ਜੰਮੂ : ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਪੁਲਵਾਮਾ ਦੇ ਤ੍ਰਾਲ ‘ਚ ਹਿਜ਼ਬੁਲ ਮੁਜਾਹਦੀਨ ਦੇ ਤਿੰਨ ਖ਼ਤਰਨਾਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੁਕਾਬਲੇ ਵਾਲੀ ਥਾਂ ਤੋਂ ਭਾਰੀ ਮਾਤਰਾ ਵਿਚ ਗੋਲ਼ਾ ਬਾਰੂਦ ਬਰਾਮਦ ਕੀਤਾ ਗਿਆ ਹੈ। ਉਧਰ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਸੁਰੱਖਿਆ ਬਲਾਂ ਨੂੰ ਤ੍ਰਾਲ ਦੇ ਗੁਲਸ਼ਨਪੋਰਾ ਖੇਤਰ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਪੁਖ਼ਤਾ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ, ਫ਼ੌਜ ਤੇ ਸੀਆਰਪੀਐੱਫ ਦੇ ਸਾਂਝੇ ਦਸਤੇ ਨੇ ਪਿੰਡ ਨੂੰ ਘੇਰ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਘਰ ਵਿਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਦੇਖ ਕੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਘੰਟੇ ਤਕ ਚੱਲੇ ਮੁਕਾਬਲੇ ਪਿੱਛੋਂ ਦੁਪਹਿਰ ਦੋ ਵਜੇ ਗੋਲ਼ੀਬਾਰੀ ਬੰਦ ਹੋਈ ਤਾਂ ਉੱਥੇ ਅੱਤਵਾਦੀਆਂ ਦੀਆਂ ਲਾਸ਼ਾਂ ਪਈਆਂ ਸਨ ਜਿਨ੍ਹਾਂ ਦੀ ਪਛਾਣ ਪਿੰਡ ਸੀਰ ਦੇ ਉਮਰ ਫਿਆਜ਼ ਲੋਨ ਉਰਫ਼ ਹਾਮਿਦ ਖ਼ਾਨ, ਮੋਂਗਹਾਮਾ ਦੇ ਆਦਿਲ ਬਸ਼ੀਰ ਮੀਰ ਉਰਫ਼ ਅਬੂ ਦੁਜਾਨਾ ਤੇ ਫੈਜ਼ਾਨ ਹਮੀਦ ਦੇ ਰੂਪ ਵਿਚ ਹੋਈ। ਮੁਕਾਬਲੇ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੂੰ ਭਾਰੀ ਮਾਤਰਾ ਵਿਚ ਗੋਲ਼ਾ-ਬਾਰੂਦ ਵੀ ਮਿਲਿਆ। ਮੁਕਾਬਲੇ ਦੌਰਾਨ ਕਾਫ਼ੀ ਗਿਣਤੀ ਵਿਚ ਇਕੱਤਰ ਹੋਏ ਸ਼ਰਾਰਤੀ ਤੱਤਾਂ ਨੇ ਇਕੱਠਿਆਂ ਹੋ ਕੇ ਨਾਅਰੇਬਾਜ਼ੀ ਕਰਦਿਆਂ ਪੱਥਰਬਾਜ਼ੀ ਵੀ ਕੀਤੀ। ਇਨ੍ਹਾਂ ਸ਼ਰਾਰਤੀਆਂ ਨੂੰ ਸੁਰੱਖਿਆ ਬਲਾਂ ਨੇ ਤਿੱਤਰ-ਬਿੱਤਰ ਕਰ ਦਿੱਤਾ।
INDIA ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਅੱਤਵਾਦੀਆਂ ਨੇ ਇਕੱਠਾ ਕੀਤਾ ਸੀ ਫਲ਼, ਸਬਜ਼ੀਆਂ, ਦਰੀਆਂ,...