ਆਈਟੀ ਪਾਰਕ ਵਿਚ ਵਾਪਰੇ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ

ਆਈਟੀ ਪਾਰਕ ਵਿਚ ਅੱਜ ਤੜਕੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਤਿੰਨੇ ਨੌਜਵਾਨ ਇਕੋ ਮੋਟਰਸਾਈਕਲ ’ਤੇ ਬਿਨਾਂ ਹੈਲਮਟ ਤੋਂ ਸਵਾਰ ਸਨ। ਇਹ ਹਾਦਸਾ ਆਈਟੀ ਪਾਰਕ ਵਿਚਲੇ ਰੇਲਵੇ ਪੁਲ ਨੇੜੇ ਵਾਪਰਿਆ। ਹਾਦਸਾ ਵਾਪਰਨ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਮ੍ਰਿਤਕ ਨੌਜਵਾਨਾਂ ਦੀ ਪਛਾਣ ਸੈਕਟਰ 29-ਬੀ ਦੇ ਵਸਨੀਕ ਮੁਹੰਮਦ ਸ਼ਾਨੂ (26) ਤੇ ਹੈਦਰ (24) ਅਤੇ ਸੈਕਟਰ-45 ਦੇ ਸ਼ਾਹਰੁਖ (25) ਵਜੋਂ ਹੋਈ ਹੈ। ਸ਼ਾਨੂ ਅਤੇ ਹੈਦਰ ਵਾਲ ਕਟਿੰੰਗ ਦਾ ਕੰਮ ਕਰਦੇ ਸਨ ਜਦਕਿ ਸ਼ਾਹਰੁਖ ਟੇਲਰਿੰਗ ਕਰਦਾ ਸੀ। ਹੈਦਰ ਦਾ ਅਗਲੇ ਦਿਨੀਂ ਅਤੇ ਸ਼ਾਨੂ ਦਾ ਨਵੰਬਰ ਵਿਚ ਵਿਆਹ ਹੋਣਾ ਸੀ। ਆਈਟੀ ਪਾਰਕ ਥਾਣੇ ਦੇ ਮੁਖੀ ਲਖਬੀਰ ਸਿੰਘ ਅਨੁਸਾਰ ਅੱਜ ਤੜਕੇ ਵਾਇਰਲੈੱਸ ਰਾਹੀਂ ਸੁਨੇਹਾ ਆਇਆ ਕਿ ਆਈਟੀ ਪਾਰਕ ਸਥਿਤ ਰੇਲਵੇ ਪੁਲ ਨੇੜੇ ਸੜਕ ਹਾਦਸੇ ਵਿਚ ਤਿੰਨ ਨੌਜਵਾਨ ਜ਼ਖ਼ਮੀ ਹਾਲਤ ਵਿਚ ਪਏ ਹਨ। ਆਈਟੀ ਪਾਰਕ ਥਾਣੇ ਦੇ ਸਬ-ਇੰਸਪੈਕਟਰ ਰੋਹਿਤ ਹੋਰਨਾਂ ਪੁਲੀਸ ਮੁਲਾਜ਼ਮਾਂ ਸਮੇਤ ਜਦੋਂ ਮੌਕੇ ’ਤੇ ਪੁੱਜੇ ਤਾਂ ਉਸ ਵੇਲੇ ਪੀਸੀਆਰ ਦੀ ਜਿਪਸੀ ਜ਼ਖਮੀ ਨੌਜਵਾਨਾਂ ਨੂੰ ਪੀਜੀਆਈ ਲਿਜਾ ਚੁੱਕੀ ਸੀ। ਪੀਜੀਆਈ ਵਿਚ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸਬ-ਇੰਸਪੈਕਟਰ ਰੋਹਿਤ ਕੁਮਾਰ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਘਟਨਾ ਸਥਾਨ ’ਤੇ ਮੋਟਰਸਾਈਕਲ ਪਿਆ ਸੀ। ਇਸ ਥਾਂ ’ਤੇ ਖੂਨ ਦੇ ਧੱਬੇ ਲੱਗੇ ਸਨ ਅਤੇ ਦ੍ਰਿਸ਼ ਬੜਾ ਦਰਦਨਾਕ ਸੀ। ਪੁਲੀਸ ਅਨੁਸਾਰ ਮੋਟਰਸਾਈਕਲ ਉਪਰ ਨੌਜਵਾਨ ਤੀਹਰੀ ਸਵਾਰੀ ਕਰ ਰਹੇ ਸਨ ਅਤੇ ਉਨ੍ਹਾਂ ਨੇ ਹੈਲਮਟ ਨਹੀਂ ਪਹਿਨੇ ਸਨ। ਮੋਟਰਸਾਈਕਲ ਡਿਵਾਈਡਰ ਨਾਲ ਟਕਰਾ ਕੇ ਡਿੱਗਿਆ ਜਾਪਦਾ ਸੀ ਕਿਉਂਕਿ ਉਸ ਦੇ ਪਿੱਛਲੇ ਹਿੱਸੇ ’ਤੇ ਫੇਟ ਲੱਗਣ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਘਟਨਾ ਦੌਰਾਨ ਮੋਟਰਸਾਈਕਲ ਕਾਫੀ ਤੇਜ਼ ਰਫਤਾਰ ਵਿਚ ਜਾ ਰਿਹਾ ਜਾਪਦਾ ਸੀ ਕਿਉਂਕਿ ਮੋਟਰਸਾਈਕਲ ਡਿਵਾਈਡਰ ਵਿਚ ਵਜਣ ਤੋਂ ਬਾਅਦ ਘੜੀਸਦਾ ਹੋਇਆ 50 ਮੀਟਰ ਦੂਰ ਜਾ ਕੇ ਰੁਕਿਆ ਸੀ। ਇਸੇ ਦੌਰਾਨ ਅਜਿਹੀ ਚਰਚਾ ਵੀ ਹੈ ਕਿ ਕਿਸੇ ਵੱਡੇ ਵਾਹਨ ਦੀ ਫੇਟ ਵੱਜਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਪੁਲੀਸ ਅਨੁਸਾਰ ਤਿੰਨੇ ਨੌਜਵਾਨ ਲੰਘੀ ਰਾਤ 12 ਵਜੇ ਆਪਣੇ ਘਰਾਂ ਵਿਚੋਂ ਨਿਕਲ ਕੇ ਇਕੋ ਮੋਟਰਸਾਈਕਲ ’ਤੇ ਗਏ ਸਨ। ਉਹ ਮਨੀਮਾਜਰਾ ਤੋਂ ਵਾਪਸ ਸੈਕਟਰ-29 ਆ ਰਹੇ ਸਨ। ਆਈਟੀ ਪਾਰਕ ਥਾਣੇ ਨੇ ਹਾਦਸੇ ਸਬੰਧੀ ਧਾਰਾ 279 ਅਤੇ 304-ਏ ਤਹਿਤ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਘਟਨਾ ਸਥਾਨ ਦੇ ਇਰਦ-ਗਿਰਦ ਲੋਕਾਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ।
ਮੋਟਰਸਾਈਕਲ ਨੂੰ ਫੇਟ ਮਾਰਨ ਵਾਲੇ ਅਣਪਛਾਤੇ ਵਾਹਨ ਦਾ ਪਤਾ ਲਾਉਣ ਅਤੇ ਹਾਦਸੇ ਦੇ ਕਾਰਨ ਜਾਣਨ ਲਈ ਸੀਸੀਟੀਵੀ ਫੁਟੇਜ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਪੁਲੀਸ ਨੇ ਸ਼ਾਨੂ ਅਤੇ ਹੈਦਰ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆ ਹਨ। ਸ਼ਾਹਰੁਖ ਦੇ ਮਾਪਿਆਂ ਦੇ ਇਥੇ ਪਹੁੰਚਣ ’ਤੇ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Previous articleਭਾਰਤੀ ਮੂਲ ਦੇ ਕਾਮੇਡੀਅਨ ਦੀ ਪੇਸ਼ਕਾਰੀ ਦੌਰਾਨ ਮੌਤ
Next articleਬਜੂਹਾ ਕਲਾਂ ’ਚ ਪੁਲੀਸ ਵਲੋਂ ਦੋ ਘੰਟੇ ਤਲਾਸ਼ੀ; ਇੱਕ ਸਰਿੰਜ ਤੇ ਮੁੱਠ ਕੁ ਭੁੱਕੀ ਫੜੀ