ਦੱਖਣੀ ਅਫਰੀਕਾ ਨੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਸਾਵਧਾਨੀ ਵਰਤਦਿਆਂ ਜ਼ਖ਼ਮੀ ਕੈਗਿਸੋ ਰਬਾਡਾ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਕਾਰਨ ਇਹ ਗੇਂਦਬਾਜ਼ ਆਈਪੀਐਲ ਦੇ ਬਾਕੀ ਸੈਸ਼ਨ ਵਿੱਚ ਨਹੀਂ ਖੇਡ ਸਕੇਗਾ। ਰਬਾਡਾ ਪਿੱਠ ਦੇ ਦਰਦ ਕਾਰਨ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਦਿੱਲੀ ਕੈਪੀਟਲਜ਼ ਦੇ ਪਿਛਲੇ ਮੈਚ ਵਿੱਚ ਨਹੀਂ ਖੇਡ ਸਕਿਆ ਸੀ ਅਤੇ ਉਸ ਦਾ ਨਾ ਹੋਣਾ ਦਿੱਲੀ ਲਈ ਤੱਕੜਾ ਝਟਕਾ ਹੋਵੇਗਾ, ਜੋ ਆਪਣਾ ਪਹਿਲਾ ਆਈਪੀਐਲ ਖ਼ਿਤਾਬ ਹਾਸਲ ਕਰਨ ਲਈ ਯਤਨਸ਼ੀਲ ਹੈ। ਦਿੱਲੀ ਕੈਪੀਟਲਜ਼ ਦੇ ਬਿਆਨ ਅਨੁਸਾਰ, ਰਬਾਡਾ ਨੂੰ ਸੀਐਸਏ (ਕ੍ਰਿਕਟ ਸਾਊਥ ਅਫਰੀਕਾ) ਨੇ ਸਵਦੇਸ਼ ਪਰਤਣ ਦੀ ਸਲਾਹ ਦਿੱਤੀ ਹੈ। 23 ਸਾਲ ਦੇ ਰਬਾਡਾ ਨੇ ਇਸ ਸੈਸ਼ਨ ਵਿੱਚ 12 ਮੈਚਾਂ ਵਿੱਚ 25 ਵਿਕਟਾਂ ਹਾਸਲ ਕੀਤੀਆਂ ਹਨ। ਉਸ ਨੇ ਕਿਹਾ, ‘‘ਮੇਰੇ ਲਈ ਟੂਰਨਾਮੈਂਟ ਦੇ ਇਸ ਗੇੜ ਵਿੱਚ ਦਿੱਲੀ ਕੈਪੀਟਲਜ਼ ਨੂੰ ਛੱਡ ਕੇ ਜਾਣਾ ਬਹੁਤ ਮੁਸ਼ਕਲ ਹੈ। ਵਿਸ਼ਵ ਕੱਪ ਵਿੱਚ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਲਈ ਇਹ ਮੇਰੀ ਸਲਾਹ ਨਾਲ ਫ਼ੈਸਲਾ ਲਿਆ ਗਿਆ ਹੈ।’’ ਦਿੱਲੀ ਟੀਮ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਨੇ ਕਿਹਾ, ‘‘ਇਹ ਮੰਦਭਾਗਾ ਹੈ ਕਿ ਰਬਾਡਾ ਨੂੰ ਟੂਰਨਾਮੈਂਟ ਦੇ ਇਸ ਗੇੜ ਵਿੱਚ ਛੱਡ ਕੇ ਜਾਣਾ ਪਿਆ ਹੈ, ਪਰ ਮੈਨੂੰ ਆਪਣੀ ਟੀਮ ’ਤੇ ਪੂਰਾ ਭਰੋਸਾ ਹੈ ਕਿ ਇਸ ਦਾ ਹਰੇਕ ਮੈਂਬਰ ਮੌਕੇ ’ਤੇ ਚੰਗਾ ਪ੍ਰਦਰਸ਼ਨ ਕਰੇਗਾ।’’ ਦੱਖਣੀ ਅਫਰੀਕਾ ਟੀਮ ਦੇ ਮੈਨੇਜਰ ਮੁਹੰਮਦ ਮੂਸਾਜੀ ਨੇ ਕਿਹਾ ਕਿ ਰਬਾਡਾ ਨੂੰ ਅਹਿਤਿਆਤ ਵਜੋਂ ਬੁਲਾਇਆ ਗਿਆ ਹੈ।