ਆਇਲਟ ਦਾ ਭੂਤ ਅੱਜ ਹਰ ਕਿਸੇ ‘ਤੇ ਸਵਾਰ ਹੈ। ਹਰ ਛੋਟਾ ਵੱਡਾ ਆਇਲਟ ਦਾ ਮਰੀਜ਼ ਬਣਿਆ ਹੋਇਆ ਹੈ। ਪੱਛਮੀ ਦੇਸ਼ਾਂ ਵੱਲ ਦੌੜ ਜਾਣ ਦੇ ਲਈ ਹਰ ਸਟੱਡੀ ਵੀਜਾ ਦੀ ਦੁਕਾਨ ਅੱਗੇ ਪਹਿਲੀ ਕਤਾਰ ਵਿਚ ਖੜੇ ਆਮ ਤੁਹਾਨੂੰ ਦਿੱਖ ਜਾਣਗੇ। ਬਾਪੂ ਦੀ ਸੰਘੀ ‘ਚ ਗੂਠਾ ਦੇ ਕੇ ਜੇਬਾਂ ਭਰੀ ਬੈਠੇ ਹਨ (ਪੈਸੇ ਭਾਂਵੇਂ ਜਮੀਨ ਵੇਚ ਕੇ ਜਾਂ ਜਮੀਨ, ਘਰ ਗਹਿਣੇ ਰੱਖ ਕੇ ਹੀ ਇਕੱਠੇ ਕੀਤੇ ਹੋਣ) ਵਿਦੇਸ਼ ਜਾਣ ਦੇ ਲਈ ਤਿਆਰ ਬਰ ਤਿਆਰ ਬੈਠੇ ਹਨ ਕਿ ਕਿਹੜੀ ਘੜੀ ਅਸੀ ਵਿਦੇਸ਼ ਦੌੜ ਜਾਈਏ ਉਹ ਤਰੀਕਾ ਭਾਂਵੇ ਜਾਇਜ ਜਾਂ ਨਜਾਇਜ਼ ਕਿਉ ਨਾ ਹੋਵੇ,ਜਦੋਂ ਤੋਂ ਆਇਲਟਸ ਦਾ ਇਮਤਿਹਾਨ ਦੇਣ ਲਈ ਬਾਹਰਲੇ ਮੁਲਕਾ ਨੇ ਸਾਡੇ ਲੋਕਾਂ ਦਾ ਰਾਹ ਪੱਧਰਾ ਕੀਤਾ ਹੈ ਤਾਂ ਇੰਝ ਲੱਗਦਾ ਹੈ ਕਿ ਸਾਡਾ ਪੰਜਾਬ ਹੀ ਵਿਦੇਸ਼ੀ ਬਣਦਾ ਜਾ ਰਿਹਾ ਹੈ। ਐਨੀ ਚਰਚਾ ਹੋਣ ਦੇ ਬਾਵਜੂਦ ਸਾਡੇ ਲੋਕਾਂ ਨੂੰ ਇਹ ਨਹੀ ਪਤਾ ਲੱਗ ਰਿਹਾ ਕਿ ਆਇਲਟ ਕੀ ਭੂਤ ਹੈ। ਜੇਕਰ ਆਪਾ ਠੇਠ ਪੰਜਾਬੀ ਵਿਚ ਕਹਿ ਲਈਏ ਤਾਂ ਆਇਲਟ ਉਹ ਬਲਾ ਹੈ, ਜਿਹੜੀ ਕਿ ਉਮੀਦਵਾਰ ਨੂੰ ਅੰਗਰੇਜ਼ੀ ਭਾਸ਼ਾਂ ਦੀ ਵਰਤੋਂ ਕਰਨ ਵਾਲੇ ਦੀ ਕਾਬਲੀਅਤ ਨੂੰ ਤੈਅ ਕਰਨ ਦੇ ਲਈ ਵਰਤਿਆ ਜਾਂਦਾ ਹੈ।ਇਸ ਕਾਬਲੀਅਤ ਦੇ ਆਧਾਰ ਤੇ ਹੀ ਉਮੀਦਵਾਰ ਦਾ ਨਤੀਜਾ ਬੈਂਡ ਦੀ ਇਕਾਈ ਵਿਚ ਤਿਆਰ ਕੀਤਾ ਜਾਂਦਾ ਹੈ ਅਤੇ ਉਮੀਦਵਾਰ ਦਾ ਅੰਗਰੇਜ਼ੀ ਦੀ ਵਰਤੋਂ ਦਾ ਪੱਧਰ ਵੀ ਸਪੱਸ਼ਟ ਕੀਤਾ ਜਾਂਦਾ ਹੈ।
ਆਇਲਟਸ ਦੇ ਲਈ ਕੈਨੇਡਾ, ਅਮਰੀਕਾ, ਇੰਗਲੈਡ, ਨਿਊਜੀਲੈਂਡ ਅਸਟਰੇਲੀਆ ਵਿਚਲੀਆਂ ਯੂਨੀਵਰਸਿਟੀਆਂ ਨੂੰ ਹੀ ਮਾਨਤਾ ਪ੍ਰਾਪਤ ਹੈ। ਇਹਨਾਂ ਯੂਨੀਵਰਸਿਟੀਆਂ ਨੂੰ ਸਰਕਾਰ ਵਲੋਂ ਅਥਾਰਟੀ ਮਿਲੀ ਹੋਈ ਹੈ।ਇਹ ਇਮਤਿਹਾਨ ਸਿਰਫ ਚੋਣਵੇਂ ਉਮੀਦਵਾਰਾਂ ਦੇ ਲਈ ਹੀ ਹੁੰਦਾ ਹੈ। ਸਾਡੇ ਮੁਲਕ ਭਾਰਤ ਵਿਚ ਹਰ ਪੜ੍ਹਾਈ, ਹਰ ਕੋਰਸ ਦੀ ਪੜ੍ਹਾਈ ਹੋ ਸਕਦੀ ਹੈ ਪਰ ਅਫਸੋਸ ਕਿ ਸਾਡੇ ਮੁਲਕ ਅੰਦਰ ਕਿਸੇ ਵੀ ਯੂਨੀਵਰਸਿਟੀ ਕੋਲ ਆਇਲਟਸ ਦੀ ਆਥਾਰਟੀ ਨਹੀ ਹੈ।
ਆਇਲਟ ਇਕ ਇਹੋ ਜਿਹਾ ਇਮਤਿਹਾਨ ਹੈ ਜੋ ਕਿ ਅੰਗਰੇਜ਼ੀ ਬੋਲਣ ਵਾਲੇ ਦੇਸ਼ ਵਿਚ ਰਹਿਣ ਜਾਂ ਅਧਿਐਨ ਕਰਨ ਦੇ ਚਾਹਵਾਨ ਉਮੀਦਵਾਰ ਅਸਲ ਭਾਸ਼ਾਂ ਦਾ ਇਸਤੇਮਾਲ ਕਰ ਸਕਣ। ਇਥੇ ਇਹ ਦੱਸਣਾ ਜਰੂਰੀ ਹੈ ਕਿ ਆਇਲਟਸ ਇਕ ਕੌਮਾਂਤਰੀ ਪੱਧਰ ਦੀ ਹੀ ਕਾਢ ਹੈ।ਜਿਸ ਨੂੰ ਸਾਂਝੇ ਤੌਰ ਤੇ ਜਿਸ ਵਿਚ ਇੰਗਲੈਡ ਦੀ ਇਕ ਕਮੇਟੀ (ਬ੍ਰਿਟਿਸ਼ ਕੌਂਸਲ), ਆਸਟਰੇਲੀਆ ਅਤੇ ਕੈਂਬਰਿਜ਼ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਜਾਂਦਾ ਹੈ। ਇਹਦੇ ਵਿਚ ਆਇਲਟਸ ਦੇ ਦੋ ਮੌਡਿਊਲਜ ਹੁੰਦੇ ਹਨ।
ਪਹਿਲਾ ਅਕੈਡਮਿਕ ਮੌਡਿਊਲਜ ਹੁੰਦਾ ਹੈ ਜੋ ਕਿ ਅਗਲੇਰੀ ਪੜ੍ਹਾਈ ਦੇ ਲਈ ਪੜ੍ਹਣ ਵਾਲੇ ਉਮੀਦਵਾਰ ਦੇ ਲਈ ਹੁੰਦਾ ਹੈ।ਇਹ ਆਇਲਟਸ ਦੀ ਪੜ੍ਹਾਈ ਪੂਰੀ ਕਰ ਕੇ ਵਿਦਿਆਰਥੀ ਅਗਲੀ ਉਚ ਸਿਖਿਆ ਲਈ ਅਲੱਗ ਅਲੱਗ ਕਿਤਿਆ ਵਿਚ ਪੂਰੀ ਕਰਨ ਦੇ ਲਈ ਅਲੀਜ਼ੀਵਲ ਹੁੰਦਾ ਹੈ। ਆਇਲਟਸ ਦੇ ਜਰੀਏ ਇਮੀਗ੍ਰੇਸ਼ਨ ਵਾਲੇ ਉਮੀਦਵਾਰ ਦੀ ਕਾਬਲੀਅਤ ਚੈਕ ਕਰਦੇ ਹਨ।
ਦੂਸਰਾ ਜਨਰਲ ਮੌਡਿਊਲਜ ਹੁੰਦਾ ਹੈ ਜੋ ਕਿ ਸਾਡੇ ਕੋਲੋ ਵਿਦੇਸ਼ ਵਿਚ ਪੱਕੇ ਤੌਰ ਤੇ ਜਾਣ ਦੇ ਲਈ ਇਮੀਗ੍ਰੇਸ਼ਨ ਮੰਗ ਕਰਦਾ ਹੈ। ਜਿਹੜੇ ਵਿਦਿਆਰਥੀ ਉਚ ਸਿਖਿਆ ਪ੍ਰਾਪਤ ਕਰ ਚੁੱਕੇ ਹਨ ਉਹ ਜਨਰਲ ਆਇਲਟਸ ਪਾਸ ਕਰਕੇ ਵਿਦੇਸ਼ ਚਲੇ ਜਾਂਦੇ ਹਨ।
ਅਕੈਡਮਿਕ ਮੌਡਿਊਲਜ ਦੇ ਵੀ ਅੱਗੇ ਜਾ ਕੇ ਚਾਰ ਭਾਗ ਬਣ ਜਾਂਦੇ ਹਨ। ਸੁਣਨਾ, ਪੜ੍ਹਣਾ, ਲਿਖਣਾ ਅਤੇ ਬੋਲਣਾ। ਸੁਣਨ ਦਾ ਜੋ ਇਮਤਿਹਾਨ ਹੈ ਉਹ 30-35 ਮਿੰਟ ਦਾ ਹੁੰਦਾ ਹੈ।