ਅੱਤ ਮਾਰੇ ਮੱਤ

(ਸਮਾਜ ਵੀਕਲੀ)

– ਦੌਲਤਾ ਬਾਲੀ (ਬ੍ਰਮਿੰਘਮ)

ਚਾਰ ਸੌ ਪੰਜਾਹ ਸਾਲ ਪੁਰਾਣੀ ਮਸੀਤ ਛੇ ਦਸੰਬਰ 1992 ਨੂੰ ਢਾਹ ਕੇ ਹੁਣ ਪੰਜ ਅਗਸਤ 2020 ਨੂੰ ਉਸੇ ਥਾਂ ਉੱਪਰ ਰਾਮ ਮੰਦਰ ਬਣਾਉਣ ਲਈ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੜੀ ਹੀ ਧੂੰਮ-ਧਾਮ ਨਾਲ ਕਰੋੜਾਂ ਰੁਪੈ ਖਰਚ ਕੇ ਭੂਮੀ ਪੂਜਣ ਕੀਤਾ ਗਿਆ। ਭੂਮੀ ਪੂਜਣ ਦਾ ਸਾਰਾ ਪ੍ਰੋਗਰਾਮ ਦੇਖ ਕੇ ਕੋਈ ਧਾਰਮਿਕ ਸਮਾਗਮ ਦੀ ਥਾਂ ਲਗ ਰਿਹਾ ਸੀ ਜਿਵੇਂ ਕੋਈ ਧਨਾਢ ਵਿਅਕਤੀ ਆਪਣੇ ਕਿਸੇ ਇਕਲੋਤੇ ਤੇ ਲਾਡਲੇ ਪੁੱਤਰ ਨੂੰ ਵਿਆਹੁਣ ਆਇਆ ਹੋਵੇ। ਭੂਮੀ ਪੂਜਨ ਦੀਆਂ ਸਾਰੀਆਂ ਰਸਮਾਂ ਇਕ ਵਿਆਂਦੜ ਵਾਂਗ ਪੂਰੀ ਤਰ੍ਹਾਂ ਸਜ ਧੱਜ ਕੇ ਸੇਹਰੇ ਦੀ ਥਾਂ ਮੁਕਟ ਸਜਾ ਕੇ ਨੇਪਰੇ ਚਾੜੀਆਂ ਗਈਆਂ। ਦੂਲੇ ਰਾਜਾ ਦਾ ਟੌਹਰ-ਸੌਹਰ ਤੇ ਸ਼ਾਨ ਬਾਨ ਦੇਖਣ ਯੋਗ ਸੀ। ਬਰਾਤੀਆਂ ਵਾਂਗ ਮੋਹਣ ਭਾਗਵਤ ਤੋਂ ਲੈ ਕੇ ਹੋਰ ਵੀ ਕਈ ਉੱਚ ਹਸਤੀਆਂ ਵੀ ਸ਼ਾਮਲ ਹੋਈਆਂ। ਪਰ ਹਮੇਸ਼ਾਂ ਵਾਂਗ ਇਸ ਸ਼ੁਭ ਘੜੀ ਉੱਪਰ ਨੀਚਾਂ, ਚੰਡਾਲਾਂ ਤੇ ਸ਼ੂਦਰਾਂ ਨੂੰ ਇਸ ਮੌਕੇ ਤੋਂ ਦੂਰ ਹੀ ਰਖਿਆ ਗਿਆ। ਜਿਨ੍ਹਾਂ ਵਿੱਚ ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੌਬਿੰਦ, ਉਮਾ ਭਾਰਤੀ, ਕਲਿਆਣ ਸਿੰਘ, ਇਕ ਅਛੂਤਾਂ ਤੋਂ ਬਣਿਆਂ ਮਹਾਂ ਮੰਡਲੇਸ਼ਵਰ ਅਤੇ ਹੋਰ ਬਹੁਤ ਸਾਰੇ। ਇਸ ਸਮਾਗਮ ਵਿੱਚ ਪਹੁੰਚਣ ਲਈ ਇਨ੍ਹਾਂ ਨੇ ਜੋੜੇ ਜਾਮੇਂ ਤਾਂ ਪੂਰੀ ਤਰ੍ਹਾਂ ਤਿਆਰ ਕਰਕੇ ਰੱਖੇ ਹੋਏ ਸਨ, ਪਰ ਵਿਚਾਰੇ ਆਪਣੀ ਔਕਾਤ ਹੀ ਭੁੱਲ ਗਏ ਸਨ ਕਿ ” ਰਾਮ ਰਾਜ” ਦਾ ਮੁਢ ਬੰਨਣ ਵਿੱਚ ਇਨ੍ਹਾਂ ਨੀਚਾਂ, ਚੰਡਾਲਾਂ ਦਾ ਕੀ ਕੰਮ ਸੀ?