ਦੂਜੇ ਪਾਸੇ ਪਲੇਅ-ਆਫ ਵਿੱਚ ਥਾਂ ਬਣਾਉਣ ਮਗਰੋਂ ਦਿੱਲੀ ਕੈਪੀਟਲਜ਼ ਰਬਾਡਾ ਤੋਂ ਬਿਨਾਂ ਸ਼ਨਿੱਚਰਵਾਰ ਨੂੰ ਰਾਜਸਥਾਨ ਰੌਇਲਜ਼ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਚੋਟੀ ਦੇ ਦੋ ਵਿੱਚ ਥਾਂ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਕੈਪੀਟਲਜ਼ ਨੂੰ ਆਪਣੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦੀ ਘਾਟ ਰੜਕੇਗੀ। ਉਹ ਪਿੱਠ ਦਰਦ ਕਾਰਨ ਚੇਨੱਈ ਸੁਪਰ ਕਿੰਗਜ਼ ਖ਼ਿਲਾਫ਼ ਪਹਿਲਾ ਮੈਚ ਨਹੀਂ ਖੇਡ ਸਕਿਆ ਸੀ। ਦਿੱਲੀ ਸੱਤ ਸਾਲ ਵਿੱਚ ਪਹਿਲੀ ਵਾਰ ਪਲੇਅ-ਆਫ ਖੇਡੇਗੀ। ਚੇਨੱਈ ਹੱਥੋਂ 80 ਦੌੜਾਂ ਤੋਂ ਹਾਰਨ ਮਗਰੋਂ ਦਿੱਲੀ ਨੂੰ ਹੌਸਲਾ ਵਧਾਉਣ ਲਈ ਵੱਡੀ ਜਿੱਤ ਦੀ ਲੋੜ ਹੈ। ਇਸ ਤਰ੍ਹਾਂ ਉਹ ਅੰਕ ਸੂਚੀ ਵਿੱਚ ਵੀ ਦੂਜੇ ਸਥਾਨ ’ਤੇ ਪਹੁੰਚ ਜਾਵੇਗੀ। ਇਸ ਵੇਲੇ ਦਿੱਲੀ 13 ਮੈਚਾਂ ਵਿੱਚ 16 ਅੰਕ ਲੈ ਕੇ ਤੀਜੇ ਸਥਾਨ ’ਤੇ ਹੈ। ਮੁੰਬਈ ਇੰਡੀਅਨਜ਼ ਦੇ 16 ਅਤੇ ਚੇਨੱਈ ਦੇ 18 ਅੰਕ ਹਨ। ਰਾਜਸਥਾਨ ’ਤੇ ਜਿੱਤ ਨਾਲ ਦਿੱਲੀ ਦੇ ਪਹਿਲੇ ਕੁਆਲੀਫਾਇਰ ਵਿੱਚ ਖੇਡਣ ਦੀ ਉਮੀਦ ਵਧੇਗੀ, ਜਿਸ ਨਾਲ ਉਸ ਨੂੰ 12 ਮਈ ਨੂੰ ਹੋਣ ਵਾਲੇ ਫਾਈਨਲ ਵਿੱਚ ਖੇਡਣ ਦੇ ਦੋ ਮੌਕੇ ਮਿਲਣਗੇ। ਰਬਾਡਾ ਦੀ ਗ਼ੈਰ-ਮੌਜੂਦਗੀ ਵਿੱਚ ਦਿੱਲੀ ਦੀ ਗੇਂਦਬਾਜ਼ੀ ਕਮਜ਼ੋਰ ਲੱਗ ਰਹੀ ਹੈ, ਪਰ ਕਪਤਾਨ ਸ਼੍ਰੇਅਸ ਅਈਅਰ ਨੂੰ ਉਸ ਤੋਂ ਜ਼ਿਆਦਾ ਚਿੰਤਾ ਬੱਲੇਬਾਜ਼ੀ ਦੇ ਇੱਕ ਇਕਾਈ ਵਜੋਂ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਣ ਦੀ ਹੋਵੇਗੀ। ਪ੍ਰਿਥਵੀ ਸ਼ਾਅ, ਸ਼ਿਖਰ ਧਵਨ, ਰਿਸ਼ਭ ਪੰਤ ਅਤੇ ਕੋਲਿਨ ਇੰਗਰਾਮ ਨੂੰ ਵੀ ਚੰਗੀ ਖੇਡ ਵਿਖਾਉਣੀ ਹੋਵੇਗੀ। ਦੂਜੇ ਪਾਸੇ, ਰਾਜਸਥਾਨ 13 ਮੈਚਾਂ ਵਿੱਚ 11 ਅੰਕ ਹੋਣ ਦੇ ਬਾਵਜੂਦ ਤਕਨੀਕੀ ਤੌਰ ’ਤੇ ਟੂਰਨਾਮੈਂਟ ਵਿੱਚ ਬਰਕਰਾਰ ਹੈ।
Sports ਆਈਪੀਐਲ: ਦਿੱਲੀ ਕੈਪੀਟਲਜ਼ ਨੂੰ ਝਟਕਾ