ਜਿਸ ਵਿਚ 10 ਮਿੰਟ ਵਾਧੂ ਦੇਣ ਦਾ ਸਮਾਧਾਨ ਹੁੰਦਾ ਹੈ, ਉਹ ਮੌਕੇ ਦੇ ਅਫਸਰ ਤੇ ਨਿਰਭਿਰ ਕਰਦਾ ਹੈ। ਪੜ੍ਹਣ ਦੇ ਇਮਤਿਹਾਨ ਵਿਚ ਇਕ ਘੰਟੇ ਦਾ ਸਮ੍ਹਾਂ ਨਿਸਚਿਤ ਹੁੰਦਾ ਹੈ।ਇਸ ਵਿਚ ਵੀ ਸਮ੍ਹੇ ਦੀ ਤਬਦੀਲੀ ਹੋ ਸਕਦੀ ਹੈ।ਬੋਲਣ ਅਤੇ ਲਿਖਣ ਦੇ ਇਮਤਿਹਾਨ ਵਿਚ ਸਿਰਫ 10-15 ਮਿੰਟ ਹੀ ਹੁੰਦੇ ਹਨ ਪਰ ਉਸ ਵਿਚ ਕੋਈ ਸਮ੍ਹੇ ਵਿਚ ਤਬਦੀਲੀ ਦੀ ਸਹੂਲਤ ਨਹੀ ਹੁੰਦੀ,ਕਿਉਂਕਿ ਇਹਨਾਂ ਦੋਹਾਂ ਵਿਸ਼ਿਆਂ ਵਿਚ ਹੀ ਫਰਕ ਪਾਇਆ ਜਾਂਦਾ ਹੈ।
ਇਸ ਦੇ ਮੁਕਾਬਲੇ ਜਨਰਲ ਮੌਡਿਊਲਜ ਦਾ ਪੜ੍ਹਣ ਦਾ ਇਮਤਿਹਾਨ ਛੋਟਾ ਤੇ ਸੌਖਾ ਸਧਾਰਣ ਪੱਧਰ ਦਾ ਹੁੰਦਾ ਹੈ।ਇਸ ਤੋਂ ਇਲਾਵਾ ਜਨਰਲ ਮੌਡਿਉਲਜ ਵਿਚ ਇਕ ਖੱਤ ਲਿਖਣਾ ਹੁੰਦਾ ਹੈ ਪਰ ਦੂਸਰੇ ਮੌਡਿਊਲਜ ਵਿਚ ਇਕ ਗ੍ਰਾਫ ਦਾ ਵਰਨਣ ਕਰਨਾ ਹੁੰਦਾ ਹੈ।
ਜਨਰਲ ਮੌਡਿਊਲਜ ਦੇ ਸੁਣਨ ਵਾਲੇ ਇਮਤਿਹਾਨ ਵਿਚ 3-4 ਭਾਗ ਹੁੰਦੇ ਹਨ ਅਤੇ ਇਸ ਦੇ 30 ਮਿੰਟ ਦੇ ਵਕਫੇ ਵਿਚ 40 ਸਵਾਲ ਪੁੱਛੇ ਜਾਂਦੇ ਹਨ।ਇਸ ਤੋਂ ਇਲਾਵਾ 10 ਮਿੰਟ ਦਾ ਤਬਦੀਲੀ ਦਾ ਸਮ੍ਹਾਂ ਦਿੱਤਾ ਜਾਂਦਾ ਹੈ। ਤਬਦੀਲੀ ਦੇ ਸਮ੍ਹੇਂ ਦੇ ਦੌਰਾਨ ਵਿਦਿਆਰਥੀ ਆਪਣੇ ਸਵਾਲਾਂ ਵਾਲੀ ਸ਼ੀਟ ਤੋਂ ਉਤਰ ਵਾਲੀ ਸ਼ੀਟ ਤੇ ਉਤਾਰਦੇ ਹਨ।ਇਸ ਵਿਚ ਵੀ ਚਾਰ ਭਾਗ ਹੁੰਦੇ ਹਨ।
ਪਹਿਲੇ ਭਾਗ ਵਿਚ ਉਮੀਦਵਾਰ ਨੂੰ ਚਾਰ ਬੁਲਾਰਿਆਂ ਵਿਚ ਬੈਠਾ ਕੇ ਕਿਸੇ ਵੀ ਸਮਾਜਿਕ ਜਾਂ ਅਰਧ ਸਮਾਜਿਕ ਦੇ ਮੁੱਦੇ ਤੇ ਗੱਲਬਾਤ ਸੁਣਾਈ ਜਾਂਦੀ ਹੈ।
ਦੂਜੇ ਭਾਗ ਵਿਚ ਕਿਸੇ ਸਮਾਜਿਕ ਜਾਂ ਗੈਰ ਸਮਾਜਿਕ ਵਿਸ਼ੇ ਦੇ ਬਾਰ ਵਿਚ ਇਕਸਾਰ ਅਵਾਜ਼ ਸੁਣਾਈ ਜਾਂਦੀ ਹੈ।
ਤੀਸਰੇ ਭਾਗ ਵਿਚ ਦੋ ਤੋਂ ਚਾਰ ਬੁਲਾਰਿਆਂ ਵਿਚਕਾਰ ਕਿਸੇ ਵੀ ਅਕੈਡਮਿਕ ਵਿਸ਼ੇ ਬਾਰੇ ਗਲਬਾਤ ਸੁਣਾਈ ਜਾਂਦੀ ਹੈ।
ਚੌਥੇ ਭਾਗ ਵਿਚ ਇਕ ਬੁਲਾਰੇ ਵਲੋਂ ਕਿਸੇ ਵਿਸ਼ੇ ਤੇ ਜਾਂ ਯੂਨੀਵਰਸਿਟੀ ਪੱਧਰ ਦੀ ਪੱਸ਼ਕਾਰੀ ਸੁਣਾਈ ਜਾਂਦੀ ਹੈ। ਉਮੀਦਵਾਰ ਦੇ ਕੰਨਾਂ ਨੂੰ ਹੈਡਫੋਨ ਲਗਾ ਦਿੱਤੇ ਜਾਦੇ ਹਨ, ਜਿੰਨ੍ਹਾਂ ਨੂੰ ਪੂਰੀ ਤਰਾਂ ਕੰਨਾਂ ਤੇ ਲਗਾ ਦਿੱਤਾ ਜਾਂਦਾ ਹੈ ਸਿਰਫ ਸਪੀਕਰ ਦੀ ਹੀ ਆਵਾਜ਼ ਸੁਣਾਈ ਦਿੰਦੀ ਹੈ।ਜੋ ਕਿ ਪੂਰੀ ਦੀ ਪੂਰੀ ਆਵਾਜ਼ ਅੰਗਰੇਜ਼ੀ ਵਿਚ ਹੁੰਦੀ ਹੈ।ਇਸ ਤੋਂ ਬਾਅਦ ਵਿਦਿਆਰਥੀਆ ਨੇ ਸੁਣੇ ਗਏ ਸਵਾਲਾਂ ਦੇ ਜਵਾਬ ਲਿਖਣੇ ਹੁੰਦੇ ਹਨ।
ਲਿਖਣ ਵਾਲੇ ਇਮਤਿਹਾਨ ਵਿਚ ਵੀ ਦੋ ਭਾਗ ਹੁੰਦੇ ਹਨ ਅਤੇ ਕੁੱਲ ਸਮ੍ਹਾਂ ਇਕ ਘੰਟੇ ਦਾ ਦਿੱਤਾ ਜਾਦਾ ਹੈ। ਪਹਿਲੇ ਵੀਹ ਮਿੰਟ ਵਿਚ ਡੇੜ ਸੌ ਸ਼ਬਦਾ ਵਿਚ ਇਕ ਗ੍ਰਾਫ ਜਾਂ ਕਿਸੇ ਵੀ ਚਾਰਟ ਜਾਂ ਮੋਹਰੇ ਪਈ ਚੀਜ਼ ਦਾ ਵਰਨਣ ਕਰਨਾ ਹੁੰਦਾ ਹੈ। ਅਗਲੇ 40 ਮਿੰਟਾਂ ਵਿਚ ਢਾਈ ਸੌ ਸ਼ਬਦਾਂ ਵਿਚ ਕਿਸੇ ਵੀ ਸਮੱਸਿਆਂ ਬਾਰੇ ਸਲਾਹ,ਵਿਚਾਰ ਜਾਂ ਉਸ ਦਾ ਹਲ ਵਰਨਣ ਕਰਨਾ ਹੁੰਦਾ ਹੈ।ਵਿਦਿਆਰਥੀਆਂ ਵਲੋਂ ਲਿਖੇ ਗਏ ਸ਼ਬਦ ਉਚੇਚੇ ਤੌਰ ‘ਤੇ ਗਿਣੇ ਜਾਦੇ ਹਨ।ਇਸ ਲਈ ਲੋੜ ਤੋਂ ਵੱਧ ਵੱਧ ਘੱਟ ਸ਼ਬਦ ਲਿਖਣੇ ਠੀਕ ਨਹੀ ਹੁੰਦੇ।ਪੜ੍ਹਣ ਵਾਲੇ ਇਮਤਿਹਾਨ ਵਿਚ ਇਕ ਘੰਟੇ ਦਾ ਸਮ੍ਹਾਂ ਹੁੰਦਾ ਹੈ।ਇਸ ਲਈ ਤਿੰਨ ਔਖੇ ਪਹਿਰਿਆਂ ਨੂੰ ਪੜ੍ਹ ਕੇ ਹੀ ਸਵਾਲਾਂ ਦੇ ਜੁਵਾਬ ਦੇਣੇ ਹੁੰਦੇ ਹਨ।ਇਸ ਕਰਕੇ ਹੀ ਵਿਦਿਆਰਥੀ ਨੂੰ ਇਕ ਘੰਟੇ ਦਾ ਸਮ੍ਹਾ ਮਿਲਦਾ ਹੈ।ਇਹ ਪਹਿਰੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਹੁੰਦੇ ਹਨ।ਉਦਾਹਰਣ ਦੇ ਤੌਰ ‘ਤੇ ਇਕ ਪਹਿਰਾ ਖੋਜ ਰਿਪੋਰਟ ਤੇ ਦੂਜਾਂ ਪਹਿਰਾ ਊਰਜ਼ਾ ਦੇ ਕਿਸੇ ਵੀ ਵਿਸ਼ੇ ਨਾਲ ਸਬੰਧਤ ਹੋ ਸਕਦਾ ਹੈ।ਅਕੈਡਮਿਕ ਮੌਡਿਊਲਜ ਵਿਚ ਮੈਗਜ਼ੀਨ, ਕਿਤਾਬਾਂ,ਅਖਬਾਰਾਂ ਵਿਚੋਂ ਵਿਸ਼ੇ ਲਏ ਜਾਂਦੇ ਹਨ।ਜਦ ਕਿ ਜਨਰਲ ਮੌਡਿਊਲਜ ਵਿਚ ਇਸ਼ਤਿਹਾਰ ਜਾਂ ਕੋਈ ਸਾਰਣੀ ਵਿਚੋਂ ਹਲਕੇ ਜਿਹੇ ਵਿਸ਼ੇ ਸ਼ਾਮਲ ਕੀਤੇ ਗਏ ਹੁੰਦੇ ਹਨ।ਦੋਹਾਂ ਮੌਡਿਊਲਜ ਵਿਚ ਤਕਰੀਬਨ ਚਾਲੀ ਸਵਾਲ ਪੁੱਛੇ ਗਏ ਹੁੰਦੇ ਹਨ।ਇਹਨਾਂ ਵਿਚ ਖਾਲੀ ਥਾਵਾਂ ਭਰਨੀਆਂ,ਠੀਕ ਜਾਂ ਗਲਤ ਤੇ ਨਿਸ਼ਾਨ ਕਾਉਣਾ ਜਾਂ ਚਾਰ ਜਵਾਬ ਵਿਚੋ ਇਕ ਸਹੀ ‘ਤੇ ਨਿਸ਼ਾਨ ਲਾਉਣਾ ਸ਼ਾਮਲ ਹੁੰਦਾ ਹੈ।