ਭੂਮੀ ਪੂਜਣ ਤੇ ਬਾਕੀ ਸਾਰੇ ਸ਼ਗਨ ਕਰਨ ਮਗਰੋਂ ਇਨ੍ਹਾਂ ਮਹਾਂ ਪੁਰਸ਼ਾਂ ਵੱਲੋਂ ਆਪਣੇ ਮੁਖਾਰਬਿੰਦਾਂ ਵਿੱਚੋਂ ਫੁੱਲ ਕਲੀਆਂ ਵਾਂਗ ਝੜਦੇ ਸ਼ੁਭ ਵੱਚਨ ਉਚਾਰਨ ਦੀ ਵਾਰੀ ਵੀ ਆਈ। ਮੋਹਨ ਭਾਗਵਤ ਨੇ ਕਿਹਾ ਹੁਣ ਦੇਸ਼ ਨਿਊ ਇੰਡੀਆ ਬਣਨ ਜਾ ਰਿਹਾ, ਅਤੇ ਹੋਰ ਬਹੁਤ ਸਾਰੀਆਂ ਬੇਤੁਕੀਆਂ ਕਹੀਆਂ। ਫਿਰ ਵਾਰੀ ਆਉਂਦੀ ਹੈ, ਮੁੱਖ ਪ੍ਰਾਹੁਣੇ ਦੀ, ਨਰਿੰਦਰ ਮੋਦੀ ਨੇ ਆਪਣੇ ਭਾਸ਼ਨ ਵਿੱਚ ਕੁੱਝ ਐਸੀਆਂ ਗਲ੍ਹਾਂ ਕਰ ਦਿਤੀਆਂ ਜਿਹੜੀਆਂ ਇਤਿਹਾਸਕ ਪੱਖ ਤੋਂ ਮੇਲ ਨਹੀਂ ਖਾਂਦੀਆਂ ਸਨ। ਮੋਦੀ ਨੇ ਪੰਜ ਅਗਸਤ ਦੀ ਪੰਦਰਾਂ ਅਗਸਤ ਨਾਲ ਤੁੱਲਨਾ ਕਰ ਦਿਤੀ, ਪੰਜ ਅਗਸਤ ਦਾ ਆਜ਼ਾਦੀ ਨਾਲ ਸਬੰਧ ਪੰਦਰਾਂ ਅਗਸਤ ਦਾ ਕੀ ਮੇਲ ਸੀ? ਫਿਰ ਉਸ ਨੇ ਕਹਿ ਦਿਤਾ ਕਿ ” ਸਿੱਖ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਰਾਮ ਚੰਦਰ ਦੇ ਪੁੱਤਰ ਲਵ ਦੇ ਵੰਸ ਵਿਚੋਂ ਸਨ”। ਉਹ ਇਥੇ ਹੀ ਨਹੀਂ ਰੁਕੇ ਪੂਰੀ ਸਪੀੜ ਪਕੜਦਿਆਂ ਬੰਦਾ ਕੋਈ ਪੁੱਠੀ ਸਿੱਧੀ ਗੱਲ ਕਹਿ ਦੇਵੇ ਤਾਂ ਗਲ ਹੋਰ ਹੈ, ਪਰ ਮੋਦੀ ਤਾਂ ਦੇਸ ਦੇ ਪ੍ਰਧਾਨ ਮੰਤਰੀ ਹਨ ਕੋਈ ਸਧਾਰਨ ਬੰਦਾ ਥੋੜੀ ਹੀ ਹੈ। ਉਹ ਪਹਿਲਾਂ ਵੀ ਇਤਿਹਾਸਕ ਤੱਥਾਂ ਨੂੰ ਅਣਗੋਲਿਆਂ ਕਰਕੇ ਅਵਾ-ਤਵਾ ਬੋਲ ਜਾਂਦਾ ਹੈ, ਉਹ ਗੱਲ ਹੋਰ ਹੁੰਦੀ ਹੈ, ਲੋਕ ਅਣਸੁਣੀ ਕਰ ਜਾਂਦੇ ਹਨ। ਪਰ ਇਹ ਟਿਪਣੀਆਂ ਲੋਕਾਂ ਦੇ ਧਾਰਮਿਕ ਜਜਬਾਤਾਂ ਨਾਲ ਸਬੰਧ ਰਖਦੀਆਂ ਹਨ, ਉਸ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਜਰੂਰ ਚਾਹੀਦਾ।

ਇਹ ਦੋਵੇਂ ਟਿਪਣੀਆਂ ਇਤਿਹਾਸਕ ਪੱਖ ਤੋਂ ਬਿਲਕੁਲ ਗਲਤ ਹਨ। ਇਸ ਕਰਕੇ ਸਾਰੇ ਦੇਸ ਅੰਦਰ ਸਿੱਖਾਂ ਤੇ ਬੋਧੀ ਅੰਬੇਡਕਰੀਆਂ ਵੱਲੋਂ ਇਸ ਗਲਤੀ ਦਾ ਭਰਪੂਰ ਵਿਰੋਧ ਕੀਤਾ ਗਿਆ ਅਤੇ ਮੋਦੀ ਦੀ ਖੂਬ ਕਿਰਕਿਰੀ ਹੋਈ। ਲੋਕ ਕਹਿ ਰਹੇ ਹਨ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਐਨਾ ਗੈਰ ਜਿੰਮੇਵਾਰ ਤੇ ਅਗਿਆਨੀ ਵੀ ਹੋ ਸਕਦਾ।

