ਜੰਡਿਆਲਾ ਗੁਰੂ ਇੱਥੋਂ ਨੇੜੇ ਸਥਿਤ ਪਿੰਡ ਟਾਂਗਰਾ ਦੇ ਬਿਜਲੀ ਘਰ ਵਿੱਚ ਰਿਕਾਰਡ ਵਾਲੇ ਕਮਰੇ ਨੂੰ ਅੱਗ ਲੱਗਣ ਕਾਰਨ ਉਥੇ ਪਿਆ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ।ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਐਕਸੀਐਨ ਜੰਡਿਆਲਾ ਗੁਰੂ ਮਨਿੰਦਰ ਪਾਲ ਸਿੰਘ ਨੇ ਦੱਸਿਆ ਬੀਤੀ ਦੇਰ ਰਾਤ ਪੀਐੱਸਪੀਸੀਐੱਲ ਦੇ ਦਫ਼ਤਰ ਟਾਂਗਰਾ ਵਿੱਚ ਅੱਗ ਲੱਗ ਗਈ ਜਿਸ ਦੀ ਸੂਚਨਾ ਸਵੇਰੇ ਉਨ੍ਹਾਂ ਨੂੰ ਕਰੀਬ ਅੱਠ ਵਜੇ ਮਿਲੀ। ਜਿਸ ’ਤੇ ਤੁਰੰਤ ਉਨ੍ਹਾਂ ਨੇ ਐੈੱਸਡੀਓ ਟਾਂਗਰਾ ਅਵਤਾਰ ਸਿੰਘ ਨੇ ਸਭ ਤੋਂ ਪਹਿਲਾਂ ਪਾਵਰ ਸਪਲਾਈ ਬੰਦ ਕਰਵਾਈ ਅਤੇ ਉੱਥੇ ਮੌਜੂਦ ਅੱਗ ਬਝਾਉਣ ਵਾਲੇ ਯੰਤਰਾਂ ਨਾਲ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦੇਰ ਰਾਤ ਲੱਗੀ ਹੋਣ ਕਾਰਨ ਸਵੇਰੇ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਉਦੋਂ ਤੱਕ ਉੱਥੇ ਪਿਆ ਸਾਰਾ ਰਿਕਾਰਡ ਸੜ ਕੇ ਸਵਾਹ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚ ਕਮਰਸ਼ੀਅਲ ਕੁਨੈਕਸ਼ਨਾਂ ਨਾਲ ਸਬੰਧਤ ਤੇ ਕੈਸ਼ ਨਾਲ ਸਬੰਧਿਤ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਤ ਵੇਲੇ ਮੌਕੇ ਉੱਪਰ ਚੌਕੀਦਾਰ ਵੀ ਮੌਜੂਦ ਨਹੀਂ ਸੀ। ਇਸ ਬਾਰੇ ਐੱਸਡੀਓ ਅਵਤਾਰ ਸਿੰਘ ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਚੌਕੀਦਾਰ ਦੇ ਰਾਤ ਨੂੰ ਬਿਜਲੀ ਦਫ਼ਤਰ ਵਿੱਚ ਮੌਜੂਦ ਨਾ ਹੋਣ ਦੇ ਮਾਮਲੇ ਵਿੱਚ ਉਸ ਨੂੰ ਸਸਪੈਂਡ ਕਰਨ ਲਈ ਉੱਚ ਅਧਿਕਾਰੀਆਂ ਨੂੰ ਸਿਫਾਰਿਸ਼ ਕਰ ਦਿੱਤੀ ਗਈ ਹੈ। ਐੱਸਡੀਓ ਅਵਤਾਰ ਸਿੰਘ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਲੱਗੀ ਹੈ। ਸੜੇ ਹੋਏ ਰਿਕਾਰਡ ਬਾਰੇ ਐੱਸਡੀਓ ਨੇ ਕਿਹਾ ਕਿ ਇਸ ਨੂੰ ਬਹੁਤ ਜਲਦੀ ਹੀ ਅਪਡੇਟ ਕਰ ਦਿੱਤਾ ਜਾਵੇਗਾ ਕਿਉਂਕਿ ਆਨਲਾਈਨ ਰਿਕਾਰਡ ਹਮੇਸ਼ਾ ਮਹਿਕਮੇ ਕੋਲ ਹੁੰਦਾ ਹੈ, ਜਿਸ ਨਾਲ ਰਿਕਾਰਡ ਅਪਡੇਟ ਕੀਤਾ ਜਾ ਸਕਦਾ ਹੈ ਪਰ ਨਵਾਂ ਰਿਕਾਰਡ ਬਣਾਉਣ ਵਿੱਚ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ। ਦੱਸਣਯੋਗ ਹੈ ਇਹ ਬਿਜਲੀ ਘਰ ਪਿੰਡ ਤੋਂ ਬਾਹਰਵਾਰ ਬਿਲਕੁਲ ਉਜਾੜ ਜਗ੍ਹਾ ’ਤੇ ਬਣਿਆ ਹੋਇਆ ਹੈ ਤੇ ਇਸ ਦੀ ਕੋਈ ਚਾਰਦੀਵਾਰੀ ਵਗੈਰਾ ਵੀ ਨਹੀਂ ਹੈ ਜਿਸ ਕਾਰਨ ਇੱਥੇ ਚੋਰੀ ਤੇ ਹੋਰ ਘਟਨਾਵਾਂ ਦਾ ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ।
INDIA ਅੱਗ ਲੱਗਣ ਕਾਰਨ ਬਿਜਲੀ ਘਰ ਦਾ ਸਾਰਾ ਰਿਕਾਰਡ ਸੜਿਆ