ਬੋਲਣ (ਸਪੀਕਿੰਗ)ਵਾਲਾ ਇਮਤਿਹਾਨ ਸੱਭ ਤੋਂ ਪਹਿਲਾਂ ਜਾਂ ਸੱਭ ਤੋ ਬਾਅਦ ਗਿਅਰਾਂ ਜਾਂ ਚੌਦਾ ਮਿੰਟ ਦਾ ਹੁੰਦਾ ਹੈ।ਇਸ ਵਿਚ ਉਮੀਦਵਾਰ ਅਤੇ ਮਾਸਟਰ ਵਿਚ ਆਪਸੀ ਸਵਾਲ ਜਵਾਬ ਹੁੰਦੇ ਹਨ। ਮਾਸਟਰ ਇਕ ਕਮਰੇ ਅੰਦਰ ਬੈਠਾ ਇਕ ਇਕ ਕਰਕੇ ਵਿਦਿਆਰਥੀ ਨੂੰ ਬਲਾਉਦਾ ਹੈ। ਕਮਰੇ ਵਿਚ ਸਿਰਫ ਦੋ ਹੀ ਮੈਂਬਰ ਹੁੰਦੇ ਹਨ, ਦੋਹਾਂ ਦੇ ਵਿਚਾਲੇ ਇਕ ਡੈਸਕ ਹੁੰਦਾ ਹੈ। ਦੋਹਾਂ ਵਿਚ ਹੋਣ ਵਾਲੀ ਚਰਚਾ ਨੂੰ ਰਿਕਾਰਡ ਕੀਤਾ ਜਾਦਾ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਮਾਸਟਰ ਨੇ ਸਹੀ ਤਰੀਕੇ ਨਾਲ ਇਮਤਿਹਾਨ ਲਿਆ ਹੈ।ਇਸ ਇਮਤਿਹਾਨ ਦੇ ਤਿੰਨ ਭਾਗ ਹੁੰਦੇ ਹਨ, ਭੂਮਿਕਾ ਅਤੇ ਮੁਲਾਕਾਤ ਚਾਰ ਤੋਂ ਪੰਜ ਮਿੰਟ ਦਾ ਹੁੰਦਾ ਹੈ। ਉਮੀਦਵਾਰ ਅੰਦਰ ਦਾਖਲ ਹੁੰਦਾ ਹੈ ਦੋਵੇਂ ਇਕ ਦੂਜੇ ਨੂੰ ਵਿਸ਼ ਕਰਦੇ ਹਨ ਅਤੇ ਮਾਸਟਰ ਉਸ ਨੂੰ ਬੈਠਣ ਲਈ ਕਹਿੰਦਾ ਹੈ ਇਸ ਤੋਂ ਤੁਹਾਡਾ ਆਈ ਡੀ ਪਰਖਿਆ ਜਾਂਦਾ ਹੈ। ਉਸ ਤੋਂ ਬਾਅਦ ਤੁਹਾਡੇ ਤੋਂ ਤੁਹਾਡੇ ਅਤੇ ਕਿਸੇ ਦੇ ਜੀਵਨ ਜਾਂ ਪਿਛੋਕੜ ਨਾਲ ਸਬੰਧਤ ਸਵਾਲ ਪੁੱਛੇ ਜਾਂਦੇ ਹਨ। ਨਿਜੀ ਸਵਾਲਾਂ ਦੇ ਪਹਿਲੇ ਭਾਗ ਵਿਚ ਪੁੱਛੇ ਗਏ ਸਵਾਲਾਂ ਦੇ ਅਧਾਰ ਤੇ ਤੁਹਾਡੇ ਜੀਵਨ ਦੇ ਕਿਸੇ ਵੀ ਪੱਖ ਤੇ ਵਿਸਥਾਰ ਨਾਲ ਬੋਲਣ ਲਈ ਕਿਹਾ ਜਾਂਦਾ ਹੈ।ਜੋ ਕਿ ਇਕੋ ਹੀ ਪੱਖ ਤੇ ਛੇ ਮਿੰਟ ਬੋਲਣਾ ਹੁੰਦਾ ਹੈ। ਦੋਹਾਂ ਪਾਸਿਆਂ ਵਾਲੀ ਬਹਿਸ ਵਿਚ ਇਕ ਤੁਹਾਨੂੰ ਕਾਰਡ ਦਿੱਤਾ ਜਾਦਾ ਹੈਜਿਸ ਤੇ ਲਿਖੇ ਵਿਸ਼ੇ ਉਤੇ ਤੁਸੀ ਡੇਢ ਮਿੰਟ ਤੱਕ ਬੋਲਣਾ ਹੁੰਦਾ ਹੈ। ਉਮੀਦਵਾਰ ਨੂੰ ਸੋਚਣ ਵਾਸਤੇ ਇਕ ਮਿੰਟ ਦਾ ਸਮ੍ਹਾਂ ਦਿੱਤਾ ਜਾਦਾ ਹੈ। ਜਦੋਂ ਤੁਸੀ ਆਪਣਾ ਪੱਖ ਪੇਸ਼ ਕਰ ਰਹੇ ਹੁੰਦੇ ਹੋ ਤਾਂ ਮਾਸਟਰ ਤੁਹਾਨੂੰ ਕੋਈ ਹੋਰ ਵੀ ਸਵਾਲ ਕਰ ਸਕਦਾ ਹੈ।