ਹੁਣ ਆਉਂਦੇ ਹਾਂ ” ਕੀ ਭਗਵਾਨ ਬੁੱਧ ਸ੍ਰੀ ਰਾਮ ਚੰਦਰ ਜੀ ਨਾਲ ਜੁੜੇ ਹੋਏ ਸਨ”। ਇਸ ਬਾਰੇ ਸਪਸ਼ਟ ਕਰਨਾ ਬਣਦਾ ਹੈ, ਕਿਉਂਕਿ ਇਹ ਇਕ ਇਤਿਹਾਸਕ ਪੱਖ ਬਣਦਾ ਹੈ। ਪਹਿਲਾਂ ਤੱਥ ਇਹ ਬਣਦਾ ਹੈ ਕਿ ਬੁੱਧ ਰਾਮ ਚੋਂ ਪਹਿਲਾ ਕੌਣ ਪੈਦਾ ਹੋਇਆ। ਦੂਜਾ ਤੱਥ ਇਹ ਬਣਦਾ ਹੈ ਪਹਿਲਾਂ ਜੰਮਣ ਵਾਲੇ ਨਾਲ ਬਾਦ ਵਿੱਚ ਜੰਮਣ ਵਾਲਾ ਤਾਂ ਜੁੜ ਸਕਦਾ ਹੈ ਪਰ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਬਾਦ ਵਿੱਚ ਜੰਮਣ ਵਾਲੇ ਨਾਲ ਪਹਿਲਾ ਜੰਮਣ ਵਾਲਾ ਜੁੜਿਆ ਹੋਵੇ। ਸੰਸਾਰ ਭਰ ਦੇ ਵਿਦਵਾਨਾਂ ਦਾ ਮੰਨਣਾ ਹੈ ਤਥਾਗਤ ਬੁੱਧ ਭਾਰਤ ਵਿੱਚ ਢਾਈ ਹਜ਼ਾਰ ਸਾਲ ਤੋਂ ਵੱਧ ਸਮਾਂ ਪਹਿਲਾਂ ਪੈਦਾ ਹੋਏ ਹਨ, ਅਤੇ ਬੁੱਧ ਦੀ ਹੋਂਦ ਨੂੰ ਇਕ ਇਤਿਹਾਸਕ ਘਟਨਾ ਮੰਨਦੇ ਹਨ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਬੁੱਧ ਦੇ ਜਨਮ, ਪ੍ਰੀਨਿਰਮਾਣ, ਗਿਆਨ ਪ੍ਰਾਪਤੀ, ਧੱਮ ਚੱਕਰ ਪ੍ਰੀਵਰਤਣ ਨਾਲ ਸਬੰਧਤ ਇਤਿਹਾਸਕ ਅਸਥਾਨ ਭਾਰਤ ਅੰਦਰ ਅੱਜ ਵੀ ਮੌਜੂਦ ਹਨ।

ਭਾਰਤ ਜਾਂ ਆਸ-ਪਾਸ ਦੇ ਦੇਸ਼ਾਂ ਵਿੱਚ ਕਿਤੇ ਵੀ ਖੁਦਾਈ-ਪੁੱਟਾਈ ਹੁੰਦੀ ਹੈ ਤਾਂ ਉਥੋਂ ਬੁੱਧ ਦੀਆਂ ਮੂਰਤੀਆਂ ਅਤੇ ਨਿਸ਼ਾਨੀਆਂ ਹੀ ਮਿਲਦੀਆਂ ਹਨ। ਜਿਥੇ ਤੁਸੀਂ ਰਾਮ ਮੰਦਰ ਬਣਾਉਣ ਲਈ ਭੂਮੀ ਪੂਜਾ ਕੀਤੀ ਹੈ ਉਥੋਂ ਵੀ ਬੁੱਧ ਦੀਆਂ ਮੂਰਤੀਆਂ ਤੇ ਬੁੱਧ ਨਾਲ ਸਬੰਧਤ ਵਸਤੂਆਂ ਹੀ ਮਿਲੀਆਂ ਹਨ।

ਰਮਾਇਣ ਦੀ ਭਾਰਤ ਦੇ ਬ੍ਰਾਹਮਣ ਸਮਾਜ ਅੰਦਰ ਬੜੀ ਮਾਨਤਾ ਹੈ, ਪਰ ਇਕ ਸਚਾਈ ਹੈ ਕਿ ਰਮਾਇਣ ਕੋਈ ਇਤਿਹਾਸਕ ਦਸਤਵੇਜ਼ ਨਹੀਂ ਅਤੇ ਇਹ ਇਕ ਕਾਲਪਨਿਕ ਪੁੱਸਤਕ ਹੈ। ਦੇਸ ਤੇ ਵਿਦੇਸ਼ੀ ਬਹੁਤ ਸਾਰੇ ਵਿਦਵਾਨਾਂ ਨੇ ਰਮਾਇਣ ਨੂੰ ਇਕ ਕਲਪਤ ਕਹਾਣੀ ਮੰਨਿਆ, ਜਿਨ੍ਹਾਂ ਵਿੱਚ ਭਾਰਤ ਦੇ ਭੂਤਪੂਰਵ ਰਾਸ਼ਟਰਪਤੀ ਰਾਧਾ ਕ੍ਰਿਸ਼ਨ ਵੀ ਸ਼ਾਮਲ ਹਨ। ਭਾਰਤ ਵਿੱਚ ਕਿਤੇ ਵੀ ਕਦੀ ਰਾਮ ਚੰਦਰ ਨਾਲ ਸਬੰਧਤ ਕੋਈ ਸਬੂਤ ਨਹੀਂ ਮਿਲਦੇ। ਇਹ ਮੰਨਣਾ ਹੀ ਪਵੇਗਾ ਜੇਕਰ ਰਮਾਇਣ ਕਲਪਤ ਕਹਾਣੀ ਹੈ ਤਾਂ ਉਸ ਦਾ ਮੁੱਖ ਪਾਤੱਰ ਸ੍ਰੀ ਰਾਮ ਚੰਦਰ ਵੀ ਕਲਪਤ ਹੀ ਹੈ, ਭਾਵ ਉਸ ਦੀ ਕੋਈ ਹੋਂਦ ਹੀ ਨਹੀਂ ਹੈ ਯਾਨੀ ਮੰਨਘੜਤ ਝੂਠੀ ਕਹਾਣੀ ਹੀ ਹੈ। ਮਿਸਾਲ ਵੱਜੋਂ ਚਲੋ ਮੰਨ ਲੈਂਦੇ ਹਾਂ ਕਿ ਸ੍ਰੀ ਰਾਮ ਚੰਦਰ ਭਾਰਤ ਵਿੱਚ ਹੋਇਆ ਸੀ। ਰਮਾਇਣ ਦੀ ਕਹਾਣੀ ਤਥਾਗਤ ਬੁੱਧ ਤੋਂ ਕੋਈ ਤੇਰਾਂ-ਚੌਦਾਂ ਸੌ ਸਾਲ ਬਾਦ ਲਿਖੀ ਗਈ। ਰਮਾਇਣ ਵਿੱਚ ਬੁੱਧ ਨੂੰ ਸਿਰ ਮੁੰਨਿਆ ਤੇ ਨਾਸਤਿਕ ਕਹਿ ਕੇ ਗਾਲੀ ਗਲੋਚ ਕੀਤੀ ਗਈ ਹੈ। ਭਾਰਤੀ ਇਤਿਹਾਸ ਦਸਦਾ ਹੈ ਬੁੱਧ ਨੇ ਬ੍ਰਾਹਮਣਵਾਦ ਦੇ ਢਾਂਚੇ ਦੀਆਂ ਚੂਲਾਂ ਹਿਲਾ ਕੇ ਰੱਖ ਦਿਤੀਆਂ ਸਨ। ਫਿਰ ਇਨ੍ਹਾਂ ਦੇ ਰਾਮ ਚੰਦਰ ਵਰਗੇ ਜਾਂ ਵਰਗੀ ਨਾਲ ਬੁੱਧ ਦੇ ਜੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦ ਰਮਾਇਣ ਬੁੱਧ ਤੋਂ ਬਾਦ ਲਿਖੀ ਗਈ ਹੈ ਤਾਂ ਰਮਾਇਣ ਦਾ ਪਾਤਰ ਵੀ ਬੁੱਧ ਤੋਂ ਬਾਦ ਹੀ ਜੰਮਿਆ ਮੰਨਿਆ ਜਾਵੇਗਾ। ਇਹ ਸਖਸ਼ ਜਦ ਵੀ ਬੋਲਦਾ ਇਤਿਹਾਸ ਨੂੰ ਪੁੱਠਾ ਗੇੜਾ ਹੀ ਦਿੰਦਾ ਹੈ, ਜਾਂ ਤਾਂ ਇਹ ਲੋਕਾਂ ਨੂੰ ਮੂਰਖ ਸਮਝਦਾ ਜਾਂ ਫਿਰ ਖੁਦ ਹੀ ਹੈ।

ਕੀ ਅਯੋਧਿਆ ਵਿਖੇ ਨਵੇਂ ਉਸਾਰੇ ਜਾ ਰਹੇ ਰਾਮ ਮੰਦਰ ਦੀਆਂ ਨੀਹਾਂ ਵਿੱਚ ਪਾਉਣ ਲਈ ‘ਬੁੱਧ ਗਯਾ’ (ਜਿਸ ਅਸਥਾਨ ਉੱਪਰ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ) ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਨਮ ਭੂਮੀ ” ਮਹੂ” ਮੱਧ ਪ੍ਰਦੇਸ਼ ਤੋਂ ਪਵਿੱਤਰ ਮਿੱਟੀ ਲੈ ਕੇ ਆਏ। ਇਹ ਇਨ੍ਹਾਂ ਨੇ ਬਹੁਤ ਹੀ ਦੁਸ਼ਟ ਤੇ ਨੀਚ ਕੰਮ ਕੀਤਾ ਹੈ। ਕਿਥੇ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਉੱਚੀ ਤੇ ਸੁੱਚੀ ਸੋਚ, ਕਿਥੇ ਰਾਮ ਚੰਦਰ ਦੀ ਗੰਦੀ ਗਲੀਜ਼ ਤੇ ਮਲੀਨ ਸੋਚ। ਇਹ ਦੋ ਵੱਖ-ਵੱਖ ਵਿਚਾਰਧਰਾਵਾਂ ਹਨ, ਇਨ੍ਹਾਂ ਦੋਵਾਂ ਵਿਚਾਰ ਧਰਾਵਾਂ ਦਾ ਮੇਲ ਹੋਣਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਤਥਾਗਤ ਬੁੱਧ ਤੇ ਬਾਬਾ ਸਾਹਿਬ ਅੰਬੇਡਕਰ ਨੇ ਤਾਂ ਹਿੰਦੂ ਧਰਮ ਨੂੰ ਮੁੱਢੋਂ ਹੀ ਨਕਾਰ ਦਿਤਾ ਸੀ। ਬਾਬਾ ਸਾਹਿਬ ਅੰਬੇਡਕਰ ਨੇ ਤਾਂ ਬਾਈ ਪ੍ਰਤਿਗਿਆਵਾਂ ਵਿੱਚ ਦੂਜੀ ਪ੍ਰਤਿਗਿਆ ਵਿੱਚ ਕਿਹਾ ਹੈ ” ਮੈਂ ਰਾਮ ਤੇ ਕ੍ਰਿਸ਼ਨ ਨੂੰ ਈਸ਼ਵਰ ਨਹੀਂ ਮੰਨਾਂਗਾ ਅਤੇ ਨਾਂ ਹੀ ਕਦੀ ਉਨ੍ਹਾਂ ਦੀ ਪੂਜਾ ਕਰਾਂਗਾ”। ਬਾਬਾ ਸਾਹਿਬ ਅੰਬੇਡਕਰ ਜੀ ਨੇ ਜਦ ਚੌਦਾਂ ਅਕਤੂਬਰ 1956 ਨੂੰ ਨਾਗਪੁਰ ਦੀਕਸ਼ਾ ਲਈ ਸੀ ਇਥੋਂ ਤੱਕ ਕਹਿ ਦਿਤਾ ਸੀ ” ਅੱਜ ਮੇਰਾ ਨਰਕ ਤੋਂ ਛੁੱਟਕਾਰਾ ਹੋ ਗਿਆ” ਇਨ੍ਹਾਂ ਦੋਵੇਂ ਵਿਚਾਰਧਾਰਾਵਾਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ, ਜਿਵੇਂ ਅਗ ਅਤੇ ਪਾਣੀ ਦਾ। ਪਾਣੀ ਆਪਣੇ ਸੁਭਾ ਅਨੁਸਾਰ ਲੋਕਾਂ ਦੇ ਪੀਣ ਉਪਰੰਤ ਠੰਡਕ ਪਹੁੰਚਾਉਂਦਾ ਹੈ ਅਤੇ ਮੰਨ ਨੂੰ ਸ਼ੀਤਲਤਾ। ਜਦਕਿ ਅੱਗ ਦਾ ਸੁਭਾ ਸਿਵਾਏ ਲੂਸਣ ਤੋਂ ਹੋਰ ਕੁੱਝ ਹੈ ਹੀ ਨਹੀਂ। ਇਸੇ ਤਰ੍ਹਾਂ ਬੁੱਧ ਵਿਚਾਰਧਾਰਾ ਲੋਕਾਈ ਨੂੰ ਸੁਖਸ਼ਾਂਤੀ,ਪਿਆਰ, ਮਿਤਰਤਾ, ਦਯਾ ਭਾਵ ਸਿਖਾਉਂਦੀ ਹੈ ਜਦਕਿ ਸ੍ਰੀ ਰਾਮ ਚੰਦਰ ਦੀ ਵਿਚਾਰਧਾਰਾ ਊੱਚ ਨੀਚ, ਜਾਤ-ਪਾਤ, ਛੂਤ ਛਾਤ, ਕਰਨਾ ਤੇ ਚਤੁਰ ਵਰਣ ਲਾਗੂ ਕਰਨ ਦੇ ਹੱਕ ਵਿੱਚ ਹੈ। ਬੇਕਸੂਰਾਂ ਦੇ ਕਤਲ ਕਰਨੇ, ਔਰਤਾਂ ਨਾਲ ਅਤਿਆਚਾਰ ਕਰਨਾ ਅਤੇ ਸ਼ਰਾਬਾਂ ਪੀਣੀਆਂ ਸਿਖਾਉਂਦੀ ਹੈ। ਜਦਕਿ ਇਕ ਮਹਾਂਪੁਰਸ਼ ਆਪਣੀ ਦੂਜੀ ਪ੍ਰਤਿਗਿਆ ਵਿੱਚ ਐਨੇ ਸਖਤ ਸ਼ਬਦ ਵਰਤ ਕੇ ਸ੍ਰੀ ਰਾਮ ਚੰਦਰ ਦੀ ਵਿਚਾਰਧਾਰਾ ਨੂੰ ਪਰੇ ਵਗਾਹ ਮਾਰਦਾ ਹੈ ਤਾਂ ਫਿਰ ਮਿੱਟੀ ਲਿਆਉਣ ਦੀ ਕੀ ਤੁੱਕ ਬਣਦੀ ਸੀ। ਇਹ ਤਾਂ ਨਿਰੀ ਨਿਰਲੱਜਤਾ ਦੀ ਸਿਖਰ ਹੈ।

ਉਸੇ ਆਪਣੇ ਭਾਸ਼ਨ ਵਿੱਚ ਮੋਦੀ ਨੇ ਸ੍ਰੀ ਰਾਮ ਚੰਦਰ ਦਾ ਗੁਣਗਾਣ ਕਰਦਿਆਂ ਕਿਹਾ ”ਰਾਮ ਚੰਦਰ ਜੀ ਅਹਿੰਸਾਵਾਦੀ” ਸਨ, ਦਿਆਲ, ਦੀਨ ਦੁੱਖੀਆਂ ਦੀ ਬਣਾਉਣ ਵਾਲਾ ਸੀ ਆਦਿ। ਰਾਮ ਚੰਦਰ ਦੇ ਅਹਿੰਸਾਵਾਦੀ ਹੋਣ ਦੇ ਜਾਂ ਨਾ ਹੋਣ ਦੇ ਸਾਰੇ ਭੇਦ ਰਮਾਇਣ ਵਿੱਚ ਲੁੱਕੇ ਬੈਠੇ ਹਨ ਸਿਰਫ ਲਭਣ ਦੀ ਲੋੜ ਹੈ। ਰਮਾਇਣ ਅਨੁਸਾਰ ਜਹਿਰਾ ਤੌਰ ਉਪਰ ਹਮਲੇ ਕਰਕੇ ਤਿੰਨ ਕਤਲ ਕੀਤੇ ਅਤੇ ਇਕ ਨੂੰ ਬਹੁਤ ਹੀ ਗੰਭੀਰ ਜਖ਼ਮੀ ਕੀਤਾ ਸੀ। ਜੇਕਰ ਅੱਜ ਉਸਦਾ ਇਹ ਕੇਸ ਕਿਸੇ ਅਦਾਲਤ ਵਿੱਚ ਹੁੰਦਾ ਤਾਂ ਫਾਂਸੀ ਦੇ ਖੰਭੇ ਉੱਪਰ ਲਟਕਦਾ ਹੁੰਦਾ। ਸ਼ੁਕਰ ਹੈ ਉਦੋਂ ਉਸਦਾ ਆਪਣਾ ” ਰਾਮ ਰਾਜ” ਸੀ, ਬੱਚ ਗਿਆ। ਜਿਹੜੇ ਤਿੰਨ ਕਤਲ ਕੀਤੇ ਉਹ ਕਰਮਵਾਰ ਇੰਵੇਂ ਹਨ, ਪਹਿਲਾ ਕਤਲ ਰਿਸ਼ੀ ਸ਼ੂੰਭਕ ਸੂਦਰ ਦਾ ਕਤਲ ਕੀਤਾ ਕਿਉਂਕਿ ਉਹ ਸ਼ੂਦਰ ਹੋ ਕੇ ਰੱਬ ਨੂੰ ਪਾਉਣ ਲਈ ਭਗਤੀ ਕਰਦਾ ਹੈ ਤਾਂ ਇਕ ਬ੍ਰਾਹਮਣ ਦਾ ਪੁੱਤਰ ਮਰ ਜਾਂਦਾ ਹੈ ਕਿਉਂਕਿ ਸ਼ੂਦਰ ਭਗਤੀ ਕਰਦਾ ਹੈ। ਇਹ ਬ੍ਰਾਹਮਣ ਰਾਜਾ ਸ੍ਰੀ ਰਾਮ ਚੰਦਰ ਕੋਲ ਜਾ ਕੇ ਫਰਿਆਦ ਕਰਕੇ ਆਖਦਾ ਹੈ ਕਿ ਰਾਜਨ ਤੇਰੇ ਰਾਜ ਵਿੱਚ ਸ਼ੂਦਰ ਭਗਤੀ ਕਰਨ ਲਗ ਪਏ ਹਨ ਇਸ ਲਈ ਮੇਰਾ ਪੁੱਤਰ ਮਰ ਗਿਆ ਹੈ। ਰਾਮ ਚੰਦਰ ਉਸੇ ਵੇਲੇ ਉਸ ਸ਼ੂੰਭਕ ਸ਼ੂਦਰ ਨੂੰ ਲੱਭਣ ਤੁਰ ਪਿਆ ਤਾਂ ਦੇਖਿਆ ਨਦੀਂ ਕਿਨਾਰੇ ਸਿਰ ਭਾਰ ਖੜਾ ਸ਼ੂਦਰ ਤਪਸਿਆ ਕਰ ਰਿਹਾ ਹੈ ਦੇਖਦੇ ਸਾਰ ਹੀ ਰਾਮ ਚੰਦਰ ਨੇ ਆਪਣੀ ਤਲਵਾਰ ਨਾਲ ਉਸ ਦਾ ਸਿਰ ਲਾਹ ਦਿਤਾ। ਉਸੇ ਵਕਤ ਉਸ ਬ੍ਰਾਹਮਣ ਦਾ ਪੁੱਤਰ ਜੀਵਤ ਹੋ ਗਿਆ। ਦੂਜੇ ਕਤਲ ਦੀ ਕਹਾਣੀ ਇਸ ਇਸ ਤਰ੍ਹਾਂ ਹੈ- ਹਿੰਦੂਆਂ ਦੇ ਇਕ ਬੜੇ ਵਡੇ ਦੇਵਤੇ ‘ਵਿਸ਼ਵਾ ਮਿੱਤਰ’ ਇਕ ਵਾਰ ਆਦਿਵਾਸੀ ਲੋਕਾਂ ਦੇ ਇਲਾਕੇ ਜੰਗਲ ਵਿੱਚ ਆਸ਼ਰਮ ਬਣਾ ਕੇ ਉਸ ਵਿੱਚ ਆਪਣੇ ਵਿਦਿਆਰਥੀਆਂ ਨੂੰ ਹਥਿਆਰ ਚਲਾਉਣ ਦੀ ਸਿਖਿਆ ਦੇ ਰਿਹਾ ਸੀ, ਤਦ ਉਸ ਇਲਾਕੇ ਦੀ ਇਕ ਆਦਿ ਵਾਸੀ ਔਰਤ ‘ਤਾੜਕਾ’ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਉਹ ਇਲਾਕਾ ਆਦਿਵਾਸੀਆਂ ਦਾ ਸੀ। ਏਨੀ ਹੀ ਗਲ ਉਪਰ ਸ੍ਰੀ ਰਾਮ ਚੰਦਰ ਉਸ ਮਜ਼ਲੂਮ ਔਰਤ ਤਾੜਕਾ ਦਾ ਕਤਲ ਕਰ ਦਿੰਦਾ ਹੈ। ਤੀਜਾ ਕਤਲ : ਬਾਲੀ ਤੇ ਸੁਗਰੀਵ ਦੇ ਭਰਾਵਾਂ ਦੇ ਝਗੜੇ ਵਿੱਚ ਰਾਮ ਚੰਦਰ ਨੇ ਬਗੈਰ ਕਿਸੇ ਦੋਸ਼ ਜਾਂ ਦੁਸ਼ਮਣੀ ਦੇ ਬਾਲੀ ਨੂੰ ਧੋਖੇ ਨਾਲ ਲੁਕ ਕੇ ਮਾਰਿਆ। ਇਕ ਹੋਰ ਘਟਨਾ ਅਨੁਸਾਰ ਰਾਵਣ ਦੀ ਭੈਣ ਸਰੂਪਨਖਾ ਰਾਮ ਕੋਲ ਜਾ ਕੇ ਵਿਆਹ ਦਾ ਪ੍ਰਸਤਾਵ ਰਖਦੀ ਹੈ ਰਾਮ ਚੰਦਰ ਤਲਵਾਰ ਨਾਲ ਉਸ ਦਾ ਨੱਕ ਵੱਡ ਦਿੰਦਾ ਹੈ। ਇਹ ਸਨ ਮੋਦੀ ਸਾਹਿਬ ਦੇ ਅਹਿੰਸਾਵਾਦੀ ਸ੍ਰੀ ਰਾਮ ਚੰਦਰ ਜੀ। ਮੋਦੀ ਜੀ ਜੇਕਰ ‘ ਅਹਿੰਸਾਵਾਦੀ’ ਦੀ ਪ੍ਰੀਭਾਸ਼ਾ ਤਿੰਨ ਕਤਲ ਅਤੇ ਇਕ ਨੂੰ ਗੰਭੀਰ  ਜਖ਼ਮੀ ਕਰਨਾ ਹੋ ਸਕਦੀ ਹੈ ਤਾਂ ਫਿਰ ‘ ਹਿੰਸਾਵਾਦੀ’ ਕਿਸ ਨੂੰ ਕਿਹਾ ਜਾਵੇ?

