ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 12ਵੇਂ ਸੈਸ਼ਨ ਦੀ ਆਪਣੀ ਮੁਹਿੰਮ ਆਖ਼ਰੀ ਲੀਗ ਮੈਚ ਵਿੱਚ ਜਿੱਤ ਦਰਜ ਕਰਕੇ ਸ਼ਾਨਦਾਰ ਢੰਗ ਨਾਲ ਸਮਾਪਤ ਕੀਤੀ। ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਕਿੰਗਜ਼ ਇਲੈਵਨ ਨੇ ਟੂਰਨਾਮੈਂਟ ਦੀ ਅੰਕ ਸੂਚੀ ਵਿੱਚ ਸਭ ਤੋਂ ਉੱਪਰ ਚੱਲ ਰਹੀ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ ਤੀਹ ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਦਿਲ ਜਿੱਤ ਲਏ। ਆਈਪੀਐਲ ਦੇ ਪਲੇਅ-ਆਫ਼ ਵਿੱਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਪੰਜਾਬ ਦੀ ਟੀਮ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਕਿੰਗਜ਼ ਇਲੈਵਨ ਪੰਜਾਬ 14 ਮੈਚਾਂ ਵਿੱਚ ਛੇ ਜਿੱਤਾਂ ਨਾਲ 12 ਅੰਕ ਲੈ ਕੇ ਛੇਵੇਂ ਸਥਾਨ ’ਤੇ ਰਹੀ, ਜਦਕਿ ਚੇਨੱਈ ਸੁਪਰਕਿੰਗਜ਼ ਦੇ 14 ਮੈਚਾਂ ਵਿੱਚ 18 ਅੰਕ ਹਨ। ਇਸ ਤਰ੍ਹਾਂ ਉਸ ਨੇ ਪਲੇਅ-ਆਫ ਦੇ ਪਹਿਲੇ ਦੋ ਵਿੱਚ ਆਪਣਾ ਸਥਾਨ ਤੈਅ ਕਰਕੇ ਫਾਈਨਲ ਵਿੱਚ ਪਹੁੰਚਣ ਦੇ ਦੋ ਮੌਕੇ ਪੱਕੇ ਕਰ ਲਏ। ਪੰਜਾਬ ਦੀ ਟੀਮ ਦੇ ਕਪਤਾਨ ਆਰ ਆਸ਼ਵਿਨ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਲਿਆ। ਬੱਲੇਬਾਜ਼ੀ ਲਈ ਉਤਰੀ ਚੇਨੱਈ ਦੀ ਟੀਮ ਨੇ ਤੈਅ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 170 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ 18 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 173 ਦੌੜਾਂ ਬਣਾਈਆਂ ਅਤੇ ਸ਼ਾਨਦਾਰ ਜਿੱਤ ਦਰਜ ਕੀਤੀ। ਪੰਜਾਬ ਦੇ ਕੇਐਲ ਰਾਹੁਲ ਨੇ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਾਉਂਦਿਆਂ ਸਿਰਫ਼ 19 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰਾਹੁਲ ਨੇ ਆਪਣੀ ਪਾਰੀ ਦੌਰਾਨ ਕੋਈ ਗ਼ਲਤੀ ਨਹੀਂ ਕੀਤੀ, ਪਰ ਉਹ ਛੋਟੀ ਜਿਹੀ ਗ਼ਲਤੀ ਨਾਲ 11ਵੇਂ ਓਵਰ ਦੀ ਤੀਜੀ ਗੇਂਦ ਨੂੰ ਸ਼ਾਟ ਮਾਰਨ ਮੌਕੇ ਇਮਰਾਨ ਤਾਹਿਰ ਨੂੰ ਕੈਚ ਦੇ ਬੈਠਿਆ। ਉਸ ਨੇ 36 ਗੇਂਦਾਂ ਵਿੱਚ 71 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਸੱਤ ਚੌਕੇ ਅਤੇ ਪੰਜ ਛੱਕੇ ਸ਼ਾਮਲ ਹਨ। ਕ੍ਰਿਸ ਗੇਲ ਨੇ 28 ਗੇਂਦਾਂ ਵਿੱਚ 28 ਦੌੜਾਂ, ਨਿਕੋਲਸ ਪੂਰਨ ਨੇ 22 ਗੇਂਦਾਂ ਵਿੱਚ 36 ਦੌੜਾਂ ਬਣਾਈਆਂ। ਮਯੰਕ ਅਗਰਵਾਲ ਨੇ ਸਿਰਫ਼ ਸੱਤ ਦੌੜਾਂ ਬਣਾਈਆਂ। ਮਨਦੀਪ ਸਿੰਘ 11 ਦੌੜਾਂ ਅਤੇ ਸੈਮ ਕਰਨ ਛੇ ਦੌੜਾਂ ਬਣਾ ਕੇ ਨਾਬਾਦ ਰਹੇ। ਚੇਨੱਈ ਦੇ ਬੱਲੇਬਾਜ਼ਾਂ ਵਿੱਚ ਡੂ ਪਲੇਸਿਸ ਨੇ 55 ਗੇਂਦਾਂ ਵਿੱਚ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਨ੍ਹਾਂ ਵਿੱਚ ਦਸ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਪਲੇਸਿਸ ਅਤੇ ਸੁਰੇਸ਼ ਰੈਣਾ ਨੇ ਦੂਜੀ ਵਿਕਟ ਲਈ 120 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਚੇਨੱਈ ਸੁਪਰਕਿੰਗਜ਼ ਨੂੰ ਪੰਜ ਵਿਕਟਾਂ ਗੁਆ ਕੇ 170 ਦੌੜਾਂ ਬਣਾਈਆਂ। ਸੇਨ ਵਾਟਸਨ ਨੇ ਸੱਤ ਦੌੜਾਂ, ਸੁਰੇਸ਼ ਰੈਣਾ ਨੇ 53 ਦੌੜਾਂ, ਰਾਇਡੂ ਨੇ ਇੱਕ ਦੌੜ ਦਾ ਯੋਗਦਾਨ ਪਾਇਆ, ਜਦੋਂਕਿ ਕੇਦਾਰ ਜਾਧਵ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ। ਚੇਨੱਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦਸ ਅਤੇ ਡਵੈਨ ਬਰਾਵੋ ਇੱਕ ਦੌੜ ਬਣਾ ਕੇ ਨਾਬਾਦ ਰਹੇ।ਪੰਜਾਬ ਦੇ ਗੇਂਦਬਾਜ਼ ਸੈਮ ਕਰਨ ਨੇ ਚਾਰ ਓਵਰਾਂ ਵਿੱਚ 35 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮੁਹੰਮਦ ਸੰਮੀ ਨੇ ਤਿੰਨ ਓਵਰਾਂ ਵਿੱਚ 17 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਚੇਨੱਈ ਵੱਲੋਂ ਖੇਡ ਰਹੇ ਕ੍ਰਿਕਟਰ ਹਰਭਜਨ ਸਿੰਘ ਨੂੰ ਪੰਜਾਬ ਦੇ ਬੱਲੇਬਾਜ਼ਾਂ ਨੇ ਪੂਰੀ ਤਰ੍ਹਾਂ ਧੋਇਆ। ਉਸ ਨੇ ਪਹਿਲੇ ਦੋ ਓਵਰਾਂ ਵਿੱਚ ਬਿਨਾਂ ਕੋਈ ਵਿਕਟ ਲਏ 41 ਦੌੜਾਂ ਦਿੱਤੀਆਂ, ਪਰ ਅਗਲੇ ਦੋ ਓਵਰਾਂ ਵਿੱਚ ਉਸ ਨੇ ਕੇਐਲ ਰਾਹੁਲ, ਕ੍ਰਿਸ ਗੇਲ ਅਤੇ ਮਯੰਕ ਅਗਰਵਾਲ ਦੀਆਂ ਤਿੰਨ ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਨੇ ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੇ ਗੇਂਦਬਾਜ਼ਾਂ ਨੇ ਡੈੱਥ ਓਵਰਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ, ਜਿਸ ਕਾਰਨ ਚੇਨੱਈ ਸੁਪਰਕਿੰਗਜ਼ ਦੀ ਟਮੀ ਅਖ਼ੀਰ ਵਿੱਚ ਜ਼ਿਆਦਾ ਦੌੜਾਂ ਨਹੀਂ ਬਣਾ ਸਕੀ। ਚੇਨੱਈ ਦਾ ਸਲਾਮੀ ਬੱਲੇਬਾਜ਼ ਫਾਫ ਡੂ ਪਲੇਸਿਸ ਸੈਂਕੜਾ ਮਾਰਨ ਤੋਂ ਚਾਰ ਦੌੜਾਂ ਨਾਲ ਖੁੰਝ ਗਿਆ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਚੇਨੱਈ ਸੁਪਰਕਿੰਗਜ਼ ਲਈ ਸ਼ੇਨ ਵਾਟਸਨ ਅਤੇ ਡੂਪਲੇਸਿਸ ਨੇ ਚੰਗੀ ਸ਼ੁਰੂਆਤ ਕੀਤੀ, ਪਰ ਟੀਮ ਨੇ 30 ਦੌੜਾਂ ’ਤੇ ਵਾਟਸਨ ਦੀ ਵਿਕਟ ਗੁਆ ਲਈ। ਕਰਨ ਨੇ ਉਸ ਨੂੰ ਬਾਹਰ ਦਾ ਰਸਤਾ ਵਿਖਾਇਆ। ਸਮੁੱਚਾ ਸਟੇਡੀਅਮ ਚੇਨੱਈ ਸੁਪਰ ਕਿੰਗਜ਼ ਦੀ ਪੀਲੀ ਵਰਦੀ ਅਤੇ ਮਹਿੰਦਰ ਸਿੰਘ ਧੋਨੀ ਦੇ ਨਾਮ ਵਾਲੀਆਂ ਟੀ-ਸ਼ਰਟਾਂ ਦੇ ਰੰਗ ਵਿੱਚ ਰੰਗਿਆ ਹੋਇਆ ਸੀ।
Sports ਆਈਪੀਐਲ: ਪੰਜਾਬ ਨੇ ਜਿੱਤ ਨਾਲ ਲਈ ਵਿਦਾਇਗੀ