ਇਮਤਿਹਾਨ ਦੇ ਦੋ ਤਿੰਨ ਹਫਤਿਆਂ ਬਾਅਦ ਨਤੀਜਾ ਘੋਸ਼ਿਤ ਕੀਤਾ ਜਾਂਦਾ ਹੈ।ਇਹ ਨਤੀਜਾ ਅੰਕਾਂ ਵਿਚ ਨਹੀ ਸਗੋਂ ਬੈਂਡ ਸਕੋਰ ਵਿਚ ਪੇਸ਼ ਕੀਤਾ ਜਾਂਦਾ ਹੈ, ਜੋ ਕਿ ਸਿਫਰ ਤੋਂ ਲੈ ਕੇ ਨੌ ਸਕੋਰ ਦੇ ਵਿਚਕਾਰ ਹੁੰਦੇ ਹਨ। ਛੇ ਜਾਂ ਇਸ ਤੋਂ ਵੱਧ ਬੈਂਡ ਲੈਣ ਵਾਲੇ ਉਮੀਦਵਾਰ ਨੂੰ ਸੰਪੂਰਣ ਸਫਲ ਸਮਝਿਆ ਜਾਂਦਾ ਹੈ।ਇਸ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਉਮੀਦਵਾਰ ਵਿਦੇਸ਼ ਵਿਚ ਪੜ੍ਹਾਈ ਜਾਂ ਕੰਮ ਕਰਨ ਦੇ ਯੋਗ ਹੈ
ਹੁਣ ਅਜਿਹਾ ਜਾਪਦਾ ਹੈ ਕਿ ਪੰਜਾਬ ਹੁਣ ਬੈਂਡਾਂ ਦੀ ਮੰਡੀ ਬਣ ਗਿਆ ਹੈ।ਛੋਟੇ ਵੱਡੇ ਸ਼ਹਿਰਾਂ ‘ਚ ਆਈਲੈਟਸ ਸਿਖਲਾਈ ਕੇਂਦਰਾਂ ਨੂੰ ਸਾਹ ਨਹੀ ਆ ਰਿਹਾ।ਪੇਂਡੂ ਬੱਸਾਂ ਵਿਚ ਹੁਣ ਵੱਡੀ ਭੀੜ ਇਹਨਾਂ ਪਾੜ੍ਹਿਆਂ ਦੀ ਹੀ ਹੁੰਦੀ ਹੈ।ਜਿੰਨਾਂ ਨੇ ਨਵੀ ਉਡਾਣ ਦੇ ਮੁਸਾਫਿਰ ਬਣਨਾ ਹੈ।ਮਾਲਵਾ ਵੀ ਹੁਣ ਦੁਆਬੇ ਦੇ ਨਾਲ ਹੀ ਰਲਦਾ ਜਾ ਰਿਹਾ ਹੈ।ਪੜ੍ਹਾਈ ਦੇ ਵੀਜੇ ‘ਤੇ ਵਿਦੇਸ਼ ਜਾਣ ਦੇ ਲਈ ਆਇਲੈਟਸ ਦੇ ਬੈਂਡ ਲਾਜਮੀ ਹਨ।ਪੰਜਾਬ ਦੀ ਨੌਜਵਾਨ ਪੀੜੀ ਨੇ ਜਦੋਂ ਅੱਡੀਆਂ ਚੁੱਕੀਆ ਹਨ ਤਾਂ ਆਈਲੈਟਸ ਵਾਲਿਆਂ (ਬ੍ਿਰਟਸ਼ ਕੌਸਲ ਤੇ ਆਈਡੀਪੀ)ਨੇ ਹਰ ਸ਼ਹਿਰ ‘ਚ ਗਲੀਚੇ ਵਿਛਾ ਦਿੱਤੇ ਜੋ ਪੰਜਾਬ ਦੀ ਕਿਸਾਨੀ ‘ਤੇ ਜਵਾਨੀ ਨੂੰ ਬਹੁਤ ਮਹਿੰਗੇ ਪੈ ਰਹੇ ਹਨ।
ਇਕ ਪੰਜਾਬੀ ਦੇ ਅਖਬਾਰ ਦੇ ਸਰਵੇ ਮੁਤਾਬਿਕ ਆਈਲੈਟਸ ਪ੍ਰੀਖਿਆ ਅਤੇ ਕੋਚਿੰਗ ਸੈਂਟਰਾਂ ਦੇ ਸਬੰਧ ਵਿਚ ਜੋ ਕਾਰੋਬਾਰ ਦਾ ਖਾਕਾ ਤਿਆਰ ਕੀਤਾ ਗਿਆ ਹੈ, ਉਸ ਦੇ ਅਨੁਸਾਰ ਪੰਜਾਬ ਵਿਚ ਹੁਣ ਸਲਾਨਾ ਕਰੀਬ 1100 ਕਰੋੜ ਦਾ ਕਾਰੋਬਾਰ ਹੋਣ ਲੱਗਾ ਹੈ। ਪੰਜਾਬ ਭਰ ‘ਚੋ ਹਰ ਸਾਲ ਕਰੀਬ 3 ਕਰੋੜ ਛੱਤੀ ਲੱਖ ਆਈਲੈਟਸ ਵਿਚ ਉਮੀਦਵਾਰ ਬੈਠਦੇ ਹਨ ਜੋ ਇਕੱਲੀ ਆਈਲੈਟਸ ਦੀ ਪ੍ਰੀਖਿਆ ਫੀਸ ਦੇ ਰੂਪ ਵਿਚ ਹੀ ਸਲਾਨਾ 425 ਕਰੋੜ ਦਿੰਦੇ ਹਨ।