ਝੂਠ ਬੋਲ-ਬੋਲ ਕੇ ਰਾਮ ਚੰਦਰ ਨੂੰ ਇਹ ਲੋਕ ਜਿਨਾ ਮਰਜੀ ਪਾਲਿਸ਼ ਕਰਕੇ ਚਮਕਾਉਣ ਦੀ ਕੋਸ਼ਿਸ਼ ਕਰ ਲੈਣ ਪਰ ਸੱਚ ਛੁਪਾਇਆ ਨਹੀਂ ਜਾ ਸਕਦਾ। ਕਿਉਂਕਿ ਸੱਚ ਦਸਣ ਲਈ ਸਬੂਤ ਵਜੋਂ ਵਾਲਮੀਕ ਜੀ ਦੀ ਰਮਾਇਣ ਮੌਜੂਦ ਹੈ। ਉਹ ਦੁਹਾਈ ਪਾ ਪਾ ਕੇ ਕਹਿੰਦੀ ਹੈ ਰਾਮ ਚੰਦਰ ਝੂਠਾ ਫਰੇਬੀ, ਧੋਖੇਬਾਜ਼, ਸ਼ਰਾਬੀ ਕਬਾਬੀ, ਨਿਰਦਈ ਅਤੇ ਐਸ਼ ਪ੍ਰਸਤ ਰਾਜਾ ਸੀ। ਉਸ ਦੀਆਂ ਅੱਠ ਹਜਾਰ ਰਖੈਲਾਂ ਸਨ। ਉਸ ਦੇ ਰਾਜ ਅੰਦਰ ਬੇਇੰਨਸਾਫੀ, ਜੁਲਮ ਜਬਰ, ਛੂਤ ਛਾਤ ਤੇ ਚਤੁਰ ਵਰਣ ਉਪਰ ਸਖਤੀ ਨਾਲ ਅਮਲ ਕੀਤਾ ਜਾਂਦਾ ਸੀ ਅਤੇ ਔਰਤਾਂ ਉੱਪਰ ਜੁਲਮ ਦੀ ਅੱਤ ਹੋ ਚੁਕੀ ਸੀ। ਆਪ ਰੱਜ ਕੇ ਸ਼ਰਾਬ ਪੀਂਦਾ ਤੇ ਸੀਤਾ ਨੂੰ ਪਿਲਾਉਂਦਾ, ਫਿਰ ਮਦਹੋਸ਼ੀ ਦੀ ਹਾਲਤ ਵਿੱਚ ਨਚਾਰ ਔਰਤਾਂ ਨਾਲ ਖਰਮਸਤੀਆਂ ਕਰਦਾ। ਜਿਹੜਾ ਰਾਜਾ ਆਪਣਾ ਸਾਰਾ ਵਕਤ ਸਰਾਬੀ ਹੋ ਕੇ ਔਰਤਾਂ ਨਾਲ ਮੌਜ ਮਸਤੀ ਵਿੱਚ ਹੀ ਗੁਜਾਰ ਦਿੰਦਾ ਹੋਵੇ ਤਾਂ ਉਹ ਪਰਜਾ ਦੀਆਂ ਸਮਸਿਆਵਾਂ ਦਾ ਕੀ ਹਲ ਕਰਦਾ ਹੋਵੇਗਾ। ਅੱਜ ਦਾ ਬ੍ਰਾਹਮਣ ਲਾਣਾ ਵੀ ਇਸ ਨੂੰ ਹੀ ‘ ਰਾਮ ਰਾਜ’ ਕਹਿ ਰਿਹਾ। ਕੀ ਇਹੋ ਜਿਹਾ ਹੀ ‘ ਰਾਮ ਰਾਜ’ ਭਾਰਤ ਨੂੰ ਅੱਜ ਫਿਰ ਚਾਹੀਦਾ ਹੈ?

ਅਜ ਦੇਸ ਬਹੁਤ ਹੀ ਗੰਭੀਰ ਦੌਰ ਵਿੱਚ ਗੁਜਰ ਰਿਹਾ ਹੈ ਇਸ ਮੋਦੀ ਸਰਕਾਰ ਨੇ ਦੇਸ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਅਸਥਿਰਤਾ ਦੇ ਮੋੜ ਉਪਰ ਲਿਆ ਕੇ ਖੜਾ ਕਰ ਦਿਤਾ। ਦੇਸ਼ ਦਾ ਕੋਈ ਵੀ ਨਾਗਰਿਕ ਅਤੇ ਖਾਸ ਕਰਕੇ ਔਰਤਾਂ, ਆਪਣੇ ਆਪ ਨੂੰ ਸੁਰਖਿਅਤ ਨਹੀਂ ਸਮਝ ਰਿਹਾ। ਅਸਮਾਨ ਛੂੰਹਦੀ ਮਹਿੰਗਾਈ, ਵੱਡੀ ਖੋਰੀ, ਲੁੱਟ ਖੋਹ ਚਾਰੇ ਪਾਸੇ ਛਾਈ ਪਈ ਆ। ਸੜਕਾਂ ਦਾ ਬੁਰਾ ਹਾਲ ਤੇ ਆਵਜਾਈ ਉੱਪਰ ਕੋਈ ਕੰਟਰੋਲ ਨਹੀਂ। ਗਰੀਬ ਗੁਰਬੇ ਦਲਿਤ ਭਾਈਚਾਰੇ ਦੀ

ਕਿਸੇ ਪਾਸੇ ਕੋਈ ਵੀ ਢੋਈ ਨਹੀਂ, ਨਾ ਕੋਈ ਕੰਮਕਾਰ ਨਾ ਨੌਕਰੀ ਅਤੇ ਰਾਖਵਾਂਕਰਨ ਸਭ ਬੰਦ ਕਰ ਦਿਤਾ। ਚੋਰ ਲੁਟੇਰੇ ਦੇਸ਼ ਦਾ ਧੰਨ ਲੁੱਟ ਕੇ ਬਾਹਰ ਭੱਜੀ ਜਾਂਦੇ ਕੋਈ ਉਨ੍ਹਾਂ ਨੂੰ ਪੁਛਣ ਵਾਲਾ ਨਹੀਂ। ਰਾਖੀ ਲਈ ਬਿਠਾਈ ਹੋਈ ਕੁੱਤੀ ਚੋਰਾਂ ਨਾਲ ਰਲੀ ਹੋਈ ਸਾਫ ਦਿਸਦੀ ਹੈ। ਇਸ ਲੋਕ ਦੋਖੀ ਭਾਰਤ ਸਰਕਾਰ ਵੱਲੋਂ ਇਨ੍ਹਾਂ ਸਾਰੇ ਸੰਜੀਦਾ ਮਸਲਿਆਂ ਵੱਲੋਂ ਲੋਕਾਂ ਦਾ ਧਿਆਨ ਰਾਮ ਮੰਦਰ ਵੱਲ ਮੋੜ ਦਿਤਾ। ਜਿਵੇਂ ਗਰੀਬ, ਭੁੱਖ ਨੰਗ ਅਤੇ ਹੋਰ ਸਾਰੇ ਮਸਲਿਆਂ ਦਾ ਹਲ ਇਸ ਮੰਦਰ ਨੇ ਹੀ ਕਰਨਾ। ਦੇਸ ਉੱਪਰ ਪੂੰਜੀਪਤੀਆਂ ਦੀ ਪਕੜ ਮਜਬੂਤ ਹੋਈ ਹੈ ਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਗੱਫੇ ਦਿਤੇ ਜਾ ਰਹੇ ਹਨ ਅਤੇ ਗਰੀਬਾਂ ਨੂੰ ਫਾਕੇ। ਸਿਆਸਤ ਦਾ ਪੂਰੀ ਤਰ੍ਹਾਂ ਦਿਵਾਲਾ ਨਿਕਲ ਚੁੱਕਾ। ਉੱਚੇ ਅਹੁਦਿਆਂ ਉਪਰ ਬੌਨੇ ਲੋਕ ਬੈਠ ਗਏ ਹਨ। ਹਰੇਕ ਉੱਚੀ ਕੁਰਸੀ ਉੱਪਰ ਬੈਠਾ ਬੰਦਾ ਦੋਹਾਂ ਹੱਥਾਂ ਨਾਲ ਲੁੱਟ ਰਿਹਾ। ਕਿਸੇ ਵੀ ਪਾਰਟੀ ਜਾਂ ਲੀਡਰ ਦਾ ਕੋਈ ਸਿਧਾਂਤ ਨਹੀਂ ਰਹਿ ਗਿਆ, ਸਾਰਾ ਹੀ ਢਲਵਾਂ ਮਾਲ ਹੈ, ਅੱਜ ਇਧਰ ਤੇ ਕੱਲ ਨੂੰ ਉਧਰ ਨਜ਼ਰ ਆਉਂਦੇ ਹਨ। ਜਿਹੜੇ ਇਕ ਥਾਂ ਟਿਕੇ ਹੋਏ ਹਨ ਉਨ੍ਹਾਂ ਨੂੰ ਮੋਦੀ ਨੇ ਬੋਲਣ ਯੋਗ ਨਹੀਂ ਛੱਡਿਆ, ਉਹ ਮੋਦੀ ਦੀ ਹਾਂ ਵਿੱਚ ਹਾਂ ਮਿਲਾਉਣ ਲਈ ਮਜ਼ਬੂਰ ਹਨ। ਲੋਕਤੰਤਰ ਦਾ ਭੋਗ ਪੈ ਰਿਹਾ ਅਤੇ ਉਸਤਰਾ ਬਾਂਦਰ ਦੇ ਹੱਥ ਆ ਚੁੱਕਾ ਹੈ। ਸੰਸਾਰ ਯੁੱਧ ਸਮੇਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹੇ ਚਰਚਲ ਨੇ ਭਾਰਤ ਦੇ ਭਵਿਖ ਵਾਰੇ ਬਹੁਤ ਅਹਿਮ ਟਿਪਣੀ ਕੀਤੀ ਸੀ ਕਿ ‘ ਭਾਰਤ ਦੀ ਸੱਤਾ ਦੁਸ਼ਟਾਂ ਤੇ ਬਦਮਾਸ਼ਾਂ ਅਤੇ ਡਕੈਤਾਂ ਦੇ ਹੱਥ ਵਿੱਚ ਚਲੀ ਜਾਵੇਗੀ। ਸਾਰੇ ਭਾਰਤੀ ਨੇਤਾ ਨਲਾਇਕ ਤੇ ਕਮਜੋਰ ਹੋਣਗੇ। ਉਨ੍ਹਾਂ ਦੀ ਜਬਾਨ ਮਿੱਠੀ ਤੇ ਦਿਲ ਕਾਲੇ ਹੋਣਗੇ। ਉਹ ਰਾਜਸੀ ਸੱਤਾ ਲਈ ਆਪਸ ਵਿੱਚ ਲੜਨਗੇ ਅਤੇ ਭਾਰਤ ਸਿਆਸੀ ਝਗੜਿਆਂ ਵਿੱਚ ਡੁੱਬ ਜਾਵੇਗਾ”। ਜਿਹੜੀ ਕੁੱਕੜ ਖੇਹ ਭਾਰਤੀ ਲੀਡਰ ਉੜਾ ਰਹੇ ਹਨ ਇਹ ਸਾਰਾ ਕੁੱਝ ਵੇਖ ਲੋਕਾਂ ਨੂੰ ਲਗਦਾ ਨਹੀਂ ਕਿ ਚਰਚਲ ਸਾਹਿਬ ਦੇ ਕਹੇ ਹੋਏ ਸ਼ਬਦ ਅਮਲ ਵੱਲ ਵੱਧ ਰਹੇ ਹਨ।

Previous articleMysuru zoo gets 3 cheetahs from South Africa
Next articleLegendary K’taka cricket pitch curator Kasturirangan passes away