ਆਈਪੀਐੱਲ ਦੀ ਇੱਥੇ ਵੀਰਵਾਰ ਨੂੰ ਹੋਣ ਵਾਲੀ ਨਿਲਾਮੀ ਵਿੱਚ ਸਾਰੇ ਫਰੈਂਚਾਈਜ਼ੀ ਦਾ ਧਿਆਨ ਵੈਸਟ ਇੰਡੀਜ਼ ਅਤੇ ਆਸਟਰੇਲੀਆ ਦੇ ਧਮਾਕੇਦਾਰ ਕ੍ਰਿਕਟਰਾਂ ’ਤੇ ਬੋਲੀ ਲਾਉਣ ’ਤੇ ਕੇਂਦਰਿਤ ਹੋਵੇਗਾ, ਪਰ ਕੁੱਝ ਉਭਰਦੇ ਖਿਡਾਰੀ ਵੀ ਵੱਡਾ ਸਮਝੌਤਾ ਹਾਸਲ ਕਰ ਸਕਦੇ ਹਨ। ਇਸ ਲੀਗ ਦਾ 13ਵਾਂ ਸੈਸ਼ਨ ਇਸ ਲਈ ਵੀ ਅਹਿਮਤੀਅਤ ਰੱਖਦਾ ਹੈ ਕਿਉਂਕਿ ਅਗਲੇ ਸਾਲ ਹੀ ਟੀ-20 ਵਿਸ਼ਵ ਕੱਪ ਹੋਣਾ ਹੈ। ਹਾਲਾਂਕਿ ਇਸ ਵਿੱਚ ਫਰੈਂਚਾਈਜ਼ੀ ਟੀਮਾਂ ਨੂੰ ਆਪਣੀ ਲਾਗਤ ਘਟਾਉਣੀ ਹੋਵੇਗੀ।
ਨਿਲਾਮੀ ਦੇ ਪੂਲ ਵਿੱਚ ਸਭ ਤੋਂ ਨੌਜਵਾਨ ਖਿਡਾਰੀ ਅਫਗਾਨਿਸਤਾਨ ਦਾ ਨੂਰ ਅਹਿਮਦ ਹੈ ਜਿਸ ਦੀ ਉਮਰ 14 ਸਾਲ ਅਤੇ 350 ਦਿਨ ਹੈ। ਖੱਬੇ ਹੱਥ ਦੇ ਇਸ ਖਿਡਾਰੀ ਦਾ ਆਧਾਰ ਮੁੱਲ 30 ਲੱਖ ਰੁਪਏ ਅਤੇ ਉਹ ਲੀਗ ਵਿੱਚ ਰਾਸ਼ਿਦ ਖ਼ਾਨ ਅਤੇ ਮੁਹੰਮਦ ਨਬੀ ਨਾਲ ਸ਼ਾਮਲ ਹੋ ਸਕਦਾ ਹੈ। ਹਾਲ ਹੀ ਵਿੱਚ ਭਾਰਤ ਖ਼ਿਲਾਫ਼ ਅੰਡਰ-19 ਇੱਕ ਰੋਜ਼ਾ ਲੜੀ ਵਿੱਚ ਨੂਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਜਿਸ ਵਿੱਚ ਉਸ ਨੇ ਨੌਂ ਵਿਕਟਾਂ ਹਾਸਲ ਕੀਤੀਆਂ ਸਨ। ਭਾਰਤ ਦੇ ਉਭਰਦੇ ਖਿਡਾਰੀਆਂ ਵਿੱਚ ਮੁੰਬਈ ਦਾ ਖੱਬੇ ਹੱਥ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਭਾਰਤ ਦੀ ਅੰਡਰ-19 ਵਿਸ਼ਵ ਕੱਪ ਟੀਮ ਦਾ ਕਪਤਾਨ ਪ੍ਰਿਯਮ ਗਰਗ ਹਨ। ਇਸ ਤੋਂ ਇਲਾਵਾ ਤਾਮਿਲਨਾਡੂ ਦਾ ਸਪਿੰਨਰ ਆਰ ਸਾਈ ਕਿਸ਼ੋਰ ਅਤੇ ਬੰਗਾਲ ਦਾ ਤੇਜ਼ ਗੇਂਦਬਾਜ਼ ਇਸ਼ਾਨ ਪੋਰੇਲ ਨਵੇਂ ਕ੍ਰਿਕਟਰਾਂ ਵਿੱਚ ਸ਼ਾਮਲ ਹਨ।
ਇਨ੍ਹਾਂ ਸਾਰਿਆਂ ਦਾ ਆਧਾਰ ਮੁੱਲ 20 ਲੱਖ ਰੁਪਏ ਹੈ। ਨਿਲਾਮੀ ਤੋਂ ਪਹਿਲਾਂ ਰੌਇਲ ਚੈਲੰਜਰਜ਼ ਬੰਗਲੌਰ ਨੇ ਵੈਸਟ ਇੰਡੀਜ਼ ਦੇ 22 ਸਾਲ ਦੇ ਸ਼ਿਮਰੋਨ ਹੈਟਮਾਇਰ ਨੂੰ ਰਿਲੀਜ਼ ਕਰ ਦਿੱਤਾ ਸੀ ਅਤੇ ਚੇਨੱਈ ਵਿੱਚ ਭਾਰਤ ਖ਼ਿਲਾਫ਼ ਇੱਕ ਰੋਜ਼ਾ ਵਿੱਚ 85 ਗੇਂਦਾਂ ’ਤੇ ਸੈਂਕੜਾ ਮਾਰ ਕੇ ਟੀਮ ਨੂੰ ਜਿੱਤ ਦਿਵਾਉਣ ਮਗਰੋਂ ਆਪਣਾ ਦਾਅਵਾ ਮਜ਼ਬੂਤ ਕਰ ਲਿਆ। ਉਸ ਦੀ ਮੂਲ ਕੀਮਤ 50 ਲੱਖ ਰੁਪਏ ਹੈ। ਉਹ ਇਸ ਤੋਂ ਪਹਿਲਾਂ ਹੋਈ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਵਿੱਚ ਵੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਰਿਹਾ, ਜਿਸ ਨੇ 151.89 ਦੇ ਸਟਰਾਈਕ ਰੇਟ ਨਾਲ ਤਿੰਨ ਮੈਚਾਂ ਵਿੱਚ 120 ਦੌੜਾਂ ਬਣਾਈਆਂ ਸਨ। ਇਸ ਦੌਰਾਨ ਅੱਠ ਫਰੈਂਚਾਈਜ਼ੀ ਟੀਮਾਂ ਬੋਲੀ ਲਾਉਣਗੀਆਂ।
Sports ਆਈਪੀਐੱਲ ਨਿਲਾਮੀ ਅੱਜ