ਆਈਬੀ ਤੇ ਰਾਅ ਦੀ ਜਾਂਚ ਖੋਲ੍ਹੇਗੀ ਅੱਤਵਾਦੀਆਂ ਤੇ ਪੁਲਿਸ ਵਿਚਲੇ ਗਠਜੋੜ ਦੀਆਂ ਪਰਤਾਂ

ਜੰਮੂ : ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਤੇ ਪੁਲਿਸ ਮੁਲਾਜ਼ਮਾਂ ਦੀ ਗੰਢਤੁਪ ਦੀਆਂ ਪਰਤਾਂ ਆਈਬੀ ਤੇ ਰਾਅ ਵਰਗੀਆਂ ਕੇਂਦਰੀ ਏਜੰਸੀਆਂ ਦੀ ਸਾਂਝੀ ਜਾਂਚ ਵਿਚ ਖੁੱਲ੍ਹਣਗੀਆਂ। ਕਸ਼ਮੀਰ ਦੇ ਕੁਲਗਾਮ ‘ਚ ਦੋ ਅੱਤਵਾਦੀਆਂ ਨਾਲ ਫੜੇ ਗਏ ਪੁਲਿਸ ਦੇ ਐਂਟੀ ਹਾਈਜੈਕਿੰਗ ਵਿੰਗ ਦੇ ਡੀਐੱਸਪੀ ਦਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਉਸ ਤੋਂ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਵਿਚ ਵੱਡੇ ਮਾਮਲੇ ਖੁੱਲ੍ਹ ਸਕਦੇ ਹਨ। ਇਸ ਦੀ ਪੁਸ਼ਟੀ ਐਤਵਾਰ ਨੂੰ ਸ੍ਰੀਨਗਰ ‘ਚ ਪੁਲਿਸ ਦੇ ਆਈਜੀ ਕਸ਼ਮੀਰ ਵਿਜੈ ਕੁਮਾਰ ਨੇ ਕੀਤੀ ਹੈ।

ਇਹ ਪਹਿਲੀ ਵਾਰ ਨਹੀਂ ਕਿ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਪਿਛਲੇ ਚਾਰ ਸਾਲਾਂ ‘ਚ ਅੱਤਵਾਦੀਆਂ ਨਾਲ ਸਬੰਧ ਰੱਖਣ ਵਾਲੇ 15 ਪੁਲਿਸ ਮੁਲਾਜ਼ਮ ਸਾਥੀਆਂ ਦੇ ਹਥਿਆਰ ਲੈ ਕੇ ਭੱਜ ਚੁੱਕੇ ਹਨ। ਇਨ੍ਹਾਂ ਵਿਚੋਂ ਇਕ ਆਦਿਲ ਬਸ਼ੀਰ ਪੀਡੀਪੀ ਦੇ ਨੇਤਾ ਇਜਾਜ਼ ਮੀਰ ਦੇ ਘਰ ਵਿਚ ਪੁਲਿਸ ਮੁਲਾਜ਼ਮਾਂ ਦੇ ਅੱਠ ਹਥਿਆਰ ਲੈ ਕੇ ਭੱਜਾ ਸੀ।

ਅੱਤਵਾਦੀਆਂ ਨਾਲ ਮਿਲੇ ਪੁਲਿਸ ਵਾਲੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਖ਼ਰੀਦੋ-ਫਰੋਖ਼ਤ ਨਾਲ ਧਨ ਕਮਾ ਰਹੇ ਸਨ। ਇਸ ਦਾ ਪਰਦਾਫ਼ਾਸ਼ ਕੁਝ ਸਮਾਂ ਪਹਿਲਾਂ ਸ੍ਰੀਨਗਰ ‘ਚ ਇਕ ਅੱਤਵਾਦੀ ਤੇ ਪੁਲਿਸ ਮੁਲਾਜ਼ਮ ਦੀ ਗਿ੍ਫ਼ਤਾਰੀ ਨਾਲ ਹੋਇਆ ਸੀ। ਇਸ ਤੋਂ ਪਹਿਲਾਂ ਤਿੰਨ ਪੁਲਿਸ ਮੁਲਾਜ਼ਮ ਫੜੇ ਗਏ ਸਨ ਜੋ ਦੇਸ਼ ਵਿਰੋਧੀ ਤੱਤਾਂ ਨੂੰ ਹਥਿਆਰ ਵੇਚਣ ਦੇ ਧੰਦੇ ‘ਚ ਸ਼ਾਮਲ ਸਨ। ਜੰਮੂ-ਕਸ਼ਮੀਰ ਕਾਡਰ ਦੇ ਆਈਪੀਐੱਸ ਅਧਿਕਾਰੀ ਸਾਜੀ ਮੋਹਨ ਚੰਡੀਗੜ੍ਹ ‘ਚ ਆਪਣੀ ਤਾਇਨਾਤੀ ਦੌਰਾਨ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦਿਆਂ ਮੁੰਬਈ ਵਿਚ ਫੜਿਆ ਗਿਆ ਸੀ। ਹੁਣ ਉਹ ਜੇਲ੍ਹ ਵਿਚ ਹੈ।

ਐਤਵਾਰ ਨੂੰ ਸ੍ਰੀਨਗਰ ‘ਚ ਸੂਬਾ ਪੁਲਿਸ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਦਵਿੰਦਰ ਸਿੰਘ ਨੇ ਘਿਨਾਉਣਾ ਅਪਰਾਧ ਕੀਤਾ ਹੈ। ਦੋ ਅੱਤਵਾਦੀਆਂ ਦੇ ਨਾਲ-ਨਾਲ ਉਸ ਤੋਂ ਵੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਡੀਐੱਸਪੀ ਸ੍ਰੀਨਗਰ ਹਵਾਈ ਅੱਡੇ ਵਰਗੇ ਅਤਿ ਸੰਵੇਦਨਸ਼ੀਲ ਥਾਂ ‘ਤੇ ਤਾਇਨਾਤ ਸੀ।

ਸ਼ਨਿਚਰਵਾਰ ਤਕ ਇਸ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹੇ ਮਾਮਲੇ ਵਿਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਰਿਰਾਕਡ ਨਹੀਂ ਹੈ ਜਿਸ ਤੋਂ ਪਤਾ ਲੱਗੇ ਕਿ ਫੜਿਆ ਗਿਆ ਅਧਿਕਾਰੀ ਸੰਸਦ ‘ਤੇ ਹਮਲੇ ਨਾਲ ਵੀ ਜੁੜਿਆ ਸੀ। ਇਸ ਬਾਰੇ ਜਾਂਚ ਹੋਵੇਗੀ। ਉਨ੍ਹਾਂ ਦੱਸਿਆ ਕਿ ਉਕਤ ਅਧਿਕਾਰੀ ਕਈ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਵੀ ਸ਼ਾਮਲ ਰਿਹਾ ਹੈ।

ਆਈਜੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜੰਮੂ-ਕਸ਼ਮੀਰ ਪੁਲਿਸ ਦੇ ਅੱਤਵਾਦੀਆਂ ਨਾਲ ਸਬੰਧ ਹਨ। ਪੂਰੀ ਪੁਲਿਸ ਨੂੰ ਇਸ ਲਈ ਦੋਸ਼ੀ ਠਹਿਰਾਉਣਾ ਗ਼ਲਤ ਹੈ। ਪੁਲਿਸ ਕਾਰਵਾਈ ਕਰ ਰਹੀ ਹੈ ਕਿ ਅੱਤਵਾਦੀਆਂ ਨਾਲ ਗੰਢਤੁਪ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਫੜੋਫੜੀ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂਚ ਵਿਚ ਪੁਲਿਸ ਨੂੰ ਕਈ ਜਾਣਕਾਰੀਆਂ ਮਿਲੀਆਂ ਹਨ ਜਿਨ੍ਹਾਂ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ।

Previous article‘Garvi Gujarat’ new spot for tourists in Delhi
Next articleਬੰਗਾਲ ‘ਚ ਵੀ ਲਾਗੂ ਹੋਵੇਗਾ ਨਾਗਰਿਕਤਾ ਸੋਧ ਕਾਨੂੰਨ : ਨਕਵੀ