ਮੁਕਤਸਰ ਦਾ ਮਨਹਰ ਬਾਂਸਲ ਤੇ ਮੁੰਬਈ ਦੀ ਜੂਹੀ ਕਜਾਰੀਆ ਦਸਵੀਂ ’ਚ ਦੇਸ਼ ਭਰ ’ਚੋਂ ਅੱਵਲ
ਆਈਸੀਐੱਸਈ (ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ) ਨੇ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ। ਇਨ੍ਹਾਂ ਨਤੀਜਿਆਂ ’ਚ ਕੁੜੀਆਂ ਨੇ ਇਕ ਵਾਰ ਮੁੜ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਨਤੀਜਿਆਂ ਮੁਤਾਬਕ ਮੁੰਬਈ ਦੀ ਜੂਹੀ ਰੁਪੇਸ਼ ਕਜਾਰੀਆ ਤੇ ਮੁਕਤਸਰ ਦਾ ਮਨਹਰ ਬਾਂਸਲ 99.60 ਫੀਸਦ ਅੰਕਾਂ ਨਾਲ ਦਸਵੀਂ ਦੀ ਪ੍ਰੀਖਿਆ ’ਚ ਦੇਸ਼ ਭਰ ’ਚੋਂ ਅੱਵਲ ਰਹੇ। ਬਾਰ੍ਹਵੀਂ ਦੀ ਆਈਐੱਸਸੀ ਪ੍ਰੀਖਿਆ ਵਿੱਚ ਦੋ ਵਿਦਿਆਰਥੀਆਂ ਨੇ ਸੌ ਫੀਸਦ ਅੰਕ ਹਾਸਲ ਕੀਤੇ ਹਨ। ਕੋਲਕਾਤਾ ਦਾ ਦੇਵਾਂਗ ਕੁਮਾਰ ਅਗਰਵਾਲ ਤੇ ਬੰਗਲੌਰ ਦੀ ਵਿਭਾ ਸਵਾਮੀਨਾਥਨ ਸੌ ਫੀਸਦ ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੇ। ਦਸਵੀਂ ਦੇ ਇਮਤਿਹਾਨ ਵਿੱਚ ਕੁੜੀਆਂ ਤੇ ਮੁੰਡਿਆਂ ਦੀ ਪਾਸ ਫੀਸਦ ਕ੍ਰਮਵਾਰ 99.05 ਤੇ 98.12 ਫੀਸਦ ਰਹੀ। ਬਾਰ੍ਹਵੀਂ ਦੇ ਇਮਤਿਹਾਨ ਵਿੱਚ ਵੀ ਕੁੜੀਆਂ ਮੋਹਰੀ ਰਹੀਆਂ। ਮੁੰਡਿਆਂ ਦੀ 95.40 ਫੀਸਦ ਦੇ ਮੁਕਾਬਲੇ ਕੁੜੀਆਂ ਦੀ ਪਾਸ ਫੀਸਦ 97.84 ਫੀਸਦ ਰਹੀ। ਦੋਵਾਂ ਜਮਾਤਾਂ ਲਈ ਨਤੀਜਿਆਂ ਦਾ ਐਲਾਨ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ ਦੀ ਕੌਂਸਲ (ਸੀਆਈਐੱਸਸੀਈ) ਦੇ ਮੁੱਖ ਕਾਰਜਕਾਰੀ ਤੇ ਸਕੱਤਰ ਗੈਰੀ ਅਰਾਥੂਨ ਨੇ ਕੀਤਾ। ਨਤੀਜਿਆਂ ਮੁਤਾਬਕ ਦਸਵੀਂ ਦੀ ਪ੍ਰੀਖਿਆ ਵਿੱਚ 99.40 ਫੀਸਦ ਅੰਕਾਂ ਨਾਲ ਦਸ ਵਿਦਿਆਰਥੀ ਦੂਜੇ ਸਥਾਨ ’ਤੇ ਰਹੇ ਜਦੋਂਕਿ 24 ਵਿਦਿਆਰਥੀਆਂ ਨੇ 99.20 ਫੀਸਦ ਅੰਕਾਂ ਨਾਲ ਤੀਜੀ ਥਾਂ ਸਾਂਝੀ ਕੀਤੀ। ਇਸੇ ਤਰ੍ਹਾਂ ਬਾਰ੍ਹਵੀਂ ਦੀ ਆਈਐਸਸੀ ਪ੍ਰੀਖਿਆ ਵਿੱਚ 16 ਵਿਦਿਆਰਥੀਆਂ ਨੇ 99.75 ਫੀਸਦ ਅੰਕਾਂ ਨਾਲ ਦੂਜਾ ਸਥਾਨ ਤੇ 99.50 ਫੀਸਦ ਸਕੋਰ ਨਾਲ 36 ਵਿਦਿਆਰਥੀ ਤੀਜੇ ਨੰਬਰ ’ਤੇ ਰਹੇ। ਦਸਵੀਂ ਦੀ ਪ੍ਰੀਖਿਆ ਲਈ ਕੁੱਲ 1.9 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਪ੍ਰੀਖਿਆ 60 ਲਿਖਤੀ ਵਿਸ਼ਿਆਂ ਵਿੱਚ ਲਈ ਗਈ ਸੀ, ਜਿਨ੍ਹਾਂ ਵਿੱਚੋਂ 22 ਭਾਰਤੀ ਭਾਸ਼ਾਵਾਂ, 10 ਵਿਦੇਸ਼ੀ ਤੇ ਦੋ ਕਲਾਸੀਕਲ ਭਾਸ਼ਾਵਾਂ ਨਾਲ ਸਬੰਧਤ ਸਨ। ਉਧਰ ਬਾਰ੍ਹਵੀ ਦੀ ਆਈਐਸਸੀ ਪ੍ਰੀਖਿਆ ਲਈ 86,713 ਵਿਦਿਆਰਥੀ ਮੈਦਾਨ ਵਿੱਚ ਸਨ। ਇਹ ਪ੍ਰੀਖਿਆ 49 ਲਿਖਤੀ ਵਿਸ਼ਿਆਂ ‘ਚ ਲਈ ਗਈ ਸੀ।