ਬ੍ਰਿਟਿਸ਼ ਕੌਸਲ ਅਤੇ ਆਈਡੀਪੀ ਨੇ ਪੰਜਾਬ ‘ਤੇ ਚੰਡੀਗੜ ਵਿਚ ਸੱਤ-ਸੱਤ ਪ੍ਰੀਖਿਆ ਕੇਂਦਰ ਖੋਲੇ ਹੋਏ ਹਨ ਜਿੰਨਾਂ ਵਿਚ ਬਠਿੰਡਾ,ਲੁਧਿਆਣਾ,ਮੋਗਾ,ਪਟਿਆਲਾ,ਅਮ੍ਰਤਿਸਰ,ਜਲੰਧਰ ਅਤੇ ਚੰਡੀਗੜ ਸ਼ਾਮਲ ਹਨ।ਆਉਣ ਵਾਲੇ ਸਮ੍ਹੇਂ ਵਿਚ ਪਤਾ ਨਹੀ ਇਹ ਗਿਣਤੀ ਕਿੱਥੇ ਤੱਕ ਪੁੱਜੇਗੀ।ਆਈਡੀਪੀ ਦੇ ਦੇਸ਼ ਵਿਚ ਕੁæਲ 40 ਪ੍ਰੀਖਿਆ ਕੇਂਦਰ ਹਨ।ਹਰ ਪ੍ਰੀਖਿਆ ਕੇਂਦਰ ਦੀ ਸਮਰੱਥਾ 300 ਤੋਂ 700 ਸੀਟਾਂ ਦੀ ਹੈ ਤੇ ਹਰ ਮਹੀਨੇ ਵਿਚ ਚਾਰ ਬਾਰ ਪ੍ਰੀਖਿਆ ਹੁੰਦੀ ਹੈ।ਔਸਤਨ ਪੰਜ ਸੌ ਸੀਟ ਮੰਨ ਚੱਲੀਏ ਤਾਂ ਹਰ ਮਹੀਨੇ ਪੰਜਾਬ ਵਿਚ 28 ਹਜਾਰ ਉਮੀਦਵਾਰ ਆਈਲੈਟਸ ਦੀ ਪ੍ਰੀਖਿਆ ਦਿੰਦਾ ਹੈ।ਆਈਲੈਟਸ ਦੀ ਪ੍ਰੀਖਿਆ ਫੀਸ ਪਹਿਲਾਂ 12650 ਤੇ ਹੁਣ 13000 ਰੁਪਏ ਹੈ ਜੋ ਕਿ ਦਸ ਸਾਲ ਪਹਿਲਾਂ ਇਹ ਫੀਸ 7200 ਰੁਪਏ ਹੁੰਦੀ ਸੀ।ਆਈ ਡੀ ਪੀ ਕਾਰੋਬਾਰ ਨੂੰ ਦੇਖਦੇ ਹੋਏ ਅਗਸਤ 2012 ਵਿਚ ਬਠਿੰਡਾ ਵਿਚ ਵੀ ਪ੍ਰੀਖਿਆ ਕੇਂਦਰ ਸ਼ੁਰੂ ਕਰ ਦਿੱਤਾ ਸੀ।ਨੌਜਵਾਨ ਹਰ ਮਹੀਨੇ 35 ਕਰੋੜ 32 ਤੋਂ 35 ਲੱਖ ਰੁਪਏ ਇਕੱਲੇ ਫੀਸ ਦੇ ਰੂਪ ਵਿਚ ਹੀ ਦੇ ਦਿੰਦੇ ਹਨ।
ਕੋਚਿੰਗ ਸੈਂਟਰਾਂ ਦੇ ਪ੍ਰਬੰਧਕਾਂ ਦੇ ਅਨੁਸਾਰ ਪੰਜਾਬ ਵਿਚ ਕਰੀਬ 30 ਤੋਂ 35 ਫੀਸਦੀ ਹੀ ਨੌਜਵਾਨ ਪ੍ਰੀਖਿਆ ਵਿਚ ਸਫਲ ਹੁੰਦੇ ਹਨ। ਬਹੁਤੇ ਪੇਂਡੂ ਨੌਜਵਾਨ ਤਿੰਨ-ਤਿੰਨ ਬਾਰ ਪ੍ਰੀਖਿਆ ਦੇਣ ਦੇ ਬਾਵਜੂਦ ਵੀ ਲੋੜੀਦੇ ਬੈਂਡ ਨਹੀ ਲੈ ਪਾਉਂਦੇ।ਆਈਲੈਟਸ ਦੀ ਕੋਵਿੰਗ ਫੀਸ 5000 ਤੋਂ ਲੈ ਕੇ 20 ਹਜਾਰ ਰੁਪਏ ਪ੍ਰਤੀ ਮਹੀਨਾ ਤੱਕ ਹੁੰਦੀ ਹੈ।