸਥਾਨ ’ਤੇ ਟਿਕਿਆ ਹੋਇਆ ਹੈ ਜਦਕਿ ਨਿਊਜ਼ੀਲੈਂਡ ਦਾ ਟਰੈਂਟ ਬੋਲਟ (722 ਅੰਕ) ਪਹਿਲੇ ਅਤੇ ਅਫ਼ਗਾਨਿਸਤਾਨ ਦਾ ਸਪਿਨਰ ਮੁਜੀਬ-ਉਰ ਰਹਿਮਾਨ (701 ਅੰਕ) ਦੂਜੇ ਸਥਾਨ ’ਤੇ ਹੈ।