ਪੰਜਾਬੀ ਮੀਡੀਅਮ ਸਕੂਲਾਂ ਵਾਲੇ ਨੌਜਵਾਨਾਂ ਨੂੰ ਤਿੰਨ ਤੋਂ ਚਾਰ ਮਹੀਨੇ ਕੋਚਿੰਗ ਲੈਣੀ ਪੈਂਦੀ ਹੈ।ਉਨ੍ਹਾਂ ਨੌਜਵਾਨਾ ਨੂੰ ਕੋਚਿੰਗ ‘ਤੇ ਫੀਸ ਦਾ ਕੁਲ ਖਰਚਾ ਕਰੀਬ 50 ਹਜਾਰ ਪੈਂਦਾ ਹੈ।ਇਕੱਲਾ ਕੋਚਿੰਗ ਖਰਚਾ ਔਸਤਨ ਵਿਦਿਆਰਥੀ ਤਾਂ 20 ਹਜਾਰ ਮੰਨੀਏ ਤਾਂ ਹਰ ਸਾਲ ਪ੍ਰੀਖਿਆ ਦੇਣ ਵਾਲੇ 3 ਕਰੌੜ 36 ਲੱਖ ਨੌਜਵਾਨ ਸਲਾਨਾ 672 ਕਰੋੜ ਰੁਪਏ ਕੋਚਿੰਗ ਸੈਂਟਰਾਂ ਦੀ ਫੀਸ ਦਾ ਭਰ ਦਿੰਦੇ ਹਨ।ਬਹੁਤੇ ਨੌਜਵਾਨਾਂ ਨੂੰ ਪੁੱਛਿਆ ਗਿਆ ਕਿ ਤੁਸੀ ਕਿਉਂ ਬਾਹਰਲੇ ਮੁਲਕ ਜਾਦੇ ਹੋ ‘ਉਧਰ ਕੀ ਪਿਆ ਹੈ’ ਤਾਂ ਉਸ ਦਾ ਜਵਾਬ ਸੀ ਕਿ ‘ਇਧਰ ਵੀ ਕੀ ਪਿਆ ਹੈ’।ਹਰ ਨੌਜਵਾਨ ਦੀ ਇਹੋ ਕਹਾਣੀ ਹੈ।ਪੰਜਾਬ ਵਿਚ ਕੁਲ ਆਈਲੈਟਸ ਕੋਚਿੰਗ ਸੈਂਟਰਾਂ ਦੀ ਗਿਣਤੀ ਕਰੀਬ 12 ਸਾਢੇ 12 ਸੌ ਬਣਦੀ ਹੈ।ਆਈਡੀਪੀ ਨਾਲ ਇਕੱਲੇ ਉਤਰੀ ਭਾਰਤ ਵਿਚ 910 ਰਜਿਸਟਰਡ ਕੋਚਿੰਗ ਸੈਂਟਰ ਹਨ।ਪੰਜਾਬ ਅਣਏਡਿਡ ਡਿਗਰੀ ਕਾਲਜ ਐਸੋਸੀਏਸ਼ਨ ਦੇ ਮੁੱਖ ਬੁਲਾਰੇ ਨੇ ਕਿਹਾ ਹੈ ਕਿ ਆਈਲੈਟਸ ਦੇ ਰੁਝਾਨ ਨੇ ਵੱਡੀ ਸੱਟ ਡਿਗਰੀ ਕਾਲਜਾਂ ਨੂੰ ਮਾਰੀ ਹੈ ਅਤੇ ਕਾਲਜ ਖਾਲੀ ਹੋ ਗਏ ਹਨ।
ਬੈਂਡਾਂ ਦੀ ਮੰਡੀ ਚੋਂ ਨਿਹੱਥੇ ਹੋਏ ਨੌਜਵਾਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਵਿਚ ਬਹੁਤ ਸਾਰੇ ਨੌਜਵਾਨ ਲੋੜੀਦੇ ਬੈਂਡ ਨਾ ਆਉਣ ਦੇ ਕਰਕੇ ਮੌਤ ਨੂੰ ਗਲੇ ਲਗਾ ਰਹੇ ਹਨ। ਤਾਜ਼ੀ ਘਟਨਾ ਮੋਗਾ ਜਿਲੇ ਦੀ ਹੈ ਜਿੱਥੇ ਇਕ ਵਿਦਿਆਰਥੀ ਨੇ ਲੋੜੀਦੇ ਬੈਂਡ ਨਾ ਆਉਣ ਕਰਕੇ ਖੁਦਕਸ਼ੀ ਕਰ ਲਈ ਹੈ। ਮਾਨਸਿਕ ਰੋਗਾਂ ਦੀ ਮਾਹਰ ਡਾਕਟਰ ਨਿਧੀ ਗੁਪਤਾ ਨੇ ਦੱਸਿਆ ਕਿ ਹਰ ਮਹੀਨੇ ਉਹਨਾਂ ਦੇ ਕੋਲ ਅਜਿਹੇ ਵਿਦਿਆਰਥੀ ਆ ਰਹੇ ਹਨ ਜਿੰਨ੍ਹਾਂ ਦੇ ਬੈਡਾਂ ਨੇ ਮਾਨਸਿਕ ਸੰਤੁਲਨ ਹਿਲਾ ਰੱਖਿਆ ਹੈ।
ਪੇਸ਼ਕਸ਼ :- ਅਮਰਜੀਤ ਚੰਦਰ, ਲੁਧਿਆਣਾ Mobile